ਨਾਰਥ ਸਿਆਟਲ ਤੀਆਂ ਦਾ ਮੇਲਾ ਆਪਣੇ ਹੀ ਸਾਰੇ ਰਿਕਾਰਡ ਤੋੜ ਗਿਆ

431
Share

ਸਿਆਟਲ, 18 ਅਗਸਤ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਪੰਜਵਾਂ ਨੌਰਥ ਸਿਆਟਲ ਤੀਆਂ ਦਾ ਮੇਲਾ 15 ਅਗਸਤ, ਦਿਨ ਐਤਵਾਰ ਵਾਲੇ ਦਿਨ ਖੁੱਲ੍ਹੇ ਖੇਤਾਂ, ਬਾਗਾਂ ਅਤੇ ਦਰੱਖਤਾਂ ਦੀ ਛਾਵੇਂ ਸਨੋਹੋਮਿਸ ਸਟੋਕਰ ਫਾਰਮ ਵਿਚ 3 ਤੋਂ 8 ਵਜੇ ਤੱਕ ਬੜੇ ਚਾਵਾਂ ਅਤੇ ਪੰਜਾਬ ਦੇ ਰਵਾਇਤੀ ਮਾਹੌਲ ਵਿਚ ਮਨਾਇਆ ਗਿਆ। ਰੰਗ-ਬਿਰੰਗੇ ਫੁੱਲ-ਬੁਟਿਆਂ, ਪੀਂਘਾਂ, ਪਾਣੀ ਦੀ ਟੰਕੀ, ਹਵੇਲੀ, ਖੇਤੀ ਸੰਦਾਂ, ਹਾਲ, ਟਰੈਕਟਰ, ਗੱਡੇ, ਸਾਈਕਲਾਂ, ਵਿੰਡ ਮਿੱਲ ਦੇ ਵਿਚਕਾਰ ਖੂਬਸੂਰਤ ਸਟੇਜ ’ਤੇ ਗਿੱਧੇ-ਭੰਗੜੇ, ਸਕਿੱਟ, ਚੁਟਕਲੇ, ਗੀਤ, ਬੋਲੀਆਂ, ਸਿੱਠਣੀਆਂ ਪਾਉਦੀਆਂ ਮਾਤਾਵਾਂ, ਧੀਆਂ, ਭੈਣਾਂ, ਮੁਟਿਆਰਾਂ, ਬੱਚੀਆਂ ਨੇ ਸਾਰੇ ਮੇਲੇ ਵਿਚ ਰੰਗ ਬੰਨ੍ਹੀਂ ਰੱਖਿਆ। ਆਸਮਾਨ ਵਿਚ ਉੱਡਦੇ ਪੈਰਾਸ਼ੂਟ ਤੇ ਏਅਰ ਬਲੂਨ ਇਕ ਵੱਖਰਾ ਨਜ਼ਾਰਾ ਪੇਸ਼ ਕਰ ਰਹੇ ਸਨ।
ਮੇਲੇ ਦੀ ਮੁੱਖ ਪ੍ਰਬੰਧਕ ਜਸਵੀਰ ਕੌਰ ਨਿੱਜਰ ਸਿੱਧੂ ਨੇ ਦੱਸਿਆ ਕਿ ਟੀਨੇਜਰ ਬੱਚੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਮਾਤਾ-ਪਿਤਾ ਨੇ ਇਕੱਠੇ ਗਿੱਧਾ ਪਾ ਕੇ ਨਵੀਂ ਤੇ ਪੁਰਾਣੀ ਪੀੜ੍ਹੀ ਦੀ ਜੰਮ ਕੇ ਤਾਲਮੇਲ ਦੀ ਮਿਸਾਲ ਪੈਦਾ ਕੀਤੀ। ਮੈਰੀਸਵੈਲ ਦੀ ਜੰਮਪਲ 14 ਸਾਲਾ ਮਨਜੀਤ ਕੌਰ ਧਾਲੀਵਾਲ ਦਾ ਗਾਇਆ ‘ਤੀਆਂ ਆਈਆਂ’ ਰਿਕਾਰਡ ਕੀਤਾ ਗਿਆ। ਖਾਣ-ਪੀਣ, ਕੱਪੜਿਆਂ, ਜੁੱਤੀਆਂ, ਫੈਸ਼ਨ, ਜਿਊਲਰੀ ਤੇ ਮਹਿੰਦੀ ਦੇ ਸਟਾਲਾਂ ’ਤੇ ਲੰਮੀਆਂ ਕਤਾਰ ਵਿਚ ਖਰੀਦ ਹੁੰਦੀ ਰਹੀ। ਪੀਂਘਾਂ ਝੂਟਦੀਆਂ, ਫੋਟੋ ਬੂਥਾਂ ’ਤੇ ਫੋਟੋ ਖਿਚਵਾਉਦੀਆਂ ਮੁਟਿਆਰਾਂ ਨਾਲ ਮੇਲਾ ਖਚਾਖਚ ਭਰਿਆ ਰਿਹਾ। ਮਸ਼ਹੂਰ ਫੋਟੋਗ੍ਰਾਫਰ ਸੁਰਿੰਦਰ ਸਿੰਘ ਗਿੱਲ ਨੇ ਹਮੇਸ਼ਾ ਵਾਂਗ 6 ਘੰਟੇ ਅਣਥੱਕ ਫੋਟੋਗ੍ਰਾਫੀ ਕੀਤੀ ਅਣਹਦ ਸਿੱਧੂ ਨੇ ਸਾਊਂਡ ਸਿਸਟਮ ਤੇ ਡੀ.ਜੇ. ਦੀ ਸੇਵਾ ਨਿਭਾਈ। ਰਵੀ ਗਿੱਲ ਤੇ ਰਾਣੀ ਗਿੱਲ ਦੇ ਅਨੁਸਾਰ ਨੌਰਥ ਸਿਆਟਲ ਤੋਂ ਇਲਾਵਾ ਰੈਨਟਨ, ਕੈਂਟ, ਐਬਰਨ ਆਦਿ ਤੋਂ ਇਲਾਵਾ ਅੋਰੀਸਨ ਸਪੋਕੇਨ ਤੋਂ ਵੀ ਔਰਤਾਂ ਨੇ ਸ਼ਿਰਕਤ ਕਰਕੇ ਮੇਲੇ ਦੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਅੰਤ ਵਿਚ ਜਸਵੀਰ ਨਿੱਝਰ ਨੇ ਸਾਰਿਆਂ ਦਾ ਧੰਨਵਾਦ ਕੀਤਾ।

Share