ਨਿਊਯਾਰਕ ਕਬੱਡੀ ਕੱਪ ਦੀ ਸਫਲਤਾ ਲਈ ਵਧਾਈਆਂ : ਗਾਖਲ

105
-‘ਕਬੱਡੀ ਦੀ ਚੜ੍ਹਦੀ ਕਲਾ ਲਈ ਇਹੋ ਜਿਹੇ ਖੇਡ ਮੇਲੇ ਹਰ ਥਾਂ ਹੋਣੇ ਚਾਹੀਦੇ’
ਯੂਨੀਅਨ ਸਿਟੀ, 13 ਜੁਲਾਈ (ਪੰਜਾਬ ਮੇਲ)- ਗਾਖਲ ਗਰੁੱਪ ਦੇ ਸਰਪ੍ਰਸਤ ਸ. ਅਮੋਲਕ ਸਿੰਘ ਗਾਖਲ ਨੇ ਨਿਊਯਾਰਕ ਕਬੱਡੀ ਕੱਪ ਦੀ ਸਫਲਤਾ ਲਈ ਨਿਊਯਾਰਕ ਕਬੱਡੀ ਕਲੱਬ ਦੇ ਪ੍ਰਬੰਧਕਾਂ, ਦਰਸ਼ਕਾਂ ਅਤੇ ਖਿਡਾਰੀਆਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਕਬੱਡੀ ਦੀ ਚੜ੍ਹਦੀ ਕਲਾ ਲਈ ਇਹੋ ਜਿਹੇ ਖੇਡ ਮੇਲੇ ਹਰ ਥਾਂ ਹੋਣੇ ਚਾਹੀਦੇ ਹਨ। ਉਨ੍ਹਾਂ ਟੂਰਨਾਮੈਂਟ ਦੀ ਜੇਤੂ ਟੀਮ ਸ਼ਹੀਦ ਬਾਬਾ ਦੀਪ ਸਿੰਘ ਫਤਿਹ ਕਲੱਬ ਦੇ ਖਿਡਾਰੀਆਂ ਅਤੇ ਪ੍ਰਬੰਧਕਾਂ ਰਣਧੀਰ ਸਿੰਘ ਨਿੱਝਰ, ਸੰਦੀਪ ਸਿੰਘ ਜੰਟੀ ਨੂੰ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ ਅਤੇ ਆਉਣ ਵਾਲੇ ਟੂਰਨਾਮੈਂਟ ਵਿਚ ਵੀ ਅਜਿਹੀ ਹੀ ਪ੍ਰਫਾਰਮੈਂਸ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਅਟਵਾਲ ਵੀ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਸਾਰੀਆਂ ਹੀ ਇਕੋ ਜਿਹੀਆਂ ਟੀਮਾਂ ਬਣਾਈਆਂ, ਜਿਸ ਕਾਰਨ ਦਰਸ਼ਕਾਂ ਨੇ ਪੂਰਾ ਅਨੰਦ ਮਾਣਿਆ।
ਅਮੋਲਕ ਸਿੰਘ ਗਾਖਲ ਨੇ ਕਿਹਾ ਕਿ ਆਪ ਸਭ ਨੂੰ ਪਤਾ ਹੈ ਕਿ ਅਸੀਂ ਯੂਨੀਅਨ ਸਿਟੀ ਦਾ ਕਬੱਡੀ ਕੱਪ ਕਿਉਂ ਰੱਦ ਕੀਤਾ, ਨਿਊਜਰਸੀ ਵਿਚ ਵੀ ਉਸ ਸਮੇਂ ਹੀ ਟੂਰਨਾਮੈਂਟ ਰੱਖ ਦਿੱਤਾ ਗਿਆ। ਕੁਝ ਸੁਪਰ ਸਟਾਰ ਖਿਡਾਰੀ ਅਤੇ ਕੁਝ ਲੋਕਲ ਕਲੱਬਾਂ ਕਹਿ ਰਹੀਆਂ ਸਨ ਕਿ ਅਸੀਂ ਯੂਨੀਅਨ ਸਿਟੀ ਦੇ 18 ਸਤੰਬਰ ਵਾਲੇ ਕੱਪ ’ਤੇ ਨਹੀਂ ਖੇਡਣਾ। ਸਾਡਾ ਟੂਰਨਾਮੈਂਟ ਸੰਗਤ ਦਾ ਹੁੰਦਾ ਹੈ, ਇਸ ਵਿਚ ਸਾਰੀਆਂ ਫੈਡਰੇਸ਼ਨਾਂ ਖੇਡਦੀਆਂ ਹਨ ਤੇ ਇਸ ਵਿਚ ਕੋਈ ਚਾਲਬਾਜ਼ੀ ਨਹੀਂ ਚੱਲਦੀ, ਇਸ ਲਈ ਅਸੀਂ ਟੂਰਨਾਮੈਂਟ ਰੱਦ ਕਰਨਾ ਹੀ ਬਿਹਤਰ ਸਮਝਿਆ। ਜੇਕਰ ਸਾਰੇ ਖਿਡਾਰੀ ਅਤੇ ਫੈਡਰੇਸ਼ਨਾਂ ਸਹਿਯੋਗ ਦੇਣਗੀਆਂ, ਤਾਂ ਅਗਲੇ ਸਾਲ ਕਬੱਡੀ ਦਾ ਵਰਲਡ ਕੱਪ ਜ਼ਰੂਰ ਕਰਾਵਾਂਗੇ।