ਨਸਲਵਾਦ ਖਿਲਾਫ ਮੁਜ਼ਾਹਰੇ; ਲੰਡਨ ‘ਚ ਸੱਜੇ ਪੱਖੀਆਂ ਵੱਲੋਂ ਕੀਤੇ ਰੋਸ ਮੁਜ਼ਾਹਰਿਆਂ ਦੌਰਾਨ ਹਿੰਸਾ; 100 ਲੋਕ ਗ੍ਰਿਫਤਾਰ

547
Share

-ਨਿਊ ਓਰਲੀਨਜ਼ ‘ਚ ਮੁਜ਼ਾਹਰਾਕਾਰੀਆਂ ਨੇ ਇਕ ਸ਼ਖ਼ਸੀਅਤ ਦਾ ਬੁੱਤ ਤੋੜ ਕੇ ਮਿਸੀਸਿਪੀ ਦਰਿਆ ‘ਚ ਰੋੜ੍ਹਿਆ
ਲੰਡਨ/ਨਿਊ ਓਰਲੀਨਜ਼, 14 ਜੂਨ (ਪੰਜਾਬ ਮੇਲ)- ਲੰਡਨ ‘ਚ ਸੱਜੇ ਪੱਖੀਆਂ ਵੱਲੋਂ ਕੀਤੇ ਰੋਸ ਮੁਜ਼ਾਹਰਿਆਂ ਦੌਰਾਨ ਹਿੰਸਾ ਹੋਈ ਤੇ ਸਕਾਟਲੈਂਡ ਯਾਰਡ ਮੁਤਾਬਕ ਕਰੀਬ 100 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇੱਥੇ 6 ਪੁਲਿਸ ਅਧਿਕਾਰੀਆਂ ਸਣੇ 19 ਜਣੇ ਫੱਟੜ ਹੋਏ ਹਨ। ਸ਼ਨਿੱਚਰਵਾਰ ਰਾਤ 9 ਵਜੇ ਤੱਕ ਲੋਕਾਂ ਨੂੰ ਵੱਖ-ਵੱਖ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਉਤੇ ਹਿੰਸਾ ਕਰਨ, ਪੁਲਿਸ ਉੱਤੇ ਹਮਲਾ ਕਰਨ, ਹਥਿਆਰ ਤੇ ਡਰੱਗ ਵਰਤਣ, ਸ਼ਰਾਬ ਪੀ ਕੇ ਸ਼ਾਂਤੀ ਭੰਗ ਕਰਨ ਦਾ ਦੋਸ਼ ਲਾਇਆ ਗਿਆ ਹੈ। ਸੱਜੇ ਪੱਖੀਆਂ ਦੇ ਮੁਜ਼ਾਹਰੇ ਪਹਿਲਾਂ ਤੋਂ ਨਸਲਵਾਦ ਖ਼ਿਲਾਫ਼ ਜਾਰੀ ਪ੍ਰਦਰਸ਼ਨਾਂ ਤੋਂ ਬਾਅਦ ਕੀਤੇ ਗਏ ਹਨ। ਸ਼ਾਮ ਪੰਜ ਵਜੇ ਕਰੀਬ 200 ਜਣੇ ਕਰਫਿਊ ਦੀ ਉਲੰਘਣਾ ਕਰ ਕੇ ਪਾਰਲੀਮੈਂਟ ਸਕੁਏਅਰ ਲਾਗੇ ਵਿੰਸਟਨ ਚਰਚਿਲ ਦੇ ਬੁੱਤ ਕੋਲ ਇਕੱਠੇ ਹੋ ਗਏ। ਇਸੇ ਦੌਰਾਨ ਦੂਜੀ ਧਿਰ ‘ਬਲੈਕ ਲਾਈਵਜ਼ ਮੈਟਰ’ ਮੁਜ਼ਾਹਰਾਕਾਰੀਆਂ ਨੂੰ ਡੱਕਣ ਲਈ ਪੁਲਿਸ ਨੇ ਰੋਕਾਂ ਲਾ ਦਿੱਤੀਆਂ। ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਹਿੰਸਾ ਦੀ ਨਿਖੇਧੀ ਕੀਤੀ ਹੈ। ਅਮਰੀਕਾ ਦੇ ਨਿਊ ਓਰਲੀਨਜ਼ ‘ਚ ਮੁਜ਼ਾਹਰਾਕਾਰੀਆਂ ਨੇ ਪੁਰਾਣੇ ਸਮਿਆਂ ਦੌਰਾਨ ਗ਼ੁਲਾਮੀ ਕਰਵਾਉਣ ਵਾਲੀ ਇਕ ਸ਼ਖ਼ਸੀਅਤ ਦਾ ਬੁੱਤ ਤੋੜ ਕੇ ਇਸ ਨੂੰ ਮਿਸੀਸਿਪੀ ਦਰਿਆ ‘ਚ ਰੋੜ੍ਹ ਦਿੱਤਾ। ਲੋਕਾਂ ਨੇ ਬੁੱਤ ਤੋੜ ਕੇ ਟਰੱਕਾਂ ਵਿਚ ਲੱਦ ਲਿਆ ਤੇ ਨਦੀ ‘ਚ ਸੁੱਟ ਦਿੱਤਾ। ਪੁਲਿਸ ਨੇ ਦੋ ਟਰੱਕ ਚਾਲਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਬੁੱਤ ਜੌਹਨ ਮੈਕਡੌਨੋ ਦਾ ਦੱਸਿਆ ਜਾ ਰਿਹਾ ਹੈ। ਪੈਰਿਸ ਸਣੇ ਫਰਾਂਸ ਦੇ ਕਈ ਸ਼ਹਿਰਾਂ ‘ਚ ਵੀ ਹਜ਼ਾਰਾਂ ਲੋਕਾਂ ਨੇ ਕੋਰੋਨਾਵਾਇਰਸ ਦੀਆਂ ਰੋਕਾਂ ਦੀ ਉਲੰਘਣਾ ਕਰ ਕੇ ਸੜਕਾਂ ਉੱਤੇ ਰੋਸ ਮੁਜ਼ਾਹਰੇ ਕੀਤੇ। ਲੋਕਾਂ ਨੇ ਪੁਲਿਸ ਤਸ਼ੱਦਦ ਅਤੇ ਨਸਲਵਾਦ ਖ਼ਿਲਾਫ਼ ਜੰਮ ਕੇ ਨਾਅਰੇ ਮਾਰੇ। ਲੋਕ ਸ਼ਨਿੱਚਰਵਾਰ ਪੈਰਿਸ ਦੇ ਰਿਪਬਲਿਕ ਸਕੁਏਅਰ ‘ਚ ਇਕੱਤਰ ਹੋਏ ਤੇ ਚਾਰ ਸਾਲ ਪਹਿਲਾਂ ਪੁਲਿਸ ਹਿਰਾਸਤ ‘ਚ ਮਰੇ 24 ਸਾਲਾ ਨੌਜਵਾਨ ਲਈ ਇਨਸਾਫ਼ ਮੰਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਘਟਨਾ ਵੀ ਜਾਰਜ ਫਲਾਇਡ ਮਾਮਲੇ ਵਰਗੀ ਸੀ।

ਸਿਓਲ ਸਥਿਤ ਅਮਰੀਕੀ ਦੂਤਾਵਾਸ ਵੱਲੋਂ ਨਸਲਵਾਦ ਖ਼ਿਲਾਫ਼ ਮੁਹਿੰਮ ਦਾ ਸਮਰਥਨ
ਸਿਓਲ ਸਥਿਤ ਅਮਰੀਕੀ ਦੂਤਾਵਾਸ ਨੇ ਅੱਜ ਇਮਾਰਤ ‘ਤੇ ਵੱਡਾ ‘ਬਲੈਕ ਲਾਈਵਜ਼ ਮੈਟਰ’ ਬੈਨਰ ਲਾਇਆ ਤੇ ਅਮਰੀਕਾ ‘ਚ ਨਸਲਵਾਦ ਖ਼ਿਲਾਫ਼ ਜਾਰੀ ਮੁਹਿੰਮ ਦਾ ਸਮਰਥਨ ਕੀਤਾ। ਹਾਂਗਕਾਂਗ ‘ਚ ਲੋਕਾਂ ਵੱਲੋਂ ਕੀਤੇ ਰੋਸ ਮੁਜ਼ਾਹਰਿਆਂ ਦੌਰਾਨ ਇਕ ਪੁਲਿਸ ਕਰਮੀ ਵੱਲੋਂ ਉਨ੍ਹਾਂ ਦੇ ਨਾਲ ਨਾਅਰੇਬਾਜ਼ੀ ਕਰਨ ਤੋਂ ਬਾਅਦ ਸਬੰਧਤ ਅਥਾਰਿਟੀ ਨੇ ਉਸ ਦੀ ਝਾੜ-ਝੰਬ ਕੀਤੀ ਹੈ। ਲੰਡਨ ‘ਚ ਇਕ 28 ਸਾਲਾ ਵਿਅਕਤੀ ਨੂੰ ਮ੍ਰਿਤਕ ਪੁਲਿਸ ਕਰਮੀ ਦੀ ਯਾਦਗਾਰ ਉੱਤੇ ਪਿਸ਼ਾਬ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।


Share