ਨਾਬਾਲਿਗ ਲੜਕੀਆਂ ਨੂੰ ਵਰਗਲਾਉਣ ਦੇ ਦੋਸ਼ ਹੇਠ ਲੈਥਰੋਪ ‘ਚ 4 ਪੰਜਾਬੀਆਂ ਸਮੇਤ 19 ਗ੍ਰਿਫ਼ਤਾਰ

1046
Share

ਲੈਥਰੋਪ, 24 ਜੂਨ (ਪੰਜਾਬ ਮੇਲ)- ਕੈਲੀਫੋਰਨੀਆ ਦੇ ਸ਼ਹਿਰ ਲੈਥਰੋਪ ਵਿਚ ਸਥਾਨਕ ਪੁਲਿਸ ਵੱਲੋਂ ਇਕ ਸਟਿੰਗ ਆਪ੍ਰੇਸ਼ਨ ਕਰਕੇ ਨਾਬਾਲਿਗ ਲੜਕੀਆਂ ਨੂੰ ਵਰਗਲਾਉਣ ਦੀ ਕੋਸ਼ਿਸ਼ ਕਰਦੇ 19 ਲੋਕਾਂ ਨੂੰ ਰੰਗੇ ਹੱਥੀਂ ਹਿਰਾਸਤ ਵਿਚ ਲਿਆ ਗਿਆ ਹੈ। ਪੰਜਾਬ ਮੇਲ ਵੱਲੋਂ ਇਕੱਤਰ ਕੀਤੀ ਸੂਚਨਾ ਅਨੁਸਾਰ ਗ੍ਰਿਫ਼ਤਾਰ ਕੀਤੇ ਲੋਕਾਂ ਵਿਚ 4 ਪੰਜਾਬੀ ਵੀ ਹਨ, ਜਿਨ੍ਹਾਂ ਵਿਚ 46 ਸਾਲਾ ਸਰਬਜੀਤ ਸਿੰਘ ਸ਼ੇਰਗਿੱਲ, 35 ਸਾਲਾ ਸਿਮਰਨ ਸਿੰਘ, 35 ਸਾਲਾ ਸ਼ੇਰ ਸਿੰਘ ਰੰਧਾਵਾ ਤੇ 39 ਸਾਲਾ ਵਿਸ਼ਾਲ ਸਿੰਘ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਇਕ ਫਿਜ਼ੀ ਮੂਲ ਦਾ 40 ਸਾਲਾ ਰੋਨੀਲ ਸਿੰਘ ਵੀ ਸ਼ਾਮਲ ਹੈ।
ਹੋਰਨਾਂ ਗ੍ਰਿਫ਼ਤਾਰ ਲੋਕਾਂ ‘ਚ ਡੈਰਲਨ ਪੇਟਰਸਨ, ਹੁਆਨ ਗਾਰਸੀਆ, ਹਰਮੈਨ ਗਲੀਡੋ, ਰਾਬਰਟ ਪੀਨਾ, ਡੈਨੀਅਲ ਸਨੋਅ, ਰਾਇਨ ਵਿਗਲੇ, ਗੋਲਡਨ ਬਰਿਆਨ, ਜੋਸਫ ਕੈਸੀਓ, ਹਾਊਥ ਆਵਰ, ਮਾਰੀਓ ਮਾਰਟਨੀਜ਼, ਰੋਨਾਲਡ ਕੀਜ਼, ਮਾਰਕ ਪਰੋਵੈਂਕਲੋ, ਲੂਈਸ ਗੁਜ਼ਮੈਨ ਅਤੇ ਕ੍ਰਿਸਟੀਨੋ ਰੋਡਰੇਜ਼ ਸ਼ਾਮਲ ਹਨ।
ਪੰਜਾਬ ਮੇਲ ਵੱਲੋਂ ਲੈਥਰੋਪ ਪੁਲਿਸ ਸਰਵਿਸ ਤੋਂ ਹਾਸਲ ਕੀਤੀ ਸੂਚਨਾ ਅਨੁਸਾਰ ਗ੍ਰਿਫ਼ਤਾਰ ਹੋਏ ਲੋਕਾਂ ਵਿਚੋਂ ਕੋਈ ਵੀ ਲੈਥਰੋਪ ਦਾ ਬਾਸ਼ਿੰਦਾ ਨਹੀਂ ਸੀ ਅਤੇ ਸਾਰੇ ਹੀ ਬਾਹਰੋਂ ਆਏ ਸਨ। ਪੁਲਿਸ ਮੁਖੀ ਅਨੁਸਾਰ ਲੈਥਰੋਪ ਪੁਲਿਸ ਵਿਭਾਗ ਵੱਲੋਂ ਹੁਣ ਤੱਕ ਦਾ ਇਹ ਸਭ ਤੋਂ ਵੱਡਾ ਆਪ੍ਰੇਸ਼ਨ ਸੀ, ਜਿਸ ਦੌਰਾਨ 19 ਵਿਅਕਤੀ ਇਕੱਠੇ ਗ੍ਰਿਫ਼ਤਾਰ ਕੀਤੇ ਗਏ। ਪੁਲਿਸ ਮੁਖੀ ਨੇ ਦੱਸਿਆ ਕਿ ਇਹ ਲੋਕ ਘੱਟ ਉਮਰ ਦੀਆਂ ਲੜਕੀਆਂ ਨੂੰ ਆਨਲਾਇਨ ਡੇਟਿੰਗ ਕਰਕੇ ਮਿਲਣ ਦਾ ਥਾਂ ਨਿਸ਼ਚਿਤ ਕਰਦੇ ਸਨ। ਪਰ ਇਸ ਵਾਰ ਇਹ ਆਪ੍ਰੇਸ਼ਨ ਪੁਲਿਸ ਵੱਲੋਂ ਕੀਤਾ ਗਿਆ। ਦੋ ਹਫਤੇ ਚੱਲੇ ਇਸ ਆਪ੍ਰੇਸ਼ਨ ਵਿਚ ਇਹ ਲੋਕ ਹਿਰਾਸਤ ਵਿਚ ਲਏ ਗਏ ਹਨ।
ਪੁਲਿਸ ਮੁਖੀ ਨੇ ਦੱਸਿਆ ਕਿ ਮਾਂ-ਬਾਪ ਨੂੰ ਆਪਣੇ ਬੱਚਿਆਂ ‘ਤੇ ਸਖ਼ਤ ਨਿਗ੍ਹਾ ਰੱਖਣ ਦੀ ਲੋੜ ਹੈ, ਤਾਂਕਿ ਅਜਿਹੇ ਲੋਕਾਂ ਤੋਂ ਉਨ੍ਹਾਂ ਦੀ ਇੱਜ਼ਤ ਨੂੰ ਬਚਾਇਆ ਜਾ ਸਕੇ।


Share