ਨਹੀਂ ਰਹੀ ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ

197
Share

-92 ਸਾਲ ਦੀ ਉਮਰ ’ਚ ਮੁੰਬਈ ਦੇ ਹਸਪਤਾਲ ’ਚ ਹੋਇਆ ਦਿਹਾਂਤ
ਮੁੰਬਈ, 6 ਫਰਵਰੀ (ਪੰਜਾਬ ਮੇਲ)- ਹਿੰਦੀ ਸਿਨੇਮਾ ਅਤੇ ਸੰਗੀਤ ਜਗਤ ਨੂੰ ਬੁਲੰਦੀਆਂ ’ਤੇ ਪਹੁੰਚਾਉਣ ਵਾਲੀ ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ (92) ਦਾ ਅੱਜ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਭੈਣ ਊਸ਼ਾ ਮੰਗੇਸ਼ਕਰ ਨੇ ਦੱਸਿਆ ਕਿ ਲਤਾ ਦਾ ਐਤਵਾਰ ਦੀ ਸਵੇਰ ਨੂੰ ਹਸਪਤਾਲ ’ਚ ਦਿਹਾਂਤ ਹੋ ਗਿਆ। ਉਨ੍ਹਾਂ ਦਾ ਜਨਮ 28 ਸਤੰਬਰ 1929 ਨੂੰ ਇੰਦੌਰ ਵਿਚ ਹੋਇਆ ਸੀ।
ਦੱਸਣਯੋਗ ਹੈ ਕਿ ਲਤਾ ਮੰਗੇਸ਼ਕਰ ਪਿਛਲੇ 27 ਦਿਨਾਂ ਤੋਂ ਬੀਮਾਰ ਚੱਲ ਰਹੀ ਸੀ। ਲਤਾ ਨੂੰ 8 ਜਨਵਰੀ ਨੂੰ ਕੋਰੋਨਾ ਹੋਣ ਮਗਰੋਂ ਮੁੰਬਈ ਦੇ ਬ੍ਰੀਚ ਕ੍ਰੈਂਡੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ। ਲਤਾ ਨੂੰ ਕੋਰੋਨਾ ਨਾਲ ਨਿਮੋਨੀਆ ਵੀ ਹੋਇਆ ਸੀ। ਉਨ੍ਹਾਂ ਦੀ ਉਮਰ ਨੂੰ ਵੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਆਈ.ਸੀ.ਯੂ. ’ਚ ਭਰਤੀ ਕੀਤਾ ਸੀ। ਇਨ੍ਹਾਂ 27 ਦਿਨਾਂ ਵਿਚ 2 ਦਿਨ ਲਈ ਉਨ੍ਹਾਂ ਨੂੰ ਵੈਂਟੀਲੇਟਰ ਤੋਂ ਹਟਾਇਆ ਗਿਆ ਸੀ। ਫਿਰ ਜਿਵੇਂ ਹੀ ਉਨ੍ਹਾਂ ਦੀ ਸਿਹਤ ਵਿਗੜਨ ਲੱਗੀ, ਤਾਂ ਫਿਰ ਤੋਂ ਲਤਾ ਨੂੰ ਵੈਂਟੀਲੇਟਰ ਸਪੋਰਟ ’ਤੇ ਲਿਆਂਦਾ ਗਿਆ ਸੀ।
ਲਤਾ ਮੰਗੇਸ਼ਕਰ ਨੂੰ ਪਿਆਰ ਨਾਲ ਭਾਰਤ ਦੀ ਕੋਕਿਲਾ ਯਾਨੀ ਕਿ ਸੁਰਾਂ ਦੀ ਮਲਿਕਾ ਕਿਹਾ ਜਾਂਦਾ ਹੈ। ਉਨ੍ਹਾਂ ਨੇ 13 ਸਾਲ ਦੀ ਉਮਰ ਵਿਚ ਸੰਗੀਤ ਜਗਤ ਵਿਚ ਕਦਮ ਰੱਖਿਆ ਅਤੇ 1942 ’ਚ ਆਪਣਾ ਪਹਿਲਾ ਗੀਤ ਰਿਕਾਰਡ ਕੀਤਾ। 7 ਦਹਾਕਿਆਂ ਦੇ ਆਪਣੇ ਕਰੀਅਰ ਵਿਚ ਉਨ੍ਹਾਂ ਨੇ ਵੱਖ-ਵੱਖ ਭਾਸ਼ਾਵਾਂ ’ਚ ਗਾਣੇ ਗਾਏ। ਲਤਾ ਮੰਗੇਸ਼ਕਰ ਦਾ ਸੰਗੀਤ ਇੰਡਸਟਰੀ ’ਚ ਵਡਮੁੱਲਾ ਯੋਗਦਾਨ ਸੀ। ਲਤਾ ਨੂੰ ‘ਇਕ ਪਿਆਰ ਕਾ ਨਗਮਾ ਹੈ’, ‘ਰਾਮ ਤੇਰੀ ਗੰਗਾ ਮੈਲੀ’, ‘ਇਕ ਰਾਧਾ ਇਕ ਮੀਰਾ’ ਅਤੇ ‘ਦੀਦੀ ਤੇਰਾ ਦੇਵਰ ਦੀਵਾਨਾ’ ਵਰਗੇ ਲੋਕਪਿ੍ਰਯ ਗਾਣਿਆਂ ਦੀ ਆਵਾਜ਼ ਰਹੀ ਹੈ।¿; ਲਤਾ ਨੂੰ ਕਈ ਸਾਰੇ ਐਵਾਰਡਜ਼ ਨਾਲ ਨਵਾਜਿਆ ਗਿਆ ਸੀ। ਉਨ੍ਹਾਂ ਨੂੰ 1969 ’ਚ ਤੀਜਾ ਸਰਵਉੱਚ ਨਾਗਰਿਕ ਐਵਾਰਡ ‘ਪਦਮ ਭੂਸ਼ਣ’, 1999 ’ਚ ਦੂਜਾ ਸਰਵਉੱਚ ਨਾਗਰਿਕ ਐਵਾਰਡ ‘ਪਦਮ ਵਿਭੂਸ਼ਣ’ ਅਤੇ 2001 ’ਚ ਸਰਵਉੱਚ ਨਾਗਰਿਕ ਐਵਾਰਡ ‘ਭਾਰਤ ਰਤਨ’ ਨਾਲ ਸਨਮਾਨਤ ਕੀਤਾ ਗਿਆ ਸੀ। ਲਤਾ ਦੀਦੀ ਮੀਨਾ ਖਾਦੀਕਰ, ਆਸ਼ਾ ਭੋਂਸਲੇ, ਊਸ਼ਾ ਮੰਗੇਸ਼ਕਰ ਅਤੇ ਹਿਰਦਯਨਾਥ ਮੰਗੇਸ਼ਕਰ ਆਪਣੇ ਭਰਾ-ਭੈਣਾਂ ਤੋਂ ਸਭ ਤੋਂ ਵੱਡੀ ਸੀ। ਆਪਣੇ ਭਰਾ-ਭੈਣਾਂ ਦੇ ਬਿਹਤਰ ਭਵਿੱਖ ਲਈ ਲਤਾ ਨੇ ਵਿਆਹ ਨਹੀਂ ਕਰਵਾਇਆ ਸੀ। ਲਤਾ ਮੰਗੇਸ਼ਕਰ ਭਾਵੇਂ ਇਸ ਦੁਨੀਆਂ ਤੋਂ ਰੁਖਸਤ ਹੋ ਗਈ ਹੈ ਪਰ ਉਸ ਦੇ ਸਦਾਬਹਾਰ ਗਾਣਿਆਂ ਦੀ ਵਿਰਾਸਤ ਨੇ ਉਸ ਨੂੰ ਇਸ ਦੁਨੀਆਂ ’ਚ ਅਮਰ ਕਰ ਦਿੱਤਾ ਹੈ।

Share