ਨਿਊਜਰਸੀ ਦੇ ਅਟਾਰਨੀ ਜਨਰਲ ਗੁਰਬੀਰ ਗਰੇਵਾਲ ਐਸ.ਈ.ਸੀ. ’ਚ ਹੋਣਗੇ ਸ਼ਾਮਲ

420

ਨਿਊਜਰਸੀ, 1 ਜੁਲਾਈ (ਪੰਜਾਬ ਮੇਲ)- ਨਿਊਜਰਸੀ ਦੇ ਅਟਾਰਨੀ ਜਨਰਲ ਗੁਰਬੀਰ ਗਰੇਵਾਲ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ (ਐਸ.ਈ.ਸੀ.) ਵਿਚ ਸ਼ਾਮਲ ਹੋਣ ਲਈ ਅਸਤੀਫਾ ਦੇਣ ਜਾ ਰਹੇ ਹਨ। ਉਹ ਦੇਸ਼ ਦੇ ਪਹਿਲੇ ਸਿੱਖ ਅਟਾਰਨੀ ਜਨਰਲ ਹਨ। ਏਜੰਸੀ ਨੇ ਇਕ ਬਿਆਨ ਵਿਚ ਮੰਗਲਵਾਰ ਨੂੰ ਦੱਸਿਆ ਕਿ 2008 ਤੋਂ ਸੂਬੇ ਦੇ ਚੋਟੀ ਦੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਦੇ ਰੂਪ ਵਿਚ ਸੇਵਾ ਦੇ ਰਹੇ ਗਰੇਵਾਲ 26 ਜੁਲਾਈ ਨੂੰ ਆਪਣਾ ਅਹੁਦਾ ਛੱਡ ਦੇਣਗੇ। ਉਹ ਐਸ.ਈ.ਸੀ. ਦੇ ਇਨਫੋਰਸਮੈਂਟ ਵਿਭਾਗ ਦੇ ਡਾਇਰੈਕਟਰ ਦਾ ਅਹੁਦਾ ਸੰਭਾਲਣਗੇ।

ਗਵਰਨਰ ਫਿਲ ਮਰਫੀ ਨੇ ਗਰੇਵਾਲ ਨੂੰ ਉਨ੍ਹਾਂ ਦੇ ਪ੍ਰਸ਼ਾਸਨ ਦਾ ‘ਅਨਮੋਲ ਮੈਂਬਰ’ ਦੱਸਿਆ। ਉਨ੍ਹਾਂ ਕਿਹਾ ਕਿ ਉਹ ਐਸ.ਈ.ਸੀ. ਦਾ ਹਿੱਸਾ ਬਣਨਗੇ, ਜੋ ਦੇਸ਼ ਦੇ ਵਿੱਤੀ ਬਾਜ਼ਾਰਾਂ ਨੂੰ ਕੰਟਰੋਲ ਕਰਦਾ ਹੈ। ਉਥੇ ਹੀ ਗਰੇਵਾਲ ਨੇ ਇਕ ਬਿਆਨ ਵਿਚ ਕਿਹਾ, ‘ਕਾਨੂੰਨ ਦਾ ਉਲੰਘਣ ਕਰਨ ਵਾਲਿਆਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਸਜ਼ਾ ਦੇਣ ਵਿਚ ਇਨਫੋਰਸਮੈਂਟ ਵਿਭਾਗ ਦੀ ਇਕ ਮਹੱਤਵਪੂਰਨ ਭੂਮਿਕਾ ਹੈ। ਮੈਂ ਜਨਤਕ ਸੇਵਕਾਂ ਦੀ ਇਕ ਪ੍ਰਤਿਭਾਸ਼ਾਲੀ ਟੀਮ ਨਾਲ ਕੰਮ ਕਰਨ ਲਈ ਉਤਸ਼ਾਇਤ ਹਾਂ ਤਾਂ ਜੋ ਦੁਰਾਚਾਰ ਨੂੰ ਦੂਰ ਕੀਤਾ ਜਾ ਸਕੇ, ਉਨ੍ਹਾਂ ਵਿਰੁੱਧ ਮੁਕੱਦਮਾ ਚਲਾਇਆ ਜਾ ਸਕੇ ਅਤੇ ਨਿਵੇਸ਼ਕਾਂ ਦੀ ਰੱਖਿਆ ਕੀਤੀ ਜਾ ਸਕੇ।’

ਗੁਰਬੀਰ ਗਰੇਵਾਲ ਦਾ ਬਤੌਰ ਅਟਾਰਨੀ ਜਨਰਲ ਕਾਰਜਕਾਲ ਕਾਫ਼ੀ ਚਰਚਾ ਵਿਚ ਰਿਹਾ ਹੈ। ਉਨ੍ਹਾਂ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਖ਼ਿਲਾਫ਼ ਵਾਤਾਵਰਣ ਅਤੇ ਕਿਫ਼ਾਇਤੀ ਦੇਖ਼ਭਾਲ ਐਕਟ ਨਾਲ ਜੁੜੇ ਮੁੱਦੇ ਸਮੇਤ ਕਈ ਮਾਮਲਿਆਂ ਵਿਚ ਮੁਕੱਦਮੇ ਦਾਇਰ ਕੀਤੇ। ਉਨ੍ਹਾਂ ਦੇ ਕਾਰਜਕਾਲ ਵਿਚ ਕਈ ਵੱਡੇ ਬਦਲਾਅ ਵੀ ਕੀਤੇ ਗਏ।