ਨਹੀਂ ਰੁੱਕ ਰਿਹਾ ਕੋਰੋਨਾਵਾਇਰਸ ਦਾ ਕਹਿਰ

706
Share

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ : 916-320-9444

ਕੋਰੋਨਾਵਾਇਰਸ ਨੇ ਇਸ ਵੇਲੇ ਕਰੀਬ ਪੂਰੀ ਦੁਨੀਆਂ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ। 4 ਲੱਖ ਤੋਂ ਕਰੀਬ  ਲੋਕ ਇਸ ਦੀ ਲਪੇਟ ‘ਚ ਆ ਚੁੱਕੇ ਹਨ ਅਤੇ 17 ਹਜ਼ਾਰ ਤੋਂ ਵੱਧ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਪੂਰੀ ਦੁਨੀਆਂ ‘ਚ ਇਸ ਸਮੇਂ ਵਾਇਰਸ ਨੂੰ ਲੈ ਕੇ ਵੱਡਾ ਅਹਿਤਿਆਤ ਵਰਤਿਆ ਜਾ ਰਿਹਾ ਹੈ। ਦੁਨੀਆਂ ਦੇ ਇਤਿਹਾਸ ‘ਚ ਸ਼ਾਇਦ ਇਹ ਪਹਿਲਾ ਮੌਕਾ ਹੈ ਕਿ ਵਾਇਰਸ ਨੇ ਮਨੁੱਖਤਾ ਨੂੰ ਵੱਡਾ ਖਤਰਾ ਖੜ੍ਹਾ ਕਰ ਰੱਖਿਆ ਹੈ ਅਤੇ ਸਭਨਾਂ ਮੁਲਕਾਂ ਦੀਆਂ ਸਰਕਾਰਾਂ ਵੱਲੋਂ ਵਾਇਰਸ ਨੂੰ ਰੋਕਣ ਲਈ ਜੰਗੀ ਪੱਧਰ ਉੱਤੇ ਕਦਮ ਉਠਾਏ ਜਾ ਰਹੇ ਹਨ। ਸ਼ਾਇਦ ਇਹ ਵੀ ਪਹਿਲਾ ਮੌਕਾ ਹੋਵੇਗਾ ਕਿ ਕਿਸੇ ਬਿਮਾਰੀ ਦੀ ਰੋਕਥਾਮ ਲਈ ਪੂਰੀ ਦੁਨੀਆਂ ਲਾਕਡਾਊਨ ਕਰ ਦਿੱਤੀ ਗਈ ਹੋਵੇ। ਕਰੀਬ ਸਾਰੇ ਹੀ ਮੁਲਕਾਂ ਨੇ ਵੱਡੇ ਪੱਧਰ ‘ਤੇ ਆਪਣੇ ਆਪ ਨੂੰ ਇਕ ਦੂਜੇ ਦੇਸ਼ ਨਾਲੋਂ ਵੱਖ ਕਰਦਿਆਂ ਕਰੀਬ ਸਾਰੀਆਂ ਹੀ ਹਵਾਈ ਟ੍ਰੈਫਿਕ ਠੱਪ ਕਰ ਰੱਖੀ ਹੈ। ਨਾਗਰਿਕਾਂ ਦੇ ਇਕ ਦੂਜੇ ਦੇਸ਼ ‘ਤੇ ਜਾਣ ਉਪਰ ਪਾਬੰਦੀਆਂ ਲਾ ਦਿੱਤੀਆਂ ਹਨ। ਇੱਥੋਂ ਤੱਕ ਕਿ ਬਹੁਤ ਸਾਰੇ ਦੇਸ਼ਾਂ ਨੇ ਤਾਂ ਲਾਕਡਾਊਨ ਤੋਂ ਵੀ ਅੱਗੇ ਵੱਧਦਿਆਂ ਕਰਫਿਊ ਲਗਾ ਕੇ ਲੋਕਾਂ ਨੂੰ ਘਰਾਂ ਵਿਚ ਬੰਦ ਰੱਖਣ ਦੇ ਸਖ਼ਤ ਕਦਮ ਵੀ ਚੁੱਕੇ ਹੋਏ ਹਨ।
ਅਮਰੀਕਾ ਵਿਚ ਵੀ ਕੋਰੋਨਾ ਤੋਂ ਪੀੜਤ ਲੋਕਾਂ ਦੀ ਗਿਣਤੀ ਹਜ਼ਾਰਾਂ ਵਿਚ ਪਹੁੰਚ ਚੁੱਕੀ ਹੈ ਅਤੇ ਬਹੁਤ ਸਾਰੇ ਮਰੀਜ਼ਾਂ ਦੀ ਮੌਤ ਵੀ ਹੋ ਚੁੱਕੀ ਹੈ। ਅਮਰੀਕਾ ਦੀ ਵਾਸ਼ਿੰਗਟਨ ਸਟੇਟ ‘ਚ ਮੌਤਾਂ ਦੀ ਗਿਣਤੀ ਸਭ ਤੋਂ ਵਧੇਰੇ ਹੈ। ਇਸ ਸਟੇਟ ਵਿਚ ਐਮਰਜੈਂਸੀ ਆਫਤ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਦੇਸ਼ ਪੱਧਰ ‘ਤੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਚੌਕਸੀ ਵਰਤਣ ਲਈ ਹੁਕਮ ਜਾਰੀ ਕੀਤੇ ਹੋਏ ਹਨ। ਅਮਰੀਕਾ ‘ਚ ਭਾਵੇਂ ਵਾਇਰਸ ਕਾਰਨ ਮੌਤਾਂ ਅਤੇ ਮਰੀਜ਼ਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ। ਪਰ ਅਮਰੀਕੀ ਪ੍ਰਸ਼ਾਸਨ ਇਸ ਦੇ ਆਮ ਵਪਾਰਕ, ਸਨਅਤੀ ਅਤੇ ਕਾਰੋਬਾਰ ਪੱਖਾਂ ਉਪਰ ਪ੍ਰਭਾਵ ਨਾ ਪੈਣ ਦੇਣ ਲਈ ਯਤਨਸ਼ੀਲ ਹੈ।
ਕੈਨੇਡਾ ਵਿਚ ਵੀ ਕੋਰੋਨਾਵਾਇਰਸ ਪੀੜਤ ਮਰੀਜ਼ਾਂ ਦੀ ਗਿਣਤੀ ‘ਚ ਭਾਰੀ ਵਾਧਾ ਹੋ ਰਿਹਾ ਹੈ ਅਤੇ ਬਹੁਤ ਸਾਰੀਆਂ ਮੌਤਾਂ ਵੀ ਹੋਈਆਂ ਹਨ। ਕੈਨੇਡਾ ਸਰਕਾਰ ਨੇ ਜੁਲਾਈ ਮਹੀਨੇ ਜਪਾਨ ਵਿਚ ਹੋਣ ਵਾਲੀਆਂ ਉਲੰਪਿਕ ਖੇਡਾਂ ਵਿਚ ਵੀ ਆਪਣੇ ਖਿਡਾਰੀ ਨਾ ਭੇਜਣ ਦਾ ਫੈਸਲਾ ਕੀਤਾ ਹੈ। ਦੇਖਿਆ ਜਾਵੇ ਤਾਂ ਯੂਰਪ ਕੋਰੋਨਾਵਾਇਰਸ ਦੇ ਕਹਿਰ ਤੋਂ ਸਭ ਤੋਂ ਵਧੇਰੇ ਪ੍ਰਭਾਵਿਤ ਹੈ। ਕੋਰੋਨਾਵਾਇਰਸ ਦਾ ਮੁੱਢ ਤਾਂ ਭਾਵੇਂ ਪਿਛਲੇ ਸਾਲ ਦਸੰਬਰ ਮਹੀਨੇ ਚੀਨ ਤੋਂ ਬੱਝਾ ਸੀ। ਪਰ ਉਸ ਤੋਂ ਬਾਅਦ ਇਟਲੀ, ਸਪੇਨ, ਜਰਮਨੀ, ਫਰਾਂਸ ਅਤੇ ਹੋਰਨਾਂ ਮੁਲਕਾਂ ਵਿਚ ਇਸ ਵਾਇਰਸ ਨੇ ਵੱਡੀ ਪੱਧਰ ਉੱਤੇ ਪੈਰ ਪਸਾਰੇ ਹਨ। ਈਰਾਨ ਤੇ ਦੱਖਣੀ ਕੋਰੀਆ ਨੂੰ ਵੀ ਵਾਇਰਸ ਨੇ ਵੱਡੀ ਪੱਧਰ ‘ਤੇ ਲਪੇਟ ਵਿਚ ਲਿਆ ਹੈ। ਇੰਗਲੈਂਡ ਵੀ ਕੋਰੋਨਾਵਾਇਰਸ ਦੇ ਪ੍ਰਭਾਵ ਤੋਂ ਬਚਿਆ ਨਹੀਂ ਰਹਿ ਸਕਿਆ। ਇੱਥੇ ਵੀ ਇਸ ਵਾਇਰਸ ਨਾਲ ਪੀੜਤ ਕਈ ਲੋਕਾਂ ਦੀ ਮੌਤ ਵੀ ਹੋ ਗਈ ਹੈ।
ਕੋਰੋਨਾਵਾਇਰਸ ਨੇ ਪੂਰੀ ਦੁਨੀਆਂ ਨੂੰ ਵੱਡੇ ਖਤਰੇ ਦੇ ਦਹਾਨੇ ਉਪਰ ਲਿਆ ਖੜ੍ਹਾ ਕੀਤਾ ਹੈ। ਮਨੁੱਖੀ ਸਿਹਤ ਦੇ ਖੇਤਰ ਵਿਚ ਤਾਂ ਵਾਇਰਸ ਨੇ ਵੱਡੀ ਚੁਣੌਤੀ ਪੇਸ਼ ਕੀਤੀ ਹੀ ਹੈ। ਪਰ ਜਿਸ ਤਰ੍ਹਾਂ ਦੁਨੀਆਂ ਭਰ ਵਿਚ ਏਅਰ ਟ੍ਰੈਫਿਕ ਜਾਮ ਹੋ ਪਿਆ ਹੈ ਅਤੇ ਵੱਖ-ਵੱਖ ਮੁਲਕਾਂ ਵਿਚ ਕਰਫਿਊ, ਲਾਕਡਾਊਨ ਅਤੇ ਹਫੜਾ-ਦਫੜੀ ਕਾਰਨ ਸਨਅਤੀ, ਵਪਾਰਕ ਅਤੇ ਜਨਜੀਵਨ ਦੇ ਹੋਰਨਾਂ ਖੇਤਰਾਂ ਵਿਚ ਵੱਡਾ ਉਖੇੜਾ ਆਇਆ ਹੈ, ਉਸ ਨਾਲ ਦੁਨੀਆਂ ਭਰ ਵਿਚ ਆਰਥਿਕ ਮੰਦੀ ਦਾ ਦੂਜਾ ਨਵਾਂ ਦੌਰ ਆਰੰਭ ਹੋਣ ਦਾ ਖਦਸ਼ਾ ਵੀ ਜ਼ਾਹਿਰ ਕੀਤਾ ਜਾਣ ਲੱਗ ਪਿਆ ਹੈ। ਆਲਮੀ ਪੱਧਰ ਉੱਤੇ ਸ਼ੇਅਰ ਬਾਜ਼ਾਰ ਮੂੰਧੇ ਮੂੰਹ ਜਾ ਡਿੱਗੇ ਹਨ। ਤੀਜੀ ਦੁਨੀਆਂ ਦੇ ਦੇਸ਼ਾਂ ਦੀ ਕਰੰਸੀ ਦੀ ਦਰ ਡਾਲਰ ਦੇ ਮੁਕਾਬਲੇ ਡਿੱਗਣੀ ਸ਼ੁਰੂ ਹੋ ਗਈ ਹੈ।
ਭਾਰਤ ਅੰਦਰ ਕੋਰੋਨਾਵਾਇਰਸ ਦਾ ਲੱਕ ਤੋੜਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੇ ਦੇਸ਼ ਵਿਚ ਅਗਲੇ ਤਿੰਨ ਹਫਤਿਆਂ ਲਈ ਲਾਕਡਾਊਨ ਦਾ ਹੁਕਮ ਦਿੱਤਾ ਹੈ। ਇਸ ਹੁਕਮ ਦਾ ਮੁੱਖ ਮਕਸਦ 14 ਘੰਟੇ ਤੱਕ ਲੋਕਾਂ ਨੂੰ ਇਕ ਦੂਜੇ ਨਾਲ ਮੇਲ-ਮਿਲਾਪ ਸਮਾਪਤ ਕਰਕੇ ਘਰਾਂ ਤੱਕ ਸੀਮਤ ਕਰਨਾ ਹੈ, ਤਾਂਕਿ ਕੋਰੋਨਾਵਾਇਰਸ ਨੂੰ ਕਿਸੇ ਦੂਜੇ ਤੱਕ ਫੈਲਣ ਤੋਂ ਰੋਕਿਆ ਜਾ ਸਕੇ। ਵਾਇਰਸ ਬਾਰੇ ਡਾਕਟਰੀ ਮਾਹਰਾਂ ਦਾ ਦੱਸਣਾ ਹੈ ਕਿ ਵੱਧ ਤੋਂ ਵੱਧ 12 ਘੰਟੇ ਤੱਕ ਹੀ ਰਹਿ ਸਕਦੀ ਹੈ। ਉਸ ਤੋਂ ਬਾਅਦ ਇਹ ਖੁਦ ਹੀ ਖਿੰਡ-ਪੁੰਡ ਜਾਂਦੀ ਹੈ। ਭਾਰਤੀ ਲੋਕ ਲਾਕਡਾਊਨ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲੈ ਰਹੇ। ਪਰ ਸਰਕਾਰਾਂ ਇਸ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਵਚਨਬੱਧ ਹਨ। ਥਾਂ-ਥਾਂ ‘ਤੇ ਨਾਕੇ ਲਾ ਕੇ ਲੋਕਾਂ ਦੇ ਚਲਾਨ ਕੱਟਣ ਦੇ ਨਾਲ-ਨਾਲ ਹਿਰਾਸਤ ਵਿਚ ਵੀ ਲਿਆ ਜਾ ਰਿਹਾ ਹੈ।
ਪਿਛਲੇ ਦਿਨਾਂ ਦੌਰਾਨ ਪੰਜਾਬ ਵਿਚ ਇਟਲੀ ਹੋ ਕੇ ਆਏ ਇਕ ਵਿਅਕਤੀ ਦੀ ਮੌਤ ਹੋਈ ਹੈ ਅਤੇ ਕਈ ਹੋਰ ਵਿਅਕਤੀਆਂ ਵਿਚ ਕੋਰੋਨਾਵਾਇਰਸ ਦੇ ਲੱਛਣ ਪਾਏ ਗਏ ਹਨ। ਇਨ੍ਹਾਂ ਪੀੜਤ ਵਿਅਕਤੀਆਂ ਵਿਚ ਉਹ ਮਰੀਜ਼ ਹਨ, ਜਿਹੜੇ ਇਟਲੀ ਤੋਂ ਆਏ ਵਿਅਕਤੀ ਨਾਲ ਜੁੜੇ ਰਹੇ ਹਨ ਅਤੇ ਉਹ ਇਸ ਵੇਲੇ ਹਸਪਤਾਲ ਵਿਚ ਇਲਾਜ ਅਧੀਨ ਹਨ। ਡਾਕਟਰੀ ਦਾ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ਵਿਚ ਇਸ ਵੇਲੇ ਨਾਜ਼ੁਕ ਸਥਿਤੀ ਵਾਲਾ ਕੋਈ ਵੀ ਮਰੀਜ਼ ਨਹੀਂ ਹੈ।
ਭਾਰਤ ਵਿਚ ਇਸ ਵੇਲੇ 14 ਲੱਖ ਦੇ ਕਰੀਬ ਪ੍ਰਵਾਸੀ ਭਾਰਤੀ ਪਹੁੰਚੇ ਹੋਏ ਹਨ, ਜਿਨ੍ਹਾਂ ਵਿਚ ਪੰਜਾਬੀ ਵੀ ਹਨ। ਇਹ ਲੋਕ ਹਵਾਈ ਸੇਵਾਵਾਂ ਬੰਦ ਹੋਣ ਕਾਰਨ ਵਾਪਸ ਆਪਣੇ ਮੁਲਕ ਪਰਤ ਨਹੀਂ ਸਕੇ। ਇਨ੍ਹਾਂ ਪ੍ਰਵਾਸੀ ਭਾਰਤੀਆਂ ਵਿਚ 8 ਹਜ਼ਾਰ ਦੇ ਕਰੀਬ ਹਸਪਤਾਲਾਂ ਵਿਚ ਦਾਖਲ ਹਨ ਅਤੇ 70 ਹਜ਼ਾਰ ਦੇ ਕਰੀਬ ਘਰਾਂ ਵਿਚ ਇਕਾਂਤ ਰਹਿ ਰਹੇ ਹਨ, ਜਿਸ ਨਾਲ ਕਿ ਇਹ ਮਹਾਮਾਰੀ ਫੈਲ ਨਾ ਸਕੇ। ਹਾਲੇ ਇਹ ਪਤਾ ਨਹੀਂ ਕਿ ਹਵਾਈ ਸੇਵਾਵਾਂ ਕਦੋਂ ਸ਼ੁਰੂ ਹੋਣਗੀਆਂ, ਜਿਸ ਕਰਕੇ ਪ੍ਰਵਾਸੀਆਂ ਵਿਚ ਚਿੰਤਾ ਪਾਈ ਜਾ ਰਹੀ ਹੈ।
ਖਤਰਾ ਇਹ ਖੜ੍ਹਾ ਹੋ ਰਿਹਾ ਹੈ ਕਿ ਕੋਰੋਨਾਵਾਇਰਸ ਦਾ ਪ੍ਰਕੋਪ ਤਾਂ ਪੰਜਾਬ ਨੂੰ ਪਤਾ ਨਹੀਂ ਕਿੰਨੀ ਕੁ ਮਾਰ ਪਾਵੇਗਾ, ਪਰ ਜਿਸ ਰਾਹ ਪੰਜਾਬ ਸਰਕਾਰ ਪੈ ਗਈ ਹੈ, ਇਸ ਨਾਲ ਪਹਿਲਾਂ ਹੀ ਮੰਦੀ ਦੀ ਹਾਲਤ ਵਿਚੋਂ ਲੰਘ ਰਹੇ ਪੰਜਾਬ ਨੂੰ ਹੋਰ ਵੱਡੀਆਂ ਮੁਸ਼ਕਲਾਂ ਪੇਸ਼ ਆਉਣੀਆਂ ਨਿਸ਼ਚਿਤ ਹਨ। ਪੰਜਾਬ ਅੰਦਰ ਪਿਛਲੇ ਦੋ-ਢਾਈ ਦਹਾਕਿਆਂ ਤੋਂ ਸਿਹਤ ਸੇਵਾਵਾਂ ਦੇ ਚੰਗੇਰੇ ਪ੍ਰਬੰਧ ਅਤੇ ਵਿਕਾਸ ਵੱਲ ਘੱਟ-ਵੱਧ ਹੀ ਧਿਆਨ ਦਿੱਤਾ ਗਿਆ ਹੈ। ਰਾਜ ਅੰਦਰ ਸਰਕਾਰੀ ਹਸਪਤਾਲਾਂ ਵਿਚ ਡਾਕਟਰਾਂ ਅਤੇ ਨਰਸਾਂ ਦੀਆਂ ਅੱਧ ਦੇ ਕਰੀਬ ਦੇ ਪੋਸਟਾਂ ਤਾਂ ਖਾਲੀ ਹੀ ਪਈਆਂ ਹਨ। ਸਰਕਾਰੀ ਹਸਪਤਾਲਾਂ ਵਿਚ ਪ੍ਰਬੰਧਾਂ ਬਾਰੇ ਸ਼ਾਇਦ ਕਿਸੇ ਨੂੰ ਵੀ ਭੁਲੇਖਾ ਨਾ ਹੋਵੇ। ਸਰਕਾਰੀ ਹਸਪਤਾਲਾਂ ਵਿਚ ਡਾਕਟਰੀ ਸਾਜੋ-ਸਾਮਾਨ ਦੀ ਹਾਲਤ ਬੇਹੱਦ ਮੰਦੀ ਹੈ। ਪੌਣੇ ਤਿੰਨ ਕਰੋੜ ਦੀ ਆਬਾਦੀ ਵਾਲੇ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿਚ ਇਸ ਵੇਲੇ ਸਿਰਫ 145 ਦੇ ਕਰੀਬ ਵੈਂਟੀਲੇਟਰ ਹਨ। ਕੋਰੋਨਾਵਾਇਰਸ ਦੇ ਗੰਭੀਰ ਰੂਪ ਵਿਚ ਪੀੜਤ ਮਰੀਜ਼ਾਂ ਲਈ ਵੈਂਟੀਲੇਟਰ ਹੋਣਾ ਸਭ ਤੋਂ ਜ਼ਰੂਰੀ ਹੈ। ਪਰ ਗੰਭੀਰ ਹਾਲਤ ਪੈਦਾ ਹੋਣ ‘ਤੇ ਵੈਂਟੀਲੇਟਰਾਂ ਦੀ ਇਹ ਗਿਣਤੀ ਤਾਂ ਕੁੱਝ ਵੀ ਨਹੀਂ ਹੈ। ਵਾਇਰਸ ਤੋਂ ਪੀੜਤ ਮਰੀਜ਼ਾਂ ਨੂੰ ਇਕਾਂਤ ਵਿਚ ਰੱਖਣ ਲਈ ਵੀ ਸਰਕਾਰੀ ਹਸਪਤਾਲਾਂ ਵਿਚ ਕਿਧਰੇ ਥਾਂ ਨਹੀਂ ਹੈ।
ਕਰੋਨਾਵਾਇਰਸ ਦੀ ਬਿਮਾਰੀ ਨੇ ਦੁਨੀਆਂ ਭਰ ‘ਚ ਵੱਡੀਆਂ ਸਮੱਸਿਆਵਾਂ ਪੈਦਾ ਕੀਤੀਆਂ ਹਨ। ਇਕ ਪਾਸੇ ਬਿਮਾਰੀ ਦੇ ਨਾਲ ਪ੍ਰਭਾਵਿਤ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ ਵਧ ਰਹੀ ਹੈ; ਦੂਸਰੇ ਪਾਸੇ ਇਸ ਤੋਂ ਪੈਦਾ ਹੋਇਆ ਸਹਿਮ ਲੋਕਾਂ ਨੂੰ ਹੋਰ ਡਰਾ ਰਿਹਾ ਹੈ। ਕਿਸੇ ਵੀ ਕੁਦਰਤੀ ਆਫ਼ਤ ਜਾਂ ਮਹਾਮਾਰੀ ਸਮੇਂ ਲੋਕਾਂ ਦਾ ਖੌਫ਼ਜ਼ਦਾ ਹੋ ਜਾਣਾ ਸੁਭਾਵਿਕ ਹੈ।
ਲੌਕਡਾਊਨ ਅਤੇ ਕਰਫ਼ਿਊ ਜਿਹੀਆਂ ਪਾਬੰਦੀਆਂ ਲਗਾਉਣ ਨਾਲ ਨਿਸ਼ਚੇ ਹੀ ਲੋਕ ਇਕ ਦੂਜੇ ਦੇ ਸੰਪਰਕ ਵਿਚ ਘੱਟ ਆਉਣਗੇ ਅਤੇ ਇਸ ਨਾਲ ਉਨ੍ਹਾਂ ਦੇ ਬਿਮਾਰੀ ਤੋਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਘਟਦੀ ਹੈ ਪਰ ਇਹੋ ਜਿਹੀਆਂ ਬੰਦਿਸ਼ਾਂ ਲੰਮੀ ਦੇਰ ਲਈ ਨਹੀਂ ਲਗਾਈਆਂ ਜਾ ਸਕਦੀਆਂ। ਬਹੁਤ ਸਾਰੇ ਪਰਿਵਾਰਾਂ ਕੋਲ ਖਾਣ-ਪੀਣ ਦਾ ਸਾਮਾਨ, ਦਵਾਈਆਂ ਅਤੇ ਜ਼ਰੂਰਤ ਦੀਆਂ ਵਸਤਾਂ ਸੀਮਤ ਸਮੇਂ ਲਈ ਹੁੰਦੀਆਂ ਹਨ।
ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਲਗਾਈਆਂ ਜਾ ਰਹੀਆਂ ਪਾਬੰਦੀਆਂ ਇਸ ਗੱਲ ਦਾ ਸੰਕੇਤ ਹਨ ਕਿ ਲੋਕਾਂ ਨੂੰ ਇਸ ਬਿਮਾਰੀ ਤੇ ਇਸ ਦੇ ਪ੍ਰਭਾਵਾਂ ਵਿਰੁੱਧ ਲੰਮੀ ਲੜਾਈ ਲੜਨੀ ਪਵੇਗੀ। ਇਸ ਬਿਮਾਰੀ ਕਾਰਨ ਵੱਡੀਆਂ ਮੁਸ਼ਕਿਲਾਂ ਆ ਰਹੀਆਂ ਹਨ। ਰੁਜ਼ਗਾਰ ਵਿਚ ਲੱਗੇ ਲੋਕ ਬੇਰੁਜ਼ਗਾਰ ਹੋ ਰਹੇ ਹਨ।
ਡਾਕਟਰੀ ਮਾਹਰਾਂ ਅਨੁਸਾਰ ਕੋਰੋਨਾਵਾਇਰਸ ਦਾ ਖਤਰਾ ਤਾਂ ਮਨੁੱਖਤਾ ਦੇ ਸਿਰੋਂ 1, 2 ਮਹੀਨਿਆਂ ਬਾਅਦ ਟਲ ਜਾਵੇਗਾ, ਪਰ ਇਸ ਦੇ ਪੈ ਰਹੇ ਅਸਰਾਂ ਕਾਰਨ ਸ਼ੁਰੂ ਹੋਣ ਜਾ ਰਿਹਾ ਆਰਥਿਕ ਮੰਦੀ ਦਾ ਦੌਰ ਸ਼ਾਇਦ ਲੰਬਾ ਸਮਾਂ ਲੋਕਾਂ ਦਾ ਪਿੱਛਾ ਨਾ ਛੱਡੇ। ਇਸ ਕਰਕੇ ਇਸ ਸਮੇਂ ਜਿੱਥੇ ਕੋਰੋਨਾਵਾਇਰਸ ਦੇ ਖਿਲਾਫ ਲੜਾਈ ਤਾਂ ਜਾਰੀ ਰੱਖਣੀ ਚਾਹੀਦੀ ਹੈ, ਪਰ ਨਾਲ ਦੀ ਨਾਲ ਇਸ ਲੜਾਈ ਨਾਲ ਆਰਥਿਕ ਅਤੇ ਜਨਜੀਵਨ ਦੇ ਹੋਰ ਖੇਤਰਾਂ ਵਿਚ ਪੈਣ ਵਾਲੇ ਪ੍ਰਭਾਵਾਂ ਬਾਰੇ ਵੀ ਨਾਲ ਦੀ ਨਾਲ ਚੌਕਸ ਹੋਣ ਦੀ ਜ਼ਰੂਰਤ ਹੈ। ਜੇਕਰ ਇਸ ਪਾਸੇ ਵੱਲ ਫੌਰੀ ਧਿਆਨ ਨਾ ਦਿੱਤਾ ਗਿਆ, ਤਾਂ ਸੰਸਾਰ ਵਾਇਰਸ ਦੀ ਮਹਾਂਮਾਰੀ ਤੋਂ ਬਾਅਦ ਇਸ ਦੇ ਅਸਰਾਂ ਦੀ ਇਕ ਹੋਰ ਮਹਾਮਾਰੀ ਦੇ ਮੂੰਹ ਪੈ ਸਕਦਾ ਹੈ ਅਤੇ ਪੈਦਾ ਹੋਈ ਇਹ ਨਵੀਂ ਮਹਾਮਾਰੀ ਤੋਂ ਖਹਿੜਾ ਛੁਡਾਉਣ ਲਈ ਫਿਰ ਸੰਸਾਰ ਦੇ ਲੋਕਾਂ ਨੂੰ ਸ਼ਾਇਦ ਕਈ ਸਾਲ ਯਤਨ ਜੁਟਾਉਣੇ ਪੈਣ।


Share