ਨਾਮਵਰ ਨਾਵਲਕਾਰ ਜਸਵੰਤ ਸਿੰਘ ਕੰਵਲ ਦਾ 103ਵਾਂ ਜਨਮ ਦਿਨ ਮਨਾਇਆ

59
Share

ਸਰੀ, 2 ਜੁਲਾਈ (ਹਰਦਮ ਮਾਨ/ਪੰਜਾਬ ਮੇਲ)-ਗੁਲਾਟੀ ਪਬਲਿਸ਼ਰਜ਼ ਲਿਮਟਿਡ ਸਰੀ ਵੱਲੋਂ ਵੈਨਕੂਵਰ ਵਿਚਾਰ ਮੰਚ ਦੇ ਸਹਿਯੋਗ ਨਾਲ ਪੰਜਾਬੀ ਦੇ ਨਾਮਵਰ ਨਾਵਲਕਾਰ ਜਸਵੰਤ ਸਿੰਘ ਕੰਵਲ ਦਾ 103ਵਾਂ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਮਰਹੂਮ ਸਾਹਿਤਕਾਰ ਦੀਆਂ ਸਦਾ ਬਹਾਰ ਕਿਰਤਾਂ ਅਤੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਬਾਰੇ ਸਮੇਂ ਸਮੇਂ ਉਨ੍ਹਾਂ ਵੱਲੋਂ ਕੀਤੀ ਅਗਵਾਈ ਨੂੰ ਯਾਦ ਕੀਤਾ ਗਿਆ।
ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਉਨ੍ਹਾਂ ਨਾਲ ਬਿਤਾਏ ਲੰਮੇਂ ਸਮੇਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਥਾਪੜੇ ਸਦਕਾ ਹੀ ਉਹ ਪੰਜਾਬੀ ਕਹਾਣੀ ਅਤੇ ਨਾਵਲ ਦੇ ਖੇਤਰ ਵਿਚ ਕੁਝ ਕਰ ਸਕਣ ਦੇ ਯੋਗ ਹੋਏ ਹਨ। ਉਨ੍ਹਾਂ ਕਿਹਾ ਕਿ ਸ. ਕੰਵਲ ਪੰਜਾਬੀ ਅਤੇ ਪੰਜਾਬੀਆਂ ਦੀ ਸ਼ਾਨ ਉੱਚੀ ਰੱਖਣ ਦੇ ਮੁੱਦਈ ਸਨ। ਉਨ੍ਹਾਂ ਪੰਜਾਬ ਅਤੇ ਪੰਜਾਬੀਆਂ ਨੂੰ ਆਪਣੇ ਵਿਚਾਰਾਂ ਨਾਲ ਸਮੇਂ-ਸਮੇਂ ’ਤੇ ਅਗਵਾਈ ਦਿੱਤੀ। ਸ਼ਾਇਰ ਮੋਹਨ ਗਿੱਲ ਨੇ ਜਸਵੰਤ ਸਿੰਘ ਕੰਵਲ ਨੂੰ ਮਹਾਨ ਸਾਹਿਤਕਾਰ ਦਸਦਿਆਂ ਕਿਹਾ ਕਿ ਜਿਸ ਨੇ ਉਨ੍ਹਾਂ ਦੀਆਂ ਰਚਨਾਵਾਂ ਨਹੀਂ ਪੜ੍ਹੀਆਂ ਉਹ ਪੰਜਾਬੀ ਨਹੀਂ ਹੋ ਸਕਦਾ। ਜਰਨੈਲ ਸਿੰਘ ਆਰਟਿਸਟ ਨੇ ਕਿਹਾ ਕਿ ਜਸਵੰਤ ਸਿੰਘ ਕੰਵਲ ਦੀਆਂ ਸਾਹਿਤਕ ਕਿਰਤਾਂ ਪੰਜਾਬੀ ਸਾਹਿਤ ਦਾ ਵੱਡਮੁੱਲਾ ਖਜ਼ਾਨਾ ਹਨ ਅਤੇ ਇਹ ਹਮੇਸ਼ਾਂ ਪੰਜਾਬੀ ਮਨਾਂ ਵਿਚ ਵਸਦੀਆਂ ਰਹਿਣਗੀਆਂ।
ਹਰਦਮ ਸਿੰਘ ਮਾਨ ਨੇ ਕਿਹਾ ਕਿ ਮਰਹੂਮ ਕੰਵਲ ਨੇ ਪੌਣੀ ਸਦੀ ਪੰਜਾਬੀ ਵਿਚ ਸਾਹਿਤ ਦੀ ਸਿਰਜਣਾ ਕੀਤੀ ਅਤੇ ਪੰਜਾਬ ਵਿਚ ਚੱਲੀਆਂ ਲਹਿਰਾਂ ਨੂੰ ਆਪਣੀ ਲੇਖਣੀ ਰਾਹੀਂ ਪ੍ਰਭਾਵਿਤ ਕੀਤਾ। ਅੰਗਰੇਜ਼ ਬਰਾੜ ਨੇ ਉਨ੍ਹਾਂ ਨੂੰ ਲੇਖਕਾਂ ਦਾ ਲੇਖਕ ਕਿਹਾ। ਫਿਲਮ ਜਗਤ ਦੀ ਸ਼ਖ਼ਸੀਅਤ ਅਤੇ ਸਵ. ਜਸਵੰਤ ਸਿੰਘ ਕੰਵਲ ਦੇ ਪੇਂਡੂ ਦਲਜੀਤ ਪਾਲ ਸਿੰਘ ਅਰਸ਼ੀ ਨੇ ਉਨ੍ਹਾਂ ਨਾਲ ਆਪਣੀ ਪਰਿਵਾਰਕ ਸਾਂਝ ਦਾ ਜ਼ਿਕਰ ਕੀਤਾ। ਗੁਰਦੀਪ ਆਰਟਸ ਅਕੈਡਮੀ ਦੇ ਸੰਚਾਲਕ ਗੁਰਦੀਪ ਭੁੱਲਰ ਨੇ ਉਨ੍ਹਾਂ ਨੂੰ ਸਾਡੇ ਸਮਿਆਂ ਦਾ ਸਿਰਮੌਰ ਨਾਵਲਕਾਰ ਕਿਹਾ।

Share