ਨਾਨਕਸਰ ਬਰੈਂਪਟਨ ਵਲੋਂ ਗੁਰਪੁਰਬ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ

437
ਗੁਰਦੁਆਰਾ ਨਾਨਕਸਰ ਬਰੈਂਪਟਨ ਵਲੋਂ ਮਨਾਏ ਗਏ ਗੁਰਪੁਰਬ ਮੌਕੇ ਹਾਜ਼ਰ ਪਤਵੰਤੇ।
Share

ਬਰੈਂਪਟਨ, 22 ਨਵੰਬਰ (ਸੁਰਜੀਤ ਸਿੰਘ ਫਲੋਰਾ/ਪੰਜਾਬ ਮੇਲ)- ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਗੁਰਦਵਾਰਾ ਨਾਨਕਸਰ ਬਰੈਂਪਟਨ ਵਿਖੇ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰਕਾਸ਼ ਪੁਰਬ ਸਬੰਧੀ 18 ਨਵੰਬਰ ਦੀ ਰਾਤ ਨੂੰ ਅਰਧਰਾਤਰੀ ਕੀਤਰਨ ਦੇ ਦਰਬਾਰ ਸਜਾਏ ਗਏ, ਜਿਥੇ ਵੱਖ-ਵੱਖ ਰਾਗੀ ਜੱਥਿਆਂ ਅਤੇ ਕਥਾਵਾਚਕਾਂ ਵਲੋਂ ਗੁਰੂ ਸਾਹਿਬ ਦੇ ਸਰਬ ਸਾਂਝੀਵਾਲਤਾ, ਏਕੇ ਦਾ, ਪਿਆਰ ਮੁਹੱਬਤ ਤੇ ਉਸ ਅਕਾਲ ਪੁਰਖ ਦੇ ਭਾਣੇ ’ਚ ਰਹਿ ਕੇ ਨਾਮ ਜਪਣ, ਵੰਡ ਕੇ ਛਕਣ ਦੇ ਉਪਦੇਸ਼ ਨੂੰ ਤਾਜ਼ਾ ਕੀਤਾ, ਜੋ ਰਾਤ ਦੇ ਤਕਰੀਬਨ ਇਕ ਵਜੇ ਤੱਕ ਚੱਲਿਆ।
ਇਸ ਉਪਰੰਤ ਨਵੰਬਰ 19 ਸ਼ਾਮ ਸਾਢੇ 6 ਵਜੇ ਚਾਰ ਸੰਪਟ ਪਾਠ ਤੇ ਨਾਲ ਜਪੁਜੀ ਸਹਿਬ ਦੇ ਪਾਠਾਂ ਦੇ ਭੋਗ ਪਾਏ ਗਾਏ। ਰਾਗੀ ਸਿੰਘਾਂ ਵਲੋਂ ਗੁਰੂ ਕੀ ਸੰਗਤ ਨੂੰ ਧੁਰ ਕੀ ਬਾਣੀ ਦੇ ਕੀਰਤਨ ਨਾਲ ਵੱਖ-ਵੱਖ ਜਥਿਆਂ ਵਲੋਂ ਨਿਹਾਲ ਕੀਤਾ ਗਿਆ।
ਇਸ ਸਮੇਂ ਟੋਰਾਂਟੋ ਸਥਿਤ ਭਾਰਤੀ ਕੌਂਸਲ ਜਨਰਲ ਸ਼੍ਰੀਮਤੀ ਅਪੂਰਵਾ ਸ਼੍ਰੀਵਾਸਤਵ ਵਲੋਂ ਇਕ ਗੁਰੂ ਨਾਨਕ ਸਾਹਿਬ ’ਤੇ ਲਿਖੀ ਕਿਤਾਬ ਵੀ ਗੁਰਦੁਆਰਾ ਪ੍ਰਬੰਧਕ ਕੁਮੇਟੀ ਨੂੰ ਭੇਂਟ ਕੀਤੀ ਗਈ ਤੇ ਨਾਲ ਹੀ ਗੁਰੂ ਸਾਹਿਬ ਦੇ ਉਪਦੇਸ਼ ਬਾਰੇ ਗੱਲ ਕਰਦੇ ਹੋਏ ਸਭ ਸੰਗਤ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ’ਤੇ ਵਧਾਈ ਦਿੱਤੀ। ਇਸੇ ਤਰ੍ਹਾਂ ਬਰੈਂਪਟਨ ਸਾਊਥ ਤੋਂ ਐੱਮ.ਪੀ. ਸੋਨੀਆ ਸਿੱਧੂ, ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ, ਓਨਟਾਰਿਓ ਸਰਕਾਰ ਦੇ ਮਿਨਿਸਟਰ ਅਤੇ ਬਰੈਂਪਟਨ ਸਾਊਥ ਦੇ ਐੱਮ.ਪੀ.ਪੀ. ਪ੍ਰਭਮੀਤ ਸਰਕਾਰੀਆਂ ਵਲੋਂ ਜਿੱਥੇ ਗੁਰਪੁਰਬ ਦੀਆਂ ਵਧਾਇਆਂ ਦਿੱਤੀਆਂ, ਉਥੇ ਗੁਰੂ ਸਾਹਿਬ ਦੇ ਆਗਮਨ ਦਿਵਸ ’ਤੇ ਮੋਦੀ ਸਰਕਾਰ ਵਲੋਂ ਕਿਸਾਨੀ ਤਿੰਨ ਕਾਨੂੰਨਾਂ ਨੂੰ ਖ਼ਤਮ ਕਰਨ ’ਤੇ ਖੁਸ਼ੀ ਦਾ ਇਜ਼ਹਾਰ ਕੀਤਾ।
ਇਸੇ ਤਰ੍ਹਾਂ ਗੁਰਦੁਆਰਾ ਨਾਨਕਸਰ ਵਲੋਂ ਵੀ ਸਾਰੇ ਆਏ ਵਿਸ਼ੇਸ਼ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤੇ ਅਤੇ ਲੋਈਆਂ ਦੇ ਕੇ ਸਨਮਾਨ ਕੀਤਾ ਗਿਆ। ਗੁਰੂ ਕਾ ਅਤੁੱਟ ਲੰਗਰ ਸਾਰਾ ਦਿਨ ਚੱਲਦਾ ਰਿਹਾ। ਆਖਿਰ ਗੁਰੂਘਰ ਵਲੋਂ ਸਭ ਆਇਆਂ ਸੰਗਤਾਂ ਦਾ ਧੰਨਵਾਦ ਕੀਤਾ ਤੇ ਇਸ ਸਥਾਨ ਦੇ ਸਰਪ੍ਰਸਤ ਬਾਬਾ ਗੁਰਦੇਵ ਜੀ ਵਲੋਂ ਕੈਨੇਡਾ ਸੰਗਤਾਂ ਲਈ ਗੁਰਪੁਰਬ ’ਤੇ ਭੇਜੇ ਵਧਾਈ ਸੰਦੇਸ਼ ਨੂੰ ਸਾਂਝਾ ਕੀਤਾ ਗਿਆ।
ਇਸ ਦੌਰਾਨ ਗੁਰਦੁਆਰਾ ਨਾਨਕਸਰ ਗੁਰੂਘਰ ਦੀ ਇਮਾਰਤ ਨੂੰ ਬਹੁਤ ਹੀ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਅਤੇ ਗੁਰਦੁਆਰੇ ਦੀ ਇਮਾਰਤ ਦੇ ਬਾਹਰ ਸੰਗਤਾਂ ਵਲੋਂ ਦੀਵੇ ਜਗਾ ਕੇ ਗੁਰੂ ਸਹਿਬ ਦੇ ਆਗਮਨ ’ਤੇ ਖੁਸ਼ੀ ਦਾ ਇਜ਼ਹਾਰ ਕੀਤਾ।

Share