ਨਿਊਯਾਰਕ ’ਚ ਇੱਕ ਅਪਾਰਟਮੈਂਟ ’ਚ ਅੱਗ ਲੱਗਣ ਕਾਰਨ 9 ਬੱਚਿਆਂ ਸਮੇਤ 19 ਲੋਕਾਂ ਦੀ ਮੌਤ

266
Share

ਨਿਊਯਾਰਕ, 10 ਜਨਵਰੀ (ਰਾਜ ਗੋਗਨਾ/ਪੰਜਾਬ ਮੇਲ)- ਨਿਊਯਾਰਕ ਸਿਟੀ ਦੇ ਬਰੌਂਕਸ ਵਿਚ ਇੱਕ ਅਪਾਰਟਮੈਂਟ ਵਿਚ ਕਥਿਤ ਤੌਰ ’ਤੇ ਨੁਕਸਦਾਰ ‘ਇਲੈਕਟਿ੍ਰਕ ਸਪੇਸ ਹੀਟਰ’ ਕਾਰਨ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ’ਚ 9 ਬੱਚਿਆਂ ਸਮੇਤ 19 ਲੋਕਾਂ ਦੀ ਮੌਤ ਹੋ ਗਈ। ਨਿਊਯਾਰਕ ਫਾਇਰ ਡਿਪਾਰਟਮੈਂਟ (ਐੱਫ.ਡੀ.ਐੱਨ.ਵਾਈ.) ਦੇ ਕਮਿਸ਼ਨਰ ਡੇਨੀਅਲ ਨਿਗਰੋ ਨੇ ਐਤਵਾਰ ਨੂੰ ਦੱਸਿਆ ਕਿ ਇਮਾਰਤ ਦੀ ਦੂਜੀ ਅਤੇ ਤੀਜੀ ਮੰਜ਼ਿਲ ਅੱਗ ਨਾਲ ਸੜ ਗਈ। ਮੇਅਰ ਐਰਿਕ ਐਡਮਜ਼, ਗਵਰਨਰ ਕੈਥੀ ਹੋਚੁਲ ਅਤੇ ਅਮਰੀਕੀ ਸੈਨੇਟਰ ਚਾਰਲਸ ਸ਼ੂਮਰ ਮੌਕੇ ’ਤੇ ਪਹੁੰਚੇ।
ਮੇਅਰ ਐਡਮਸ ਦੇ ਸੀਨੀਅਰ ਸਲਾਹਕਾਰ ਸਟੀਫਨ ਰਿੰਗਲ ਨੇ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਹਾਦਸੇ ’ਚ ਜਾਨ ਗਵਾਉਣ ਵਾਲੇ ਬੱਚਿਆਂ ਦੀ ਉਮਰ 16 ਸਾਲ ਜਾਂ ਇਸ ਤੋਂ ਘੱਟ ਸੀ। ਕਮਿਸ਼ਨਰ ਨੇਗਰੋ ਨੇ ਦੱਸਿਆ ਕਿ 13 ਲੋਕ ਹਸਪਤਾਲ ’ਚ ਦਾਖਲ ਹਨ ਅਤੇ ਸਾਰਿਆਂ ਦੀ ਹਾਲਤ ਗੰਭੀਰ ਹੈ। ਜ਼ਿਆਦਾਤਰ ਪੀੜਤਾਂ ਦੇ ਸਰੀਰ ਅੰਦਰ ਸਾਹ ਲੈਂਦੇ ਹੋਏ ਧੂੰਆਂ ਦਾਖਲ ਹੋ ਗਿਆ। ਮੇਅਰ ਐਡਮਜ਼ ਨੇ ਇਸ ਘਟਨਾ ਨੂੰ ‘ਭਿਆਨਕ’ ਦੱਸਿਆ ਅਤੇ ਕਿਹਾ ਕਿ ਇਹ ਆਧੁਨਿਕ ਸਮੇਂ ਵਿਚ ਸਭ ਤੋਂ ਭਿਆਨਕ ਅੱਗਾਂ ਵਿਚੋਂ ਇੱਕ ਹੋਣ ਜਾ ਰਹੀ ਹੈ। ਅੱਗ ਬੁਝਾਉਣ ਵਾਲਿਆਂ ਨੂੰ ਹਰ ਮੰਜ਼ਿਲ ’ਤੇ ਅਜਿਹੇ ਪੀੜਤ ਮਿਲੇ, ਜਿਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ ਜਾਂ ਸਾਹ ਲੈਣ ਵਿਚ ਤਕਲੀਫ਼ ਹੋਈ ਸੀ।
ਉਨ੍ਹਾਂ ਨੇ ਕਿਹਾ ਕਿ ਐਤਵਾਰ ਸਵੇਰੇ 11 ਵਜੇ ਦੇ ਕਰੀਬ 181 ਸਟਰੀਟ ’ਤੇ ਕਰੀਬ 200 ਫਾਇਰ ਫਾਈਟਰਾਂ ਨੂੰ ਸਾਈਟ ’ਤੇ ਭੇਜਿਆ ਗਿਆ। ਅੱਗ 19 ਮੰਜ਼ਿਲਾ ਇਮਾਰਤ ਦੀ ਤੀਜੀ ਮੰਜ਼ਿਲ ਤੋਂ ਸ਼ੁਰੂ ਹੋਈ, ਜੋ ਬਾਅਦ ਵਿਚ ਦੂਜੀ ਮੰਜ਼ਿਲ ਤੱਕ ਫੈਲ ਗਈ ਅਤੇ ਹੌਲੀ-ਹੌਲੀ ਪੂਰੀ ਇਮਾਰਤ ਵਿਚ ਧੂੰਆਂ ਭਰ ਗਿਆ। ਨੀਗਰੋ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਨਿਊਯਾਰਕ ਸਿਟੀ ਫਾਇਰ ਡਿਪਾਰਟਮੈਂਟ ਦੇ ਅਨੁਸਾਰ, ਇਸ ਭਿਆਨਕ ਅੱਗ ਕਾਰਨ ਘੱਟੋ-ਘੱਟ 63 ਲੋਕ ਜ਼ਖਮੀ ਵੀ ਹੋਏ ਹਨ ਅਤੇ 32 ਦੇ ਕਰੀਬ ਲੋਕਾਂ ਨੂੰ ਸੱਟਾਂ ਲੱਗੀਆਂ। ਇਸ ਸੰਬੰਧ ’ਚ ਮੇਅਰ ਐਰਿਕ ਐਡਮਜ਼ ਨੇ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਚਿੰਤਾ ਵੀ ਜਿਤਾਈ। ਐੱਫ.ਡੀ.ਐੱਨ.ਵਾਈ. ਕਮਿਸ਼ਨਰ ਡੈਨੀਅਲ ਨਿਗਰੋ ਨੇ ਬ੍ਰੌਂਕਸ ’ਚ ਇੱਕ ਬਲਦੀ ਇਮਾਰਤ ਵਿਚੋਂ ਲੋਕਾਂ ਨੂੰ ਬਚਾਉਣ ਦੇ ਯਤਨਾਂ ਦਾ ਵੇਰਵਾ ਵੀ ਦਿੱਤਾ। ਕੁਝ ਦਿਨ ਪਹਿਲਾਂ ਫਿਲਾਡੇਲਫੀਆ ਵਿਚ ਇੱਕ ਘਰ ਵਿਚ ਅੱਗ ਲੱਗਣ ਕਾਰਨ ਅੱਠ ਬੱਚਿਆਂ ਸਮੇਤ 12 ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ 1989 ਵਿਚ ਟੈਨੇਸੀ ਦੇ ਇੱਕ ਅਪਾਰਟਮੈਂਟ ਬਿਲਡਿੰਗ ’ਚ ਲੱਗੀ ਭਿਆਨਕ ਅੱਗ ਵਿਚ 16 ਲੋਕਾਂ ਦੀ ਜਾਨ ਚਲੀ ਗਈ ਸੀ।

Share