ਨਿਊਜਰਸੀ ਦੇ ਬੀਚ ’ਤੇ ਆਸਮਾਨੀ ਬਿਜਲੀ ਡਿੱਗਣ ਕਾਰਨ ਲਾਈਫ ਗਾਰਡ ਦੀ ਮੌਤ; 7 ਜ਼ਖਮੀ

237
Share

ਫਰਿਜ਼ਨੋ, 1 ਸਤੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਨਿਊਜਰਸੀ ਵਿੱਚ ਇੱਕ ਸਮੁੰਦਰੀ ਕੰਢੇ ’ਤੇ ਸੋਮਵਾਰ ਨੂੰ ਆਸਮਾਨੀ ਬਿਜਲੀ ਡਿੱਗਣ ਦੀ ਘਟਨਾ ਵਾਪਰੀ। ਇਸ ਕੁਦਰਤੀ ਆਫਤ ਦੇ ਕਾਰਨ ਬੀਚ ’ਤੇ ਇੱਕ ਲਾਈਫ ਗਾਰਡ ਦੀ ਮੌਤ ਹੋਣ ਦੇ ਨਾਲ 7 ਹੋਰ ਲੋਕ ਜ਼ਖਮੀ ਹੋ ਗਏ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਬਰਕਲੇ ਟਾਊਨਸ਼ਿਪ ਪੁਲਿਸ ਵਿਭਾਗ ਨੇ ਦੱਸਿਆ ਕਿ ਇਹ ਜਾਨਲੇਵਾ ਘਟਨਾ ਸਾਊਥ ਸੀਸਾਈਡ ਪਾਰਕ ਦੇ ਬੀਚ ’ਤੇ ਸ਼ਾਮ 4:30 ਵਜੇ ਦੇ ਕਰੀਬ ਵਾਪਰੀ। ਬੀਚ ’ਤੇ ਸਥਿਤ ਇੱਕ ਪੁਰਸ਼ ਲਾਈਫ ਗਾਰਡ ਬਿਜਲੀ ਦੀ ਲਪੇਟ ਵਿਚ ਆਇਆ ਅਤੇ ਉਸ ਨੂੰ ਮੌਕੇ ’ਤੇ ਮਿ੍ਰਤਕ ਐਲਾਨ ਕਰ ਦਿੱਤਾ ਗਿਆ। ਇਸਦੇ ਇਲਾਵਾ ਇਸ ਹਾਦਸੇ ’ਚ 4 ਸੈਲਾਨੀਆਂ ਦੇ ਨਾਲ 3 ਹੋਰ ਲਾਈਫਗਾਰਡ ਵੀ ਜ਼ਖਮੀ ਹੋਏ। ਪੁਲਿਸ ਅਧਿਕਾਰੀਆਂ ਅਨੁਸਾਰ ਜ਼ਖਮੀਆਂ ਵਿਚ ਇੱਕ 50 ਸਾਲਾ ਔਰਤ, 51 ਅਤੇ 19 ਸਾਲਾ ਆਦਮੀ ਸ਼ਾਮਲ ਹਨ। 7 ਜ਼ਖਮੀ ਵਿਅਕਤੀਆਂ ਨੂੰ ਬਿਜਲੀ ਡਿੱਗਣ ਦੇ ਬਾਅਦ ਸਿਰ ਦਰਦ, ਚੱਕਰ ਆਉਣੇ ਅਤੇ ਸੁਣਨ ਸਬੰਧੀ ਸਮੱਸਿਆਵਾਂ ਦੇ ਇਲਾਜ ਲਈ ਕਮਿਊਨਿਟੀ ਮੈਡੀਕਲ ਸੈਂਟਰ ਵਿਚ ਲਿਜਾਇਆ ਗਿਆ। ਬਰਕਲੇ ਪੁਲਿਸ ਵਿਭਾਗ ਅਨੁਸਾਰ ਟਾਊਨਸ਼ਿਪ ਦੇ ਸਮੁੰਦਰੀ ਬੀਚ ਵੀਰਵਾਰ ਤੱਕ ਤੈਰਾਕੀ ਲਈ ਬੰਦ ਕਰ ਦਿੱਤੇ ਗਏ, ਤਾਂ ਜੋ ਲਾਈਫ ਗਾਰਡ ਅਤੇ ਬੀਚ ਸਟਾਫ ਨੂੰ ਕੁੱਝ ਸਮਾਂ ਛੁੱਟੀ ਦਿੱਤੀ ਜਾ ਸਕੇ।
ਇਸ ਹਾਦਸੇ ਦੇ ਸਬੰਧ ਵਿਚ ਇਕ ਮੌਸਮ ਵਿਗਿਆਨੀ ਡੈਨ ਜ਼ਾਰੋ ਨੇ ਜਾਣਕਾਰੀ ਦਿੱਤੀ ਕਿ ਲਾਈਫ ਗਾਰਡ ਬਿਜਲੀ ਡਿੱਗਣ ਸਮੇਂ ਆਪਣੀ ਕੁਰਸੀ ਦੇ ਸਭ ਤੋਂ ਉੱਚੇ ਸਥਾਨ ’ਤੇ ਬੈਠਾ ਸੀ, ਜਿਸ ਕਾਰਨ ਉਹ ਮਾਰਿਆ ਗਿਆ।

Share