ਨਿਊਜਰਸੀ ’ਚ 2 ਭਾਰਤੀ ਮੂਲ ਦੇ ਮੁੰਡੇ-ਕੁੜੀ ਦੀਆਂ ਲਾਸ਼ਾਂ ਨਦੀ ’ਚੋਂ ਬਰਾਮਦ

282
Share

ਨਿਊਜਰਸੀ, 15 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ)- ਨਿਊਜਰਸੀ ’ਚ ਬੀਤੇ ਦਿਨੀਂ ਈਡਾ ਤੂਫ਼ਾਨ ਦੀ ਤਬਾਹੀ ਮਗਰੋਂ ਪੈਸਾਇਕ ਟਾਊਨਸ਼ਿਪ ਦੀ ਨਦੀ ਵਿਚੋਂ ਦੋ ਲਾਸ਼ਾਂ ਬਰਾਮਦ ਹੋਈਆਂ, ਜੋ ਕਿ ਭਾਰਤੀ ਮੂਲ ਦੇ ਮੁੰਡੇ-ਕੁੜੀ ਦੀਆਂ ਹਨ।
ਪੈਸਾਇਕ ਦੇ ਮੇਅਰ ਹੈਕਟਰ ਲੋਰਾ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕੇਰਨੀ ਅਤੇ ਨੇਵਾਰਕ ਵਿਚ ਨਦੀ ਵਿਚ ਮਿਲੀਆਂ ਦੋ ਲਾਸ਼ਾਂ ਦੀ ਪਛਾਣ ਇੱਕ ਭਾਰਤੀ ਮੂਲ ਦੀ ਲੜਕੀ ਨਿਧੀ ਅਤੇ ਭਾਰਤੀ ਮੂਲ ਦੇ ਹੀ ਲੜਕੇ ਆਯੂਸ਼ ਰਾਣਾ ਵਜੋਂ ਹੋਈ ਹੈ। ਇਹ ਦੋਵੇਂ ਹੜ੍ਹ ਦੇ ਪਾਣੀ ਦੀ ਲਪੇਟ ਵਿਚ ਆਉਣ ਮਗਰੋਂ ਲਾਪਤਾ ਹੋ ਗਏ ਸਨ।
ਦੱਸ ਦੇਈਏ ਕਿ ‘ਈਡਾ’ ਤੂਫਾਨ ਨੇ ਉੱਤਰ-ਪੂਰਬ ਵਿਚ ਜਾਣ ਤੋਂ ਪਹਿਲਾਂ ਅਮਰੀਕਾ ਦੇ ਸੂਬੇ ਲੂਸੀਆਨਾ ਅਤੇ ਖਾੜੀ ਤੱਟ ’ਤੇ ਭਾਰੀ ਤਬਾਹੀ ਮਚਾਈ ਸੀ, ਜਿੱਥੇ ਇਸ ਨੇ ਨਿਊਯਾਰਕ ਅਤੇ ਨਿਊਜਰਸੀ ਵਿਚ ਵੀ ਬਹੁਤ ਘਾਤਕ ਹੜ੍ਹ ਪੈਦਾ ਕਰ ਦਿੱਤੇ। ਗਲੀਆਂ ਨੂੰ ਕੁਝ ਮਾਮਲਿਆਂ ਵਿਚ ਪੰਜ ਫੁੱਟ ਉੱਚੀਆਂ ਨਦੀਆਂ ਵਿਚ ਬਦਲ ਕੇ ਰੱਖ ਦਿੱਤਾ ਸੀ ਅਤੇ ਨਿਊਜਰਸੀ ਵਿਚ ਘੱਟੋ-ਘੱਟ 27 ਮੌਤਾਂ ਹੋਈਆਂ ਹਨ। ਰਾਸ਼ਟਰਪਤੀ ਜੋਅ ਬਾਇਡਨ ਨੇ ਨਿਊਜਰਸੀ ਅਤੇ ਨਿਊਯਾਰਕ ਦੇ ਦੌਰੇ ਦੌਰਾਨ ਹੜ੍ਹ ਨੂੰ ਦੋਵਾਂ ਸੂਬਿਆਂ ਲਈ ਇੱਕ ਵੱਡੀ ਤਬਾਹੀ ਘੋਸ਼ਿਤ ਕੀਤਾ ਸੀ।

Share