ਨਸ਼ਿਆਂ ਵਿਰੁੱਧ ਜੰਗ: ਪੰਜਾਬ ਪੁਲਿਸ ਵੱਲੋਂ 1980 ਤੇ 1990 ਦੇ ਦਹਾਕੇ ਤੋਂ ਫਰਾਰ ਭਗੌੜੇ ਕਾਬੂ

44
Share

– ਐੱਨ.ਡੀ.ਪੀ.ਐੱਸ. ਐਕਟ ਦੇ ਕੇਸਾਂ ’ਚ ਭਗੌੜਿਆਂ ਨੂੰ ਗਿ੍ਰਫਤਾਰ ਕਰਨ ਦੀ ਮੁਹਿੰਮ ਵਿਚ ਮਿਸਾਲੀ ਵਾਧਾ ਹੋਇਆ
– ਪਿਛਲੇ 6 ਹਫ਼ਤਿਆਂ ਦੌਰਾਨ 186 ਭਗੌੜੇ ਕੀਤੇ ਕਾਬੂ
– ਪਿਛਲੇ ਹਫਤੇ ਦੌਰਾਨ 335 ਨਸ਼ਾ ਤਸਕਰ/ਸਪਲਾਇਲਰਜ਼ ਨੂੰ ਗਿ੍ਰਫਤਾਰ ਕਰਕੇ 9.76 ਕਿਲੋ ਹੈਰੋਇਨ, 8.68 ਕਿਲੋ ਅਫੀਮ, 11.56 ਕਿਲੋ ਗਾਂਜਾ, 49 ਹਜ਼ਾਰ ਫਾਰਮਾ ਓਪੀਓਡਜ਼, 40.50 ਲੱਖ ਰੁਪਏ ਦੀ ਡਰੱਗ ਮਨੀ ਕੀਤੀ ਬਰਾਮਦ¿;
– ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੰਜਾਬ ਪੁਲਿਸ ਸੂਬੇ ’ਚੋਂ ਨਸ਼ਾਖੋਰੀ ਨੂੰ ਜੜ੍ਹੋਂ ਪੁੱਟਣ ਲਈ ਵਚਨਬੱਧ
ਚੰਡੀਗੜ੍ਹ, 17 ਅਗਸਤ (ਦਲਜੀਤ ਕੌਰ ਭਵਾਨੀਗੜ੍ਹ/ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਐੱਨ.ਡੀ.ਪੀ.ਐੱਸ ਐਕਟ ਦੇ ਕੇਸਾਂ ਵਿਚ ਭਗੌੜੇ ਅਪਰਾਧੀਆਂ ਨੂੰ ਗਿ੍ਰਫਤਾਰ ਕਰਨ ਲਈ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ 7ਵੇਂ ਹਫ਼ਤੇ ਵਿਚ ਦਾਖਲ ਹੋਣ ਨਾਲ ਇਸ ਮੁਹਿੰਮ ਤਹਿਤ ਪੰਜਾਬ ਪੁਲਿਸ ਵੱਲੋਂ ਪਿਛਲੇ ਹਫ਼ਤੇ ਦੌਰਾਨ ਅਜਿਹੇ 45 ਭਗੌੜਿਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ, ਜਿਸ ਨਾਲ ਭਗੌੜਿਆਂ ਦੀਆਂ ਹਫ਼ਤਾਵਾਰੀ ਗਿ੍ਰਫ਼ਤਾਰੀਆਂ ਵਿਚ ਕਾਫ਼ੀ ਵਾਧਾ ਹੋਇਆ ਹੈ। ਦੱਸਣਯੋਗ ਹੈ ਕਿ 5 ਜੁਲਾਈ, 2022 ਤੋਂ ਹੁਣ ਤੱਕ ਐੱਨ.ਡੀ.ਪੀ.ਐੱਸ ਐਕਟ ਦੇ ਕੇਸਾਂ ਵਿਚ ਕੁੱਲ 186 ਭਗੌੜੇ ਨੂੰ ਗਿ੍ਰਫਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ 46 ਅਪਰਾਧੀ ਸੂਬੇ ਤੋਂ ਬਾਹਰੋਂ ਕਾਬੂ ਕੀਤੇ ਗਏ ਹਨ।
ਇਸ ਸਬੰਧੀ ਹੋਰ ਵੇਰਵੇ ਦਿੰਦਿਆਂ ਇੰਸਪੈਕਟਰ ਜਨਰਲ ਆਫ ਪੁਲਿਸ (ਆਈ.ਜੀ.ਪੀ.) ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਉਨ੍ਹਾਂ ਭਗੌੜਿਆਂ ਨੂੰ ਵੀ ਗਿ੍ਰਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ, ਜੋ 1980 ਅਤੇ 1990 ਦੇ ਦਹਾਕੇ ਤੋਂ ਗਿ੍ਰਫਤਾਰੀ ਤੋਂ ਬਚ ਰਹੇ ਸਨ।
ਉਨ੍ਹਾਂ ਉਦਾਹਰਣਾਂ ਦਿੰਦਿਆਂ ਦੱਸਿਆ ਕਿ ਗੁਰਦੀਪ ਸਿੰਘ ਉਰਫ਼ ਕਾਕੂ ਵਾਸੀ ਕੋਟਲਾ ਹੁਸ਼ਿਆਰਪੁਰ, ਜਿਸ ਨੂੰ ਨਵੰਬਰ 1985 ਵਿਚ ਭਗੌੜਾ ਐਲਾਨਿਆ ਗਿਆ ਸੀ, ਨੂੰ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ, 1988 ਤੋਂ ਭਗੌੜੇ ਅਮਰਜੀਤ ਸਿੰਘ ਨੂੰ ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਅਤੇ 1989 ਵਿਚ ਭਗੌੜਾ ਐਲਾਨੇ ਗਏ ਮਹਿੰਦਰ ਸਿੰਘ ਵਾਸੀ ਡਬਲਖੇੜੀ, ਹਰਿਆਣਾ ਨੂੰ ਸੰਗਰੂਰ ਪੁਲਿਸ ਵੱਲੋਂ ਗਿ੍ਰਫ਼ਤਾਰ ਕੀਤਾ ਗਿਆ ਹੈ। ਇਸੇ ਤਰ੍ਹਾਂ 1990 ਦੇ ਦਹਾਕੇ ਤੋਂ ਫਰਾਰ ਘੱਟੋ-ਘੱਟ ਤਿੰਨ ਭਗੌੜਿਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ।
ਨਸ਼ਿਆਂ ਬਾਰੇ ਹਫਤਾਵਾਰੀ ਅਪਡੇਟ ਦਿੰਦਿਆਂ ਆਈ.ਜੀ.ਪੀ. ਨੇ ਕਿਹਾ ਕਿ ਪੰਜਾਬ ਪੁਲਿਸ ਨੇ ਸੂਬੇ ਭਰ ਵਿਚ ਪਿਛਲੇ ਹਫ਼ਤੇ ਦੌਰਾਨ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼ (ਐੱਨ.ਡੀ.ਪੀ.ਐੱਸ.) ਐਕਟ ਤਹਿਤ 251 ਐੱਫ.ਆਈ.ਆਰਜ਼, ਜਿਨ੍ਹਾਂ ਵਿਚ 22 ਵਪਾਰਕ ਮਾਮਲੇ ਵੀ ਸ਼ਾਮਲ ਹਨ, ਦਰਜ ਕਰਕੇ 335 ਨਸ਼ਾ ਤਸਕਰਾਂ/ਸਪਲਾਇਅਰਾਂ ਨੂੰ ਗਿ੍ਰਫਤਾਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਸੂਬੇ ਭਰ ਵਿਚ ਸੰਵੇਦਨਸ਼ੀਲ ਰਸਤਿਆਂ ’ਤੇ ਨਾਕੇ ਲਗਾਉਣ ਦੇ ਨਾਲ-ਨਾਲ ਨਸ਼ਾ ਪ੍ਰਭਾਵਿਤ ਖੇਤਰਾਂ ਵਿਚ ਘੇਰਾਬੰਦੀ ਕਰਕੇ 9.76 ਕਿਲੋ ਹੈਰੋਇਨ, 8.68 ਕਿਲੋ ਅਫੀਮ, 11.56 ਕਿਲੋ ਗਾਂਜਾ, 9 ਕੁਇੰਟਲ ਭੁੱਕੀ, 49 ਹਜ਼ਾਰ ਗੋਲੀਆਂ/ਕੈਪਸੂਲ/ ਟੀਕੇ/ਫਾਰਮਾ ਓਪੀਓਡਜ਼ ਦੀਆਂ ਸ਼ੀਸ਼ੀਆਂ ਬਰਾਮਦ ਕਰਨ ਤੋਂ ਇਲਾਵਾ 40.50 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ।
ਆਈ.ਜੀ.ਪੀ. ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਪੁਲਿਸ ਨਸ਼ਾ ਤਸਕਰਾਂ/ਸਪਲਾਇਅਰਾਂ ’ਤੇ ਸ਼ਿਕੰਜਾ ਕੱਸਣ ਦੇ ਨਾਲ-ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਪਹਿਲਾਂ ਹੀ ਨਸ਼ਿਆਂ ਦੇ ਸ਼ਿਕਾਰ ਹੋ ਚੁੱਕੇ ਨੌਜਵਾਨਾਂ ਦੇ ਮੁੜ ਵਸੇਬੇ ਲਈ ਵੀ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਰੇ ਸੀ.ਪੀਜ਼./ਐੱਸ.ਐੱਸ.ਪੀਜ਼ ਵੱਲੋਂ ਆਪੋ-ਆਪਣੇ ਜ਼ਿਲ੍ਹਿਆਂ ਵਿਚ ਨਸ਼ਿਆਂ ਵਿਰੁੱਧ ਜਨਤਕ ਮੀਟਿੰਗਾਂ, ਨਸ਼ਾ ਪ੍ਰਭਾਵਿਤ ਪਿੰਡਾਂ ਦਾ ਦੌਰਾ, ਸੈਮੀਨਾਰ, ਵਿਧਾਇਕਾਂ, ਸਰਪੰਚਾਂ ਅਤੇ ਕੌਂਸਲਰਾਂ ਨਾਲ ਸਾਂਝੀ ਮੀਟਿੰਗਾਂ ਕਰਨ ਤੋਂ ਇਲਾਵਾ ਗੈਰ-ਸਰਕਾਰੀ ਸੰਸਥਾਵਾਂ ਅਤੇ ਯੂਥ ਕਲੱਬਾਂ ਨੂੰ ਸ਼ਾਮਲ ਕਰਨ ਸਮੇਤ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਸਕੇ।
ਜ਼ਿਕਰਯੋਗ ਹੈ ਕਿ ਡੀ.ਜੀ.ਪੀ. ਵੱਲੋਂ ਸਾਰੇ ਸੀ.ਪੀਜ਼/ਐੱਸ.ਐੱਸ.ਪੀਜ਼ ਨੂੰ ਸਾਰੇ ਨਾਮੀ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਅਤੇ ਆਪਣੇ ਅਧਿਕਾਰ ਖੇਤਰਾਂ ਵਿਚ ਨਸ਼ਾ ਤਸਕਰੀ ਵਾਲੇ ਸੰਵੇਦਨਸ਼ੀਲ ਸਥਾਨਾਂ ਦੀ ਸ਼ਨਾਖਤ ਕਰਕੇ ਨਸ਼ਾ ਤਸਕਰਾਂ ’ਤੇ ਨਕੇਲ ਕੱਸਣ ਅਤੇ ਨਸ਼ਾ ਵੇਚਣ/ਤਸਕਰੀ ਕਰਨ ਵਾਲੇ ਸਾਰੇ ਵਿਅਕਤੀਆਂ ਨੂੰ ਕਾਬੂ ਕਰਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰਨ ਦੇ ਸਖ਼ਤ ਹੁਕਮ ਦਿੱਤੇ ਗਏ ਹਨ। ਉਨ੍ਹਾਂ ਪੁਲਿਸ ਮੁਖੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਫੜੇ ਗਏ ਸਾਰੇ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕੀਤੀ ਜਾਵੇ, ਤਾਂ ਜੋ ਉਨ੍ਹਾਂ ਤੋਂ ਨਾਜਾਇਜ਼ ਰਾਸ਼ੀ ਬਰਾਮਦ ਕੀਤੀ ਜਾ ਸਕੇ।

Share