ਨਾਮਵਰ ਵਿਦਵਾਨ ਡਾ. ਸਾਧੂ ਸਿੰਘ ‘ਸ. ਪ੍ਰੀਤਮ ਸਿੰਘ ਬਾਸੀ ਮੈਮੋਰੀਅਲ ਅਵਾਰਡ’ ਨਾਲ ਸਨਮਾਨਿਤ

55
Share

-ਨਦੀਮ ਪਰਮਾਰ ਦਾ ਨਾਵਲ ‘ਮਾਪੇ ਵੱਖਰੀ ਤਰ੍ਹਾਂ ਦੇ’ ਲੋਕ ਅਰਪਣ
ਸਰੀ, 18 ਮਈ (ਹਰਦਮ ਮਾਨ/ਪੰਜਾਬ ਮੇਲ)- ਬੀ.ਸੀ. ਪੰਜਾਬੀ ਕਲਚਰਲ ਫਾਊਂਡੇਸ਼ਨ (ਰਜਿ.) ਵੱਲੋਂ ਨਾਮਵਰ ਵਿਦਵਾਨ ਅਤੇ ਸਾਹਿਤਕਾਰ ਡਾ. ਸਾਧੂ ਸਿੰਘ ਨੂੰ ‘ਸ. ਪ੍ਰੀਤਮ ਸਿੰਘ ਬਾਸੀ ਮੈਮੋਰੀਅਲ ਅਵਾਰਡ’ ਪ੍ਰਦਾਨ ਕਰਨ ਲਈ ਪੰਜਾਬ ਭਵਨ ਸਰੀ ਵਿਚ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਡਾ. ਰਘਬੀਰ ਸਿੰਘ ਸਿਰਜਣਾ, ਪ੍ਰੋ. ਦਵਿੰਦਰ ਸਿੰਘ, ਡਾ. ਸਾਧੂ ਸਿੰਘ, ਨਦੀਮ ਪਰਮਾਰ ਅਤੇ ਮੰਗਾ ਬਾਸੀ ਨੇ ਕੀਤੀ।
ਸਮਾਗਮ ਦੇ ਮੁੱਖ ਬੁਲਾਰੇ ਡਾ. ਸਾਧੂ ਬਿੰਨਿੰਗ ਨੇ ਡਾ. ਸਾਧੂ ਸਿੰਘ ਦੀ ਸ਼ਖ਼ਸੀਅਤ, ਉਨ੍ਹਾਂ ਦੇ ਸਾਹਿਤਕ ਕਾਰਜ ਅਤੇ ਵਿਦਵਤਾ ਦਾ ਵਰਨਣ ਕਰਦਿਆਂ ਕਿਹਾ ਕਿ ਉਨ੍ਹਾਂ ਨਾਟਕ, ਕਹਾਣੀ, ਪੰਜਾਬੀ ਸ਼ਬਦਾਵਲੀ, ਆਲੋਚਨਾਤਮਕ ਰਚਨਾਵਾਂ, ਅਨੁਵਾਦ ਅਤੇ ਖੋਜ ਕਾਰਜਾਂ ਰਾਹੀਂ ਪੰਜਾਬੀ ਸਾਹਿਤ ‘ਚ ਵੱਡਮੁੱਲਾ ਯੋਗਦਾਨ ਪਾਇਆ ਹੈ। ਡਾ. ਰਘਬੀਰ ਸਿੰਘ ਸਿਰਜਣਾ ਨੇ ਕਿਹਾ ਕਿ ਡਾ. ਸਾਧੂ ਸਿੰਘ ਬਹੁਤ ਵੱਡੇ ਵਿਦਵਾਨ, ਬਹੁਤ ਵਧੀਆ ਬੁਲਾਰੇ ਹਨ। ਉਨ੍ਹਾਂ ਦੀ ਸ਼ੈਲੀ ਅਤੇ ਸ਼ਬਦਾਵਲੀ ਬਾਕਮਾਲ ਹੈ।
ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਪ੍ਰੋ. ਦਵਿੰਦਰ ਸਿੰਘ, ਪ੍ਰੋਂ ਕਸ਼ਮੀਰਾ ਸਿੰਘ, ਪ੍ਰੋ. ਪਾਲ ਬੈਂਸ, ਸੁਰਿੰਦਰ ਢੇਸੀ, ਸਾਬਕਾ ਐੱਮ.ਪੀ. ਜਸਬੀਰ ਸੰਧੂ, ਐੱਮ.ਐੱਲ.ਏ. ਜਿੰਨੀ ਸਿਮਜ, ਡਾ. ਪ੍ਰਿਥੀਪਾਲ ਸੋਹੀ, ਹਰਜੀਤ ਦੌਧਰੀਆ, ਜਰਨੈਲ ਸਿੰਘ ਆਰਟਿਸਟ ਅਤੇ ਸੁੱਖੀ ਬਾਠ ਨੇ ਵੀ ਡਾ. ਸਾਧੂ ਸਿੰਘ ਦੀ ਸ਼ਖ਼ਸੀਅਤ ਅਤੇ ਸਾਹਿਤਕ ਕਾਰਜਾਂ ਦਾ ਜ਼ਿਕਰ ਕੀਤਾ ਅਤੇ ਇਹ ਐਵਾਰਡ ਦੇਣ ਲਈ ਫਾਊਂਡੇਸ਼ਨ ਅਤੇ ਮੰਗਾ ਬਾਸੀ ਦੀ ਸ਼ਲਾਘਾ ਕੀਤੀ। ਡਾ. ਸਾਧੂ ਸਿੰਘ ਅਤੇ ਹੋਰ ਬੁਲਾਰਿਆਂ ਨੇ ਇਸ ਮੌਕੇ ਮਰਹੂਮ ਪ੍ਰੀਤਮ ਸਿੰਘ ਨੂੰ ਯਾਦ ਕਰਦਿਆਂ ਉਨ੍ਹਾਂ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ।
ਇਸ ਮੌਕੇ ਪ੍ਰਧਾਨਗੀ ਮੰਡਲ ਅਤੇ ਹੋਰ ਮਹਿਮਾਨਾਂ ਵੱਲੋਂ ਡਾ. ਸਾਧੂ ਸਿੰਘ ਨੂੰ ‘ਸ. ਪ੍ਰੀਤਮ ਸਿੰਘ ਬਾਸੀ ਮੈਮੋਰੀਅਲ ਅਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਵਰਨਣਯੋਗ ਹੈ ਕਿ ਪੰਜਾਬੀ ਸ਼ਾਇਰ ਮੰਗਾ ਸਿੰਘ ਬਾਸੀ ਵੱਲੋਂ ਆਪਣੇ ਪਿਤਾ ਦੀ ਯਾਦ ਵਿਚ ਇਹ ਸਾਹਿਤਕ ਪੁਰਸਕਾਰ ਦਿੱਤਾ ਜਾਂਦਾ ਹੈ। ਸਮਾਗਮ ਦੌਰਾਨ ਪ੍ਰਸਿੱਧ ਨਾਵਲਕਾਰ ਨਦੀਮ ਪਰਮਾਰ ਦਾ ਨਾਵਲ ‘ਮਾਪੇ ਵੱਖਰੀ ਤਰ੍ਹਾਂ ਦੇ’ ਲੋਕ ਅਰਪਣ ਕੀਤਾ ਗਿਆ ਅਤੇ ਇਸ ਨਾਵਲ ਉਪਰ ਪ੍ਰਿੰ. ਸੁਰਿੰਦਰਪਾਲ ਕੌਰ ਬਰਾੜ ਅਤੇ ਜਰਨੈਲ ਸਿੰਘ ਆਰਟਿਸਟ ਨੇ ਵਿਚਾਰ ਪੇਸ਼ ਕੀਤੇ।
ਅੰਤ ਵਿਚ ਸਮਾਗਮ ਦੇ ਮੁੱਖ ਪ੍ਰਬੰਧਕ ਮੰਗਾ ਬਾਸੀ ਨੇ ਸਮਾਗਮ ‘ਚ ਹਾਜਰ ਸਭਨਾਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਸਮੁੱਚੇ ਸਮਾਗਮ ਦਾ ਸੰਚਾਲਨ ਮੋਹਨ ਗਿੱਲ ਨੇ ਬਹੁਤ ਹੀ ਸੁਚਾਰੂ ਢੰਗ ਨਾਲ ਕੀਤਾ। ਸਮਾਗਮ ‘ਚ ਹੋਰਨਾਂ ਤੋਂ ਇਲਾਵਾ ਚੇਤਨਾ ਪ੍ਰਕਾਸ਼ਨ ਲੁਧਿਆਣਾ ਦੇ ਸਤੀਸ਼ ਗੁਲਾਟੀ, ਰੇਡੀਓ ਹੋਸਟ ਹਰਜਿੰਦਰ ਥਿੰਦ, ਜਰਨਲਿਸਟ ਸੁਰਿੰਦਰ ਚਾਹਲ, ਚਰਨਜੀਤ ਕੌਰ ਗਿੱਲ, ਬਖਸ਼ਿੰਦਰ, ਪ੍ਰੋ. ਹਰਿੰਦਰ ਸੋਹੀ, ਕਾਮਰੇਡ ਨਵਰੂਪ ਸਿੰਘ, ਬਲਿਹਾਰ ਲੇਹਲ, ਹਰਦਮ ਮਾਨ, ਮੋਹਨ ਸਿੰਘ ਸੰਧੂ, ਡਾ. ਸਾਧੂ ਸਿੰਘ ਦੇ ਪਰਿਵਾਰਕ ਮੈਂਬਰ ਅਤੇ ਹੋਰ ਕਈ ਪੰਤਵੰਤੇ ਹਾਜਰ ਸਨ।


Share