ਸੰਯੁਕਤ ਰਾਸ਼ਟਰ, 21 ਮਾਰਚ (ਪੰਜਾਬ ਮੇਲ)- ਅਮਰੀਕਾ ਅਤੇ ਚੀਨ ਹੁਣ ਸੰਯੁਕਤ ਰਾਸ਼ਟਰ (ਯੂਐੱਨ) ‘ਚ ਨਸਲਵਾਦ ਦੇ ਮਸਲੇ ‘ਤੇ ਭਿੜ ਗਏ। ਦੋਵਾਂ ਦੇਸ਼ਾਂ ਨੇ ਇਕ-ਦੂਜੇ ‘ਤੇ ਗੰਭੀਰ ਦੋਸ਼ ਲਗਾਏ। ਅਮਰੀਕਾ ਨੇ ਚੀਨ ‘ਤੇ ਉਈਗਰ ਮੁਸਲਿਮਾਂ ਅਤੇ ਹੋਰ ਘੱਟ ਗਿਣਤੀਆਂ ਦੇ ਕਤਲੇਆਮ ਦੇ ਦੋਸ਼ ਲਾਏ। ਇਸ ਦੇ ਜਵਾਬ ‘ਚ ਚੀਨ ਨੇ ਅਮਰੀਕਾ ‘ਤੇ ਭੇਦਭਾਵ ਅਤੇ ਨਫ਼ਰਤ ਫੈਲਾਉਣ ਦੇ ਦੋਸ਼ ਲਾਏ। ਇਸ ਤੋਂ ਪਹਿਲੇ ਅਮਰੀਕਾ ਅਤੇ ਚੀਨ ਵਿਚਕਾਰ ਅਲਾਸਕਾ ‘ਚ ਹੋਈ ਉੱਚ ਪੱਧਰੀ ਮੀਟਿੰਗ ਦੌਰਾਨ ਦੋਵਾਂ ਦੇਸ਼ਾਂ ਦੇ ਚੋਟੀ ਦੇ ਅਧਿਕਾਰੀਆਂ ਵਿਚਕਾਰ ਕੈਮਰੇ ਦੇ ਸਾਹਮਣੇ ਬਹਿਸਬਾਜ਼ੀ ਹੋਈ ਸੀ।