ਨਿਆਂ ਵਿਭਾਗ ਆਪਣੀ ਕਾਰਵਾਈ ਕਰਨ ਲਈ ਆਜ਼ਾਦ ਹੈ : ਵਾਈਟ ਹਾਊਸ

104
ਡੋਨਲਡ ਟਰੰਪ ਦੀ ਨਿੱਜੀ ਕਲੱਬ ਤੇ ਰਿਹਾਇਸ਼ ’ਤੇ ਛਾਪਾ ਮਾਰਨ ਬਾਰੇ ਰਾਸ਼ਟਰਪਤੀ ਬਾਇਡਨ ਨੂੰ ਨਹੀਂ ਦਿੱਤੀ ਗਈ ਜਾਣਕਾਰੀ
ਸੈਕਰਾਮੈਂਟੋ, 10 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਐੱਫ.ਬੀ.ਆਈ. ਵੱਲੋਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਫਲੋਰਿਡਾ ਸਥਿਤ ਇਕ ਨਿੱਜੀ ਕਲੱਬ ਤੇ ਰਿਹਾਇਸ਼ ਉਪਰ ਮਾਰੇ ਗਏ ਛਾਪੇ ਤੋਂ ਪਹਿਲਾਂ ਰਾਸ਼ਟਰਪਤੀ ਜੋਅ ਬਾਇਡਨ ਨੂੰ ਜਾਣਕਾਰੀ ਨਹੀਂ ਦਿੱਤੀ ਗਈ ਸੀ। ਇਹ ਪ੍ਰਗਟਾਵਾ ਵਾਈਟ ਹਾਊਸ ਵੱਲੋਂ ਜਾਰੀ ਇਕ ਬਿਆਨ ਵਿਚ ਕੀਤਾ ਗਿਆ ਹੈ। ਡੋਨਲਡ ਅਮਰੀਕਾ ਦਾ ਪਹਿਲਾ ਸਾਬਕਾ ਰਾਸ਼ਟਰਪਤੀ ਹੈ, ਜਿਸ ਵਿਰੁੱਧ ਐੱਫ.ਬੀ.ਆਈ. ਨੇ ਕਾਰਵਾਈ ਕੀਤੀ ਹੈ। ਇਸ ਤੋਂ ਪਹਿਲਾਂ ਕਿਸੇ ਵੀ ਸਾਬਕਾ ਰਾਸ਼ਟਰਪਤੀ ਵਿਰੁੱਧ ਅਜਿਹੀ ਕਾਰਵਾਈ ਨਹੀਂ ਕੀਤੀ ਗਈ। ਵਾਈਟ ਹਾਊਸ ਦੀ ਪ੍ਰੈੱਸ ਸਕੱਤਰ ਕਰੀਨ ਜੀਨ ਪੀਰੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਛਾਪਾ ਮਾਰਨ ਤੋਂ ਪਹਿਲਾਂ ਨਾ ਤਾਂ ਰਾਸ਼ਟਰਪਤੀ ਨੂੰ ਸੂਚਿਤ ਕੀਤਾ ਗਿਆ ਤੇ ਨਾ ਹੀ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਇਸ ਬਾਰੇ ਕੋਈ ਜਾਣਕਾਰੀ ਸੀ। ਪ੍ਰੈੱਸ ਸਕੱਤਰ ਅਨੁਸਾਰ ਰਾਸ਼ਟਰਪਤੀ ਨੂੰ ਛਾਪਾ ਮਾਰਨ ਬਾਰੇ ਪਤਾ ਜਨਤਕ ਅਖਬਾਰੀ ਰਿਪੋਰਟਾਂ ਤੋਂ ਅਮਰੀਕੀ ਸਮੇਂ ਅਨੁਸਾਰ ਸੋਮਵਾਰ ਸ਼ਾਮ ਨੂੰ ਲੱਗਾ। ਉਨ੍ਹਾਂ ਕਿਹਾ ਕਿ ਸਾਨੂੰ ਛਾਪੇ ਬਾਰੇ ਆਮ ਅਮਰੀਕੀ ਜਨਤਾ ਵਾਂਗ ਹੀ ਪਤਾ ਲੱਗਾ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਨਿਆਂ ਵਿਭਾਗ ਆਪਣੀ ਜਾਂਚ ਕਰਨ ਲਈ ਆਜ਼ਾਦ ਹੈ ਤੇ ਰਾਸ਼ਟਰਪਤੀ ਬਾਇਡਨ ਨਿਆਂ ਵਿਭਾਗ ਦੀ ਆਜ਼ਾਦੀ ਵਿਚ ਮੁਕੰਮਲ ਵਿਸ਼ਵਾਸ ਰੱਖਦੇ ਹਨ। ਉਧਰ ਛਾਪੇ ਨੂੰ ਲੈ ਕੇ ਰਾਜਨੀਤੀ ਤੇਜ਼ ਹੋ ਗਈ ਹੈ। ਕੁਝ ਰਿਪਬਲੀਕਨ ਸੰਸਦ ਮੈਂਬਰਾਂ ਨੇ ਐੱਫ.ਬੀ.ਆਈ. ਦੇ ਛਾਪੇ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਹੈ। ਸਾਬਕਾ ਰਾਸ਼ਟਰਪਤੀ ਟਰੰਪ ਨੇ ਦੋਸ਼ ਲਾਇਆ ਹੈ ਕਿ ਐੱਫ.ਬੀ.ਆਈ. ਦੀ ਕਾਰਵਾਈ ਉਨ੍ਹਾਂ ਨੂੰ 2024 ’ਚ ਰਾਸ਼ਟਰਪਤੀ ਵਜੋਂ ਚੋਣ ਲੜਨ ਤੋਂ ਰੋਕਣ ਲਈ ਕੀਤੀ ਗਈ ਹੈ।