ਨਸਲਵਾਦ ਨਾਲ ਲੜਣ ਲਈ ਮੇਜਰ ਸਾਕਰ ਲੀਗਰ ਦੇ ਗੈਰ-ਗੋਰੇ ਖਿਡਾਰੀਆਂ ਨੇ ਬਣਾਇਆ ਸੰਗਠਨ

707

ਵਾਸ਼ਿੰਗਟਨ, 20 ਜੂਨ (ਪੰਜਾਬ ਮੇਲ)- ਮੇਜਰ ਸਾਕਰ ਲੀਗ ਦੇ ਗੈਰ-ਗੋਰੇ ਖਿਡਾਰੀਆਂ ਦੇ ਇਕ ਸਮੂਹ ਨੇ ਆਪਣੇ ਭਾਈਚਾਰੇ ‘ਚ ਯੋਜਨਾਬੱਧ ਨਸਲਵਾਦ ਨਾਲ ਨਜਿੱਠਣ ਅਤੇ ਲੀਗ ਦੇ ਅੰਦਰ ਬਦਲਾਅ ਲਿਆਉਣ ਲਈ ਗਠਜੋੜ ਬਣਾਇਆ ਹੈ। ਮਿਨੀਐਪੋਲਸ ਪੁਲਿਸ ਦੇ ਹੱਥੋਂ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਸ਼ੁਰੂ ਹੋਏ ਇੰਸਟਾਗ੍ਰਾਮ ਗਰੁੱਪ ਤੋਂ ਇਹ ਗਠਜੋੜ ਬਣਿਆ। ਫਲਾਇਡ ਦੀ ਮੌਤ ਤੋਂ ਬਾਅਦ ਨਸਲਵਾਦ ਅਤੇ ਪੁਲਿਸ ਦੀ ਬੇਰਹਿਮੀ ਖਿਲਾਫ ਦੁਨੀਆ ਭਰ ‘ਚ ਪ੍ਰਦਰਸ਼ਨ ਹੋਏ। ਟੋਰਾਂਟੋ ਐੱਫ.ਸੀ. ਦੇ ਡਿਫੈਂਡਰ ਜਸਟਿਨ ਮੋਰੋ ਨੇ ਇਹ ਗਰੁੱਪ ਸ਼ੁਰੂ ਕੀਤਾ ਹੈ ਜਿਸ ਵਿਚ ਕਰੀਬ 70 ਐੱਮ.ਐੱਲ.ਐੱਸ. ਖਿਡਾਰੀ ਹਨ।
ਗੌਰਤਲਬ ਹੈ ਕਿ ਪਿਛਲੇ ਮਹੀਨੇ ਗੋਰੇ ਪੁਲਿਸ ਅਧਿਕਾਰੀ ਨੇ ਗੈਰ-ਗੋਰੇ ਜਾਰਜ ਫਲਾਇਡ ਦੀ ਧੌਂਣ ‘ਤੇ ਆਪਣਾ ਗੋਢਾ ਰੱਖਿਆ ਹੋਇਆ ਸੀ, ਉਸ ਨੇ ਕਈ ਵਾਰ ਕਿਹਾ ਕਿ ਉਸ ਨੂੰ ਸਾਹ ਨਹੀਂ ਆ ਰਿਹਾ ਪਰ ਪੁਲਿਸ ਅਧਿਕਾਰੀ ਨੇ ਉਸ ਦੀ ਇਕ ਨਾ ਸੁਣੀ ਅਤੇ ਇਸ ਤੋਂ ਕੁਝ ਦੇਰ ਬਾਅਦ ਉਸ ਦੀ ਮੌਤ ਹੋ ਗਈ। ਜਿਸ ਦੀ ਵੀਡੀਓ ਇਕ ਰਾਹਗੀਰ ਨੇ ਬਣਾਈ ਅਤੇ ਖੂਬ ਵਾਇਰਸ ਹੋਈ। ਵੀਡੀਓ ਕਾਰਨ ਲੋਕਾਂ ਨੇ ਗੈਰ-ਗੋਰੇ ਲੋਕਾਂ ‘ਤੇ ਹੋ ਰਹੇ ਅੱਤਿਆਚਾਰਾਂ ਨੂੰ ਰੋਕਣ ਲਈ ਵਿਰੋਧ-ਪ੍ਰਦਰਸ਼ਨ ਕੀਤੇ।