ਨਾਮਵਰ ਕਿਸਾਨ ਆਗੂ ਦੇ ਜਲਦ ਹੀ ‘ਆਪ’ ਸ਼ਾਮਲ ਹੋਣ ਦੀਆਂ ਲੱਗ ਰਹੀਆਂ ਕਿਆਸਅਰਾਈਆਂ!

129
Share

-ਹੋ ਸਕਦੈ ਮੁੱਖ ਮੰਤਰੀ ਚਿਹਰੇ ਦਾ ਉਮੀਦਵਾਰ
ਜਲੰਧਰ, 24 ਜੂਨ (ਪੰਜਾਬ ਮੇਲ)-ਮਿਸ਼ਨ 2022 ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਲਗਾਤਾਰ ਨਵੇਂ ਚਿਹਰਿਆਂ ਨੂੰ ਪਾਰਟੀ ਵਿਚ ਸ਼ਾਮਲ ਕਰ ਰਹੀ ਹੈ। ਇਸੇ ਦੌਰਾਨ ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਇਕ ਨਾਮਵਰ ਕਿਸਾਨ ਆਗੂ ਜਲਦ ‘ਆਪ’ ਵਿਚ ਸ਼ਾਮਲ ਹੋ ਸਕਦੇ ਹਨ। ਇਸ ਗੱਲ ਦਾ ਅੰਦਾਜ਼ਾ ਇਥੋਂ ਵੀ ਲਾਇਆ ਜਾ ਸਕਦਾ ਹੈ ਕਿ ਪਿਛਲੇ ਦਿਨੀਂ ਅੰਮਿ੍ਰਤਸਰ ਪਹੁੰਚੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕੁੰਵਰ ਵਿਜੇ ਪ੍ਰਤਾਪ ਨੂੰ ਪਾਰਟੀ ਵਿਚ ਸ਼ਾਮਲ ਕਰਨ ਮੌਕੇ ਇਹ ਗੱਲ ਕਹੀ ਸੀ ਕਿ ਪੰਜਾਬ ਵਿਚ ਸਿੱਖ ਚਿਹਰਾ ਹੀ ਮੁੱਖ ਮੰਤਰੀ ਦਾ ਉਮੀਦਵਾਰ ਹੋਵੇਗਾ ਅਤੇ ਸਾਰਿਆਂ ਨੂੰ ਉਸ ਉੱਤੇ ਮਾਣ ਹੋਵੇਗਾ। ਉਦੋਂ ਤੋਂ ਹੀ ਸਿਆਸੀ ਹਲਕਿਆਂ ਵਿਚ ਇਸ ‘ਚਿਹਰੇ’ ਨੂੰ ਲੈ ਕੇ ਕਿਆਸਅਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ। ਹੁਣ ਚਰਚਾਵਾਂ ਚੱਲ ਰਹੀਆਂ ਹਨ ਕਿ ਆਉਣ ਵਾਲੇ ਦਿਨਾਂ ਵਿਚ ਆਮ ਆਦਮੀ ਪਾਰਟੀ ਇਕ ਵੱਡੇ ਕਿਸਾਨ ਆਗੂ ਨੂੰ ਪਾਰਟੀ ’ਚ ਸ਼ਾਮਲ ਕਰ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਸੰਭਾਵਨਾ ਹੈ ਕਿ ਇਹ ਆਗੂ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਉਮੀਦਵਾਰ ਦਾ ਚਿਹਰਾ ਹੋਵੇ।¿;
ਗੌਰਤਲਬ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਕਿਸਾਨਾਂ ਨਾਲ ਪੰਜਾਬ ਸਮੇਤ ਕਈ ਰਾਜਾਂ ਦੇ ਲੋਕਾਂ ਦੀ ਹਮਦਰਦੀ ਬਣ ਚੁੱਕੀ ਹੈ। ਇਸ ਮੌਕੇ ਦਾ ਲਾਹਾ ਹਰ ਪਾਰਟੀ ਲੈਣਾ ਚਾਹੁੰਦੀ ਹੈ। ‘ਆਪ’ ਜਾਣਦੀ ਹੈ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਕਿਸਾਨ ਆਗੂ ਨੂੰ ਪਾਰਟੀ ਵਿਚ ਸ਼ਾਮਲ ਕਰਨ ਨਾਲ ਵੱਡਾ ਫ਼ਾਇਦਾ ਹੋ ਸਕਦਾ ਹੈ। ਦੂਜਾ ਪੱਖ ਇਹ ਵੀ ਹੈ ਕਿ ਪਹਿਲਾਂ ਤੋਂ ਹੀ ਆਮ ਆਦਮੀ ਪਾਰਟੀ ਦੇ ਵੱਡੇ ਆਗੂ, ਜੋ ਮੁੱਖ ਮੰਤਰੀ ਉਮੀਦਵਾਰ ਦੀ ਦਾਅਵੇਦਾਰੀ ਜਤਾ ਰਹੇ ਹਨ, ਦਾ ਵਿਰੋਧ ਹੁੰਦਾ ਰਿਹਾ ਹੈ, ਜਿਸ ਕਾਰਨ ਪਾਰਟੀ ਕਿਸੇ ਐਸੇ ਆਗੂ ਨੂੰ ਮੋਹਰੇ ਲਿਆਉਣਾ ਚਾਹੁੰਦੀ ਹੈ, ਜਿਸ ਨਾਲ ਸਾਰਿਆਂ ਦੀ ਸਹਿਮਤੀ ਬਣ ਸਕੇ। ਇਸ ਤਰ੍ਹਾਂ ਪਾਰਟੀ ਅੰਦਰ ਬਗਾਵਤ ਦੀਆਂ ਸੰਭਾਵਨਾਵਾਂ ਵੀ ਘੱਟ ਜਾਣਗੀਆਂ। ‘ਆਪ’ ਲਈ ਇਹ ਵੱਡੀ ਚੁਣੌਤੀ ਵੀ ਹੈ ਕਿ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਪਾਰਟੀ ਅੰਦਰ ਘਮਸਾਨ ਸ਼ੁਰੂ ਹੋ ਸਕਦਾ ਹੈ।
ਕਿਸਾਨ ਆਗੂ ਨੂੰ ਪਾਰਟੀ ’ਚ ਸ਼ਾਮਲ ਕਰਕੇ ‘ਆਪ’ ਇਕ ਤੀਰ ਨਾਲ ਕਈ ਨਿਸ਼ਾਨੇ ਲਾਉਣ ਦੀ ਤਾਕ ਵਿਚ ਹੈ। ਇਸ ਨਾਲ ਪਾਰਟੀ ਅੰਦਰ ਇਸ ਆਗੂ ਦੇ ਵਿਰੋਧ ਦੀਆਂ ਸੰਭਾਵਨਾਵਾਂ ਤਾਂ ਘੱਟ ਹੋਣਗੀਆਂ ਹੀ, ਸਗੋਂ ਕਿਸਾਨਾਂ ਦੀ ਹਮਾਇਤ ਵੀ ਮਿਲ ਸਕਦੀ ਹੈ। ਸਿੱਧੇ ਤੌਰ ’ਤੇ ਸਿਆਸਤ ਤੋਂ ਦੂਰ ਰਹੇ ਕਿਸਾਨ ਆਗੂ ਨੂੰ ਪਾਰਟੀ ’ਚ ਸ਼ਾਮਲ ਕਰਕੇ ਵਿਰੋਧੀਆਂ ਨੂੰ ਚਿੱਤ ਕਰਣ ਦੀ ਰਣਨੀਤੀ ਤਹਿਤ ‘ਆਪ’ ਨਵਾਂ ਪੈਂਤੜਾ ਚੱਲ ਸਕਦੀ ਹੈ। ਸੰਭਾਵਨਾਵਾਂ ਇਹ ਵੀ ਹਨ ਕਿ ਕਿਸਾਨ ਆਗੂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾ ਸਕਦਾ ਹੈ, ਤਾਂ ਜੋ ਵਿਰੋਧੀਆਂ ਨੂੰ ਵੀ ਕਿਸਾਨ ਚਿਹਰਾ ਹੋਣ ਨਾਤੇ ਭੰਡਣ ਦਾ ਮੌਕਾ ਨਾ ਮਿਲ ਸਕੇ।

Share