ਨਿਊਜਰਸੀ ਦੇ ਪੁਲਿਸ ਅਧਿਕਾਰੀ ਨੇ ਦੂਜੀ ਮੰਜ਼ਿਲ ਤੋਂ ਸੁੱਟੇ 1 ਮਹੀਨੇ ਦੇ ਬੱਚੇ ਦੀ ਜਾਨ ਬਚਾਈ

242
Share

ਫਰਿਜ਼ਨੋ (ਕੈਲੀਫੋਰਨੀਆ), 20 ਸਤੰਬਰ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ/ਪੰਜਾਬ ਮੇਲ)- ਨਿਊਜਰਸੀ ਦੇ ਪੁਲਿਸ ਵਿਭਾਗ ਅਤੇ ਇੱਕ ਅਧਿਕਾਰੀ ਦੀ ਪ੍ਰਸੰਸਾ ਹੋ ਰਹੀ ਹੈ, ਕਿਉਂਕਿ ਇਸ ਅਧਿਕਾਰੀ ਨੇ ਸ਼ਨੀਵਾਰ ਨੂੰ ਇੱਕ ਨਵਜੰਮੇ 1ਮਹੀਨੇ ਦੇ ਬੱਚੇ ਨੂੰ ਬੁੱਚ ਕੇ ਉਸਦੀ ਜਾਨ ਬਚਾਈ, ਜਿਸਨੂੰ ਇੱਕ ਵਿਅਕਤੀ ਦੁਆਰਾ ਇੱਕ ਇਮਾਰਤ ਦੀ ਦੂਜੀ ਮੰਜ਼ਿਲ  ਦੀ ਬਾਲਕੋਨੀ ਤੋਂ ਹੇਠਾਂ ਸੁੱਟ ਦਿੱਤਾ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਰਸੀ ਸਿਟੀ ਦੇ ਮੇਅਰ ਸਟੀਵਨ ਫੁਲੋਪ ਨੇ ਕਿਹਾ ਕਿ ਨਵਜਾਤ ਬੱਚੇ ਨੂੰ ਇਸ ਹਾਦਸੇ ਦੌਰਾਨ ਕੋਈ ਸਰੀਰਕ  ਨੁਕਸਾਨ ਨਹੀਂ ਪਹੁੰਚਿਆ।
ਆਪਣੀ ਇੱਕ ਇੰਸਟਾਗ੍ਰਾਮ ਪੋਸਟ ਵਿੱਚ, ਫੁਲੋਪ ਨੇ ਇਸ ਅਧਿਕਾਰੀ ਐਡੁਆਰਡੋ ਮਾਟੁਟੇ ਦਾ ਧੰਨਵਾਦ ਕੀਤਾ, ਅਤੇ ਉਸਦੀ ਇੱਕ ਫੋਟੋ ਅਪਲੋਡ ਕੀਤੀ ਜਿਸ ਵਿੱਚ ਉਸਨੇ ਬੱਚੇ ਨੂੰ ਫੜਿਆ ਹੋਇਆ ਹੈ। ਅਧਿਕਾਰੀਆਂ ਅਨੁਸਾਰ ਇਹ ਘਟਨਾ ਸ਼ਨੀਵਾਰ ਸਵੇਰੇ ਜਰਸੀ ਸਿਟੀ ਵਿੱਚ ਹੋਈ, ਜਿਸ ਵਿੱਚ ਪੁਲਿਸ ਨੂੰ ਸੂਚਨਾ ਮਿਲੀ ਕਿ ਇੱਕ ਅਣਪਛਾਤਾ ਵਿਅਕਤੀ ਨਵਜੰਮੇ ਬੱਚੇ ਨੂੰ ਬਾਲਕੋਨੀ ਉੱਤੇ ਲਟਕਾ ਰਿਹਾ ਸੀ। ਕਾਰਵਾਈ ਕਰਦਿਆਂ ਅਧਿਕਾਰੀਆਂ ਨੇ ਉਸ ਆਦਮੀ ਨਾਲ ਗੱਲਬਾਤ ਕੀਤੀ ਅਤੇ ਇੱਕ ਘੇਰਾ ਸਥਾਪਤ ਕੀਤਾ। ਇਸੇ ਦੌਰਾਨ ਵਿਅਕਤੀ ਨੇ ਬੱਚੇ ਨੂੰ ਸੁੱਟ ਦਿੱਤਾ, ਪਰ ਇਸ ਅਧਿਕਾਰੀ ਵੱਲੋਂ ਬੱਚੇ ਨੂੰ ਹੇਠਾਂ ਡਿੱਗਣ ਤੋਂ ਪਹਿਲਾਂ ਫੜ ਲਿਆ ਗਿਆ।  ਬੱਚੇ ਨੂੰ ਸੁੱਟਣ ਤੋਂ ਬਾਅਦ ਉਸ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ।

Share