ਨਿਊਜਰਸੀ ‘ਚ ਭਾਰਤੀ ਮੂਲ ਦੇ ਵਿਅਕਤੀ ਨੇ ਕਬੂਲਿਆ ਧੋਖਾਧੜੀ ਦਾ ਜੁਰਮ

779
Share

-ਇਸ ਮਾਮਲੇ ‘ਚ ਹੋ ਸਕਦੀ ਹੈ 20 ਸਾਲ ਤੱਕ ਦੀ ਸਜ਼ਾ
ਨਿਊਯਾਰਕ, 18 ਮਾਰਚ (ਪੰਜਾਬ ਮੇਲ)- ਨਿਊਜਰਸੀ ਇਲਾਕੇ ‘ਚ ਰਹਿਣ ਵਾਲੇ ਭਾਰਤੀ ਮੂਲ ਦੇ ਪਰੇਸ਼ ਪਟੇਲ ਨੇ ਸੋਮਵਾਰ ਨੂੰ ਨਿਊਯਾਰਕ ਸਬ-ਵੇਅ ਘੁਟਾਲੇ ਨਾਲ ਜੁੜੀ ਜਾਂਚ ‘ਚ ਰੁਕਾਵਟ ਪੈਦਾ ਕਰਨ ਤੇ ਧੋਖਾਧੜੀ ਦਾ ਜੁਰਮ ਕਬੂਲ ਕਰ ਲਿਆ ਹੈ। ਮੈਟ੍ਰੋਪਾਲੀਟਨ ਟ੍ਰਾਂਸਪੋਰਟੇਸ਼ਨ ਅਥਾਰਟੀ ਦੇ ਸਾਬਕਾ ਮੈਨੇਜਰ ਪਟੇਲ ਨੇ ਬੀਤੀ ਫਰਵਰੀ ‘ਚ ਸੰਘੀ ਅਧਿਕਾਰੀਆਂ ਦੇ ਸਾਹਮਣੇ ਆਤਮਸਮਰਪਣ ਕਰ ਦਿੱਤਾ ਸੀ। ਪ੍ਰੋਸੀਕਿਊਸ਼ਨ ਪੱਖ ਮੁਤਾਬਕ 59 ਸਾਲ ਦੇ ਪਟੇਲ ਨੂੰ ਇਸ ਮਾਮਲੇ ‘ਚ 20 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।
ਸਾਲ 2013 ‘ਚ ਆਏ ਭਿਆਨਕ ਚੱਕਰਵਾਤੀ ਤੂਫਾਨ ਸੈਂਡੀ ਨੇ ਨਿਊਯਾਰਕ ‘ਚ ਵੱਡੀ ਤਬਾਹੀ ਮਚਾਈ ਸੀ। ਇਸ ਦੌਰਾਨ ਕਈ ਸਬ-ਵੇਅ ਨੁਕਸਾਨੇ ਗਏ ਸਨ। ਇਨ੍ਹਾਂ ਦੀ ਮੁਰੰਮਤ ਦੇ ਲਈ ਐੱਮ.ਟੀ.ਏ. ਨੂੰ ਠੇਕੇ ਦੇਣੇ ਸਨ। ਪਟੇਲ ਐੱਮ.ਟੀ.ਏ. ਦੇ ਪ੍ਰੋਗਰਾਮ ਮੈਨੇਜਰ ਸਨ ਤੇ ਠੇਕੇ ਦੇਣ ‘ਚ ਉਨ੍ਹਾਂ ਦੀ ਪ੍ਰਮੁੱਖ ਭੂਮਿਕਾ ਸੀ।
ਜੂਨ 2014 ‘ਚ ਪਟੇਲ ਤੇ ਅਥਾਰਟੀ ਦੇ ਇਕ ਹੋਰ ਕਰਮਚਾਰੀ ਨੇ ਮਿਲ ਕੇ ਸਤਕੀਰਤੀ ਕੰਸਲਟਿੰਗ ਇੰਜੀਨੀਅਰਿੰਗ ਕੰਪਨੀ ਬਣਾਈ। ਫਰਵਰੀ 2015 ‘ਚ ਸਤਕੀਰਤੀ ਨੂੰ ਸਬ ਕੰਟ੍ਰੈਕਟਰ ਦੇ ਤੌਰ ‘ਤੇ ਸਬ-ਵੇਅ ਜੇਰਾਲੇਮਨ ਟਿਊਬ ਸਬ-ਵੇਅ ਦਾ ਮੁਰੰਮਤ ਦਾ ਕੰਮ ਸੌਂਪਿਆ ਗਿਆ। ਸਤਕੀਰਤੀ ‘ਚ ਜਿਨ੍ਹਾਂ ਟੈਕਨੀਕਲ ਕਰਮਚਾਰੀਆਂ ਨੂੰ ਇਕ ਕੰਮ ਦੇਖਣਾ ਸੀ, ਉਹ ਸਾਰੇ ਪਟੇਲ ਦੇ ਮਿੱਤਰ ਸਨ, ਜਿਨ੍ਹਾਂ ਦੇ ਕੋਲ ਇੰਜੀਨੀਅਰਿੰਗ ਦਾ ਨਾ ਤਾਂ ਕੋਈ ਕੁਆਲਿਫਿਕੇਸ਼ਨ ਸੀ, ਨਾ ਹੀ ਬੈਕ ਗ੍ਰਾਉਂਡ। ਇਸ ਦੇ ਇਲਾਵਾ ਪਟੇਲ ਨੇ ਕੰਪਨੀ ਦਾ ਈਮੇਲ ਅਕਾਊਂਟ ਵੀ ਬਣਾਇਆ ਤੇ ਇਥੋਂ ਦੇ ਕਰਮਚਾਰੀਆਂ ਨੂੰ ਈਮੇਲ ਵਿਚ ਕੀ ਲਿਖਣਾ ਹੈ, ਇਹ ਵੀ ਦੱਸਿਆ। 2016 ‘ਚ ਇਸ ਕੰਟ੍ਰੈਕਟ ਦੇ ਮਾਮਲੇ ਦੀ ਜਾਂਚ ਸ਼ੁਰੂ ਹੋਈ। ਇਸ ਤੋਂ ਤੁਰੰਤ ਬਾਅਦ ਪਟੇਲ ਨੇ ਈਮੇਲ ਡਿਲੀਟ ਕਰਨੇ ਸ਼ੁਰੂ ਕਰ ਦਿੱਤੇ।
ਕਰਮਚਾਰੀਆਂ ਨਾਲ ਜੁੜੀ ਕੰਪਨੀ ਨੂੰ ਠੇਕੇ ਨਹੀਂ ਮਿਲਣ ਦੇ ਕਾਰਨ ਦੋਵਾਂ ਨੇ ਕੰਪਨੀ ਦਾ ਰਜਿਸਟ੍ਰੇਸ਼ਨ ਪਹਿਲਾਂ ਆਪਣੇ ਬੱਚਿਆਂ ਦੇ ਨਾਂ ਕਰਵਾਇਆ ਤੇ ਬਾਅਦ ‘ਚ ਉਸ ਦਾ ਮਾਲੀਕਾਨਾ ਹੱਕ ਆਪਣੇ ਇਕ ਦੋਸਤ ਨੂੰ ਟਰਾਂਸਫਰ ਕਰ ਦਿੱਤਾ ਸੀ। ਸਾਲ 2016 ‘ਚ ਇਸ ਘੁਟਾਲੇ ਦਾ ਪਤਾ ਲੱਗਣ ‘ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਸੀ।


Share