ਨਸ਼ਾ ਤਸਕਰੀ ਮਾਮਲੇ ’ਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਕੇਸ ਦਰਜ

189
Share

– ਅਕਾਲੀ ਆਗੂ ਖ਼ਿਲਾਫ਼ 48 ਪੰਨਿਆਂ ਦੀ ਲੰਮੀ ਚੌੜੀ ਐੱਫ.ਆਈ.ਆਰ.; ਗਿ੍ਰਫ਼ਤਾਰੀ ਲਈ ਯਤਨ ਤੇਜ਼
– ਐੱਫ.ਆਈ.ਆਰ. ’ਚ ਐੱਸ.ਟੀ.ਐੱਫ. ਵੱਲੋਂ 2018 ਨੂੰ ਹਾਈ ਕੋਰਟ ’ਚ ਦਾਖ਼ਲ ਸਟੇਟਸ ਰਿਪੋਰਟ ਦਾ ਹਵਾਲਾ
ਐੱਸ.ਏ.ਐੱਸ. ਨਗਰ (ਮੁਹਾਲੀ), 22 ਦਸੰਬਰ (ਪੰਜਾਬ ਮੇਲ)- ਪੰਜਾਬ ਵਿਧਾਨ ਸਭਾ ਚੋਣਾਂ ਦੇ ਐਨ ਨੇੜੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਮੁਸ਼ਕਲਾਂ ਵੱਧ ਗਈਆਂ ਹਨ। ਅਕਾਲੀ ਆਗੂ ਖ਼ਿਲਾਫ਼ ਇੱਥੋਂ ਦੇ ਫੇਜ਼-4 ਸਥਿਤ ਪੰਜਾਬ ਪੁਲਿਸ ਦੇ ਸਟੇਟ ਕ੍ਰਾਈਮ ਬਿਊਰੋ ਦੇ ਥਾਣੇ ਵਿਚ ਨਵਾਂ ਕੇਸ ਦਰਜ ਕੀਤਾ ਗਿਆ ਹੈ। ਇਸ ਗੱਲ ਦੀ ਪੁਸ਼ਟੀ ਇੱਕ ਸੀਨੀਅਰ ਅਧਿਕਾਰੀ ਨੇ ਕੀਤੀ ਹੈ। ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਮਜੀਠੀਆ ’ਤੇ ਕਥਿਤ ਦੋਸ਼ ਲੱਗਦੇ ਆ ਰਹੇ ਹਨ ਅਤੇ ਉਹ ਸ਼ੁਰੂ ਤੋਂ ਹੀ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ’ਤੇ ਹਨ। ਮਜੀਠੀਆ ਨੂੰ ਗਿ੍ਰਫ਼ਤਾਰ ਕਰਨ ਲਈ ਸਰਕਾਰ ’ਤੇ ਲਗਾਤਾਰ ਦਬਾਅ ਵੱਧ ਰਿਹਾ ਸੀ।
ਤਾਜ਼ਾ ਐੱਫ.ਆਈ.ਆਰ. ’ਚ ਐੱਸ.ਟੀ.ਐੱਫ. ਵੱਲੋਂ ਨਸ਼ਾ ਤਸਕਰੀ ਮਾਮਲੇ ’ਚ ਫਰਵਰੀ 2018 ਨੂੰ ਹਾਈ ਕੋਰਟ ਵਿਚ ਦਾਖ਼ਲ ਕੀਤੀ ਸਟੇਟਸ ਰਿਪੋਰਟ ਦਾ ਵੀ ਹਵਾਲਾ ਦਿੱਤਾ ਗਿਆ ਹੈ। ਡੀ.ਜੀ.ਪੀ. ਦੇ ਹੁਕਮਾਂ ਅਨੁਸਾਰ ਮਜੀਠੀਆ ਖ਼ਿਲਾਫ਼ ਕੇਸ ਦਰਜ ਕਰਨ ਤੋਂ ਪਹਿਲਾਂ ਪੂਰੀ ਫਾਈਲ ਕਾਨੂੰਨੀ ਸਲਾਹ-ਮਸ਼ਵਰੇ ਲਈ ਬੀਤੀ ਪਹਿਲੀ ਦਸੰਬਰ ਨੂੰ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਦੀਪਇੰਦਰ ਸਿੰਘ ਪਟਵਾਲੀਆ ਕੋਲ ਭੇਜੀ ਗਈ ਸੀ ਅਤੇ ਕਾਨੂੰਨੀ ਰਾਇ ਮਗਰੋਂ ਹੀ ਅਕਾਲੀ ਆਗੂ ਖ਼ਿਲਾਫ਼ 48 ਪੰਨਿਆਂ ਦੀ ਲੰਮੀ ਚੌੜੀ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਇਸ ਵਿਚ ਬਹੁ-ਚਰਚਿਤ ਏ.ਡੀ.ਜੀ.ਪੀ. ਹਰਪ੍ਰੀਤ ਸਿੰਘ ਸਿੱਧੂ ਦੀ ਸਟੇਟਸ ਰਿਪੋਰਟ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਨਸ਼ਾ ਤਸਕਰੀ ਮਾਮਲੇ ’ਚ ਜੇਲ੍ਹ ਵਿਚ ਸਜ਼ਾ ਭੁਗਤ ਰਹੇ ਪੰਜਾਬ ਪੁਲਿਸ ਦੇ ਬਰਖ਼ਾਸਤ ਡੀ.ਐੱਸ.ਪੀ. ਅਤੇ ਕੌਮਾਂਤਰੀ ਪਹਿਲਵਾਨ ਜਗਦੀਸ਼ ਭੋਲਾ ਨੇ ਵੀ ਕੇਸ ਦੀ ਸੁਣਵਾਈ ਦੌਰਾਨ ਕਈ ਸਿਆਸੀ ਆਗੂਆਂ ਦੇ ਨਾਵਾਂ ਦਾ ਜ਼ਿਕਰ ਕੀਤਾ ਸੀ ਅਤੇ ਨਸ਼ਿਆਂ ਖ਼ਿਲਾਫ਼ ਬਣੀ ਸਿੱਟ ਦੇ ਇੱਕ ਸੀਨੀਅਰ ਮੈਂਬਰ ਨੇ ਵੀ ਆਪਣੀ ਰਿਪੋਰਟ ਵਿਚ ਸਿਆਸੀ ਆਗੂ ਦਾ ਵੇਰਵਾ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ‘ਆਪ’ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਸਮੇਤ ਵੱਖ-ਵੱਖ ਪਾਰਟੀਆਂ ਦੇ ਆਗੂ ਕਾਫ਼ੀ ਸਮੇਂ ਤੋਂ ਮਜੀਠੀਆ ਨੂੰ ਗਿ੍ਰਫ਼ਤਾਰ ਕਰਨ ਦੀ ਮੰਗ ਕਰਦੇ ਆ ਰਹੇ ਹਨ। ਹਾਲ ਹੀ ਵਿਚ ਪੰਜਾਬ ਦੇ ਕਾਰਜਕਾਰੀ ਡੀ.ਜੀ.ਪੀ. ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਲਾਂਭੇ ਕਰਕੇ ਸੀਨੀਅਰ ਆਈ.ਪੀ.ਐੱਸ. ਅਧਿਕਾਰੀ ਸਿਧਾਰਥ ਚਟੋਪਾਧਿਆਏ ਨੂੰ ਕਾਰਜਕਾਰੀ ਡੀ.ਜੀ.ਪੀ. ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਤੋਂ ਬਾਅਦ ਚੰਨੀ ਸਰਕਾਰ ਦੀ ਨਸ਼ਿਆਂ ਦੇ ਮਾਮਲੇ ਵਿਚ ਸਿਆਸੀ ਆਗੂਆਂ ਖ਼ਿਲਾਫ਼ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਹੈ। ਉਧਰ, ਇਸ ਮਾਮਲੇ ਵਿਚ ਸਿੱਧੂ ਨੇ ਟਵੀਟ ਕਰਕੇ ਕਿਹਾ ਕਿ ਜੇਕਰ ਪਹਿਲਾਂ ਹੀ ਕਿਸੇ ਇਮਾਨਦਾਰ ਅਫ਼ਸਰ ਨੂੰ ਲਗਾਇਆ ਹੁੰਦਾ, ਤਾਂ ਇਹ ਕਾਰਵਾਈ ਕਦੋਂ ਦੀ ਹੋ ਜਾਣੀ ਸੀ।
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਬਿਕਰਮ ਮਜੀਠੀਆ ਖ਼ਿਲਾਫ਼ ਕੇਸ ਦਰਜ ਕਰਨ ਦੇ ਮਾਮਲੇ ’ਚ ਟਵੀਟ ਕਰਕੇ ਕਿਹਾ ਕਿ ਇਹ ਪਹਿਲਾ ਕਦਮ ਹੈ ਅਤੇ ਸਜ਼ਾ ਮਿਲਣ ਤੱਕ ਲੜਾਈ ਲੜੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਮਾਨਦਾਰ ਆਗੂ ਚੁਣਨਾ ਚਾਹੀਦਾ ਹੈ ਅਤੇ ਨਸ਼ਾ ਤਸਕਰਾਂ ਤੇ ਉਨ੍ਹਾਂ ਦੀ ਰੱਖਿਆ ਕਰਨ ਵਾਲਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਸਿੱਧੂ ਨੇ ਕਿਹਾ ਕਿ ਉਹ ਚਾਰ ਸਾਲ ਤੋਂ ਕਾਰਵਾਈ ਦੀ ਮੰਗ ਕਰ ਰਹੇ ਸਨ ਅਤੇ ਐੱਸ.ਟੀ.ਐੱਫ. ਦੀ ਰਿਪੋਰਟ ਦੇ ਆਧਾਰ ’ਤੇ ਹੁਣ ਨਸ਼ਾ ਤਸਕਰੀ ਦੇ ਦੋਸ਼ੀਆਂ ਖ਼ਿਲਾਫ਼ ਪੁਲਿਸ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚੰਗੇ ਅਫ਼ਸਰਾਂ ਨੂੰ ਤਾਕਤ ਮਿਲਣ ਦਾ ਇਹ ਪ੍ਰਤਾਪ ਹੈ।
ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬਿਕਰਮ ਸਿੰਘ ਮਜੀਠੀਆ ’ਤੇ ਦਰਜ ਪੁਲਿਸ ਕੇਸ ਦੇ ਮਾਮਲੇ ’ਚ ਕਿਹਾ ਕਿ ਕਾਨੂੰਨ ਅਨੁਸਾਰ ਕਾਰਵਾਈ ਹੋ ਰਹੀ ਹੈ ਅਤੇ ਇਸ ਪਿੱਛੇ ਬਦਲਾਖੋਰੀ ਦੀ ਕੋਈ ਭਾਵਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਾਲੀ ਆਗੂ ਪੁਲਿਸ ਅਫ਼ਸਰਾਂ ਨੂੰ ਦਬਕੇ ਮਾਰ ਰਹੇ ਹਨ, ਜੋ ਸਹਿਣ ਨਹੀਂ ਕੀਤਾ ਜਾਵੇਗਾ। ਰੰਧਾਵਾ ਨੇ ਕਿਹਾ ਕਿ ਜਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ ਪ੍ਰਕਾਸ਼ ਸਿੰਘ ਬਾਦਲ ਕੋਲ ਰਹੀ, ਉਦੋਂ ਤੱਕ ਪਾਰਟੀ ’ਤੇ ਨਸ਼ਾ ਤਸਕਰੀ ਜਾਂ ਗੈਂਗਸਟਰਾਂ ਨੂੰ ਪਨਾਹ ਦੇਣ ਦੇ ਕਦੇ ਵੀ ਇਲਜ਼ਾਮ ਨਹੀਂ ਲੱਗੇ ਸਨ ਪਰ ਕਮਾਨ ਸੁਖਬੀਰ ਬਾਦਲ ਦੇ ਹੱਥ ਆਉਣ ਮਗਰੋਂ ਹਾਲਾਤ ਬਦਲ ਗਏ ਹਨ।
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਖ਼ਿਲਾਫ਼ ਕੇਸ ਦਰਜ ਕਰਨ ’ਤੇ ਰੋਸ ਜਤਾਉਂਦਿਆਂ ਕਿਹਾ ਕਿ ਕਾਂਗਰਸ ਸਰਕਾਰ ਬਦਲਾਖ਼ੋਰੀ ਦੀ ਰਾਹ ’ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ, ‘‘ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਅਜਿਹੀ ਕਾਰਵਾਈ ਕੀਤੀ ਗਈ। ਸਾਨੂੰ ਅਤੇ ਮਜੀਠੀਆ ਨੂੰ ਗਿ੍ਰਫ਼ਤਾਰ ਕਰਨ ਖਾਤਰ ਪਿਛਲੇ ਦਿਨਾਂ ’ਚ ਸਰਕਾਰ ਵੱਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਤਿੰਨ ਡੀ.ਜੀ.ਪੀ. ਬਦਲੇ ਗਏ।’’¿;
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਪੰਜਾਬ ਸਰਕਾਰ ਵੱਲੋਂ ਦਰਜ ਕੀਤੇ ਗਏ ਕੇਸ ਨੂੰ ਲੈ ਮਜੀਠੀਆ ਦੀ ਹਮਾਇਤ ’ਚ ਆ ਗਏ ਹਨ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਗਵਾਹੀ ਅਤੇ ਬਿਨਾਂ ਕਿਸੇ ਸਬੂਤ ਤੋਂ ਕੇਸ ਦਰਜ ਕਰਨਾ ਸਰਾਸਰ ਗ਼ਲਤ ਹੈ। ਕੈਪਟਨ ਨੇ ਕਿਹਾ ਕਿ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮਜੀਠੀਆ ਨਾਲ ਨਿੱਜੀ ਕਿੜ ਕੱਢਣ ਲਈ ਕੇਸ ਦਰਜ ਕਰਵਾਇਆ ਹੈ। ਉਨ੍ਹਾਂ ਯਕੀਨ ਪ੍ਰਗਟਾਇਆ ਕਿ ਕਾਨੂੰਨੀ ਪੜਤਾਲ ’ਚ ਇਹ ਕੇਸ ਕਾਇਮ ਨਹੀਂ ਰਹਿ ਸਕੇਗਾ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਕਿ ਬਿਕਰਮ ਸਿੰਘ ਮਜੀਠੀਆ ਖਿਲਾਫ਼ ਸਿਆਸੀ ਬਦਲਾਖੋਰੀ ਦੀ ਭਾਵਨਾ ਨਾਲ ਝੂਠਾ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਸਰਕਾਰ ਦੀ ਚੁਣੌਤੀ ਨੂੰ ਸਵੀਕਾਰ ਕਰਦੇ ਹਨ ਅਤੇ ਸੂਬੇ ਵਿਚ ਅਕਾਲੀ-ਬਸਪਾ ਗੱਠਜੋੜ ਦੀ ਸਰਕਾਰ ਆਉਣ ਮਗਰੋਂ ਝੂਠੇ ਕੇਸ ਦਰਜ ਕਰਨ ਵਾਲੇ ਪੁਲਿਸ ਅਧਿਕਾਰੀ ਅਤੇ ਝੂਠੇ ਕੇਸ ਬਣਵਾਉਣ ਵਾਲੇ ਆਗੂਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ਼ ਕੇਸ ਦਰਜ ਕਰਨ ਨੂੰ ਚੋਣ ਸਟੰਟ ਕਰਾਰ ਦਿੱਤਾ ਹੈ। ‘ਆਪ’ ਦੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੁਖਬੀਰ ਬਾਦਲ ਵਿਚਕਾਰ ਡੀਲ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਚੰਨੀ ਸਰਕਾਰ ਚੋਣ ਫਾਇਦੇ ਲਈ ਬੇਹੱਦ ਕਮਜ਼ੋਰ ਆਧਾਰ ’ਤੇ ਮਜੀਠੀਆ ਖ਼ਿਲਾਫ਼ ਕੇਸ ਦਰਜ ਕਰਕੇ ਗਿ੍ਰਫ਼ਤਾਰੀ ਦਾ ਡਰਾਮਾ ਕਰੇਗੀ।
ਬਾਕਸ¿;
ਐੱਸ.ਟੀ.ਐੱਫ. ਮੁਖੀ ਵਲੋਂ ਲਗਾਏ ਦੋਸ਼ਾਂ ਨੂੰ ਬਣਾਇਆ ਆਧਾਰ
ਪੁਲਿਸ ਵਲੋਂ ਮਜੀਠੀਆ ਖ਼ਿਲਾਫ਼ ਦਰਜ ਐੱਫ.ਆਈ.ਆਰ. ’ਚ ਇਸ ਗੱਲ ਨੂੰ ਆਧਾਰ ਬਣਾਇਆ ਗਿਆ ਹੈ ਕਿ ਐੱਸ.ਟੀ.ਐੱਫ. ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਵਲੋਂ ਸਾਲ 2018 ’ਚ ਡਰੱਗਜ਼ ਮਾਮਲੇ ’ਚ ਤਿਆਰ ਕੀਤੀ ਗਈ ਰਿਪੋਰਟ ’ਚ ਬਿਕਰਮ ਸਿੰਘ ਮਜੀਠੀਆ ਦਾ ਸਿੱਧੇ ਤੌਰ ’ਤੇ ਨਾਂਅ ਸਾਹਮਣੇ ਆਇਆ ਹੈ। ਐੱਸ.ਆਈ.ਟੀ. ਵਲੋਂ ਦੱਸਿਆ ਗਿਆ ਕਿ ਭੋਲਾ ਡਰੱਗਜ਼ ਮਾਮਲੇ ’ਚ 6 ਤੋਂ ਲੈ ਕੇ 10 ਦੇ ਕਰੀਬ ਵੱਖ-ਵੱਖ ਐੱਫ.ਆਈ.ਆਰਜ਼ ਦਰਜ ਕੀਤੀਆਂ ਗਈਆਂ ਸਨ ਅਤੇ ਅਦਾਲਤ ਵਲੋਂ ਇਨ੍ਹਾਂ ਐੱਫ.ਆਈ.ਆਰਜ਼ ’ਚ ਆਪਣਾ ਫ਼ੈਸਲਾ ਸੁਣਾ ਦਿੱਤਾ ਗਿਆ ਹੈ ਅਤੇ ਅਦਾਲਤੀ ਫ਼ੈਸਲਾ ਹੋ ਜਾਣ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੂੰ ਉਸ ਮਾਮਲੇ ’ਚ ਨਾਮਜ਼ਦ ਕਰਨਾ ਸੰਭਵ ਨਹੀਂ ਹੈ, ਲਿਹਾਜ਼ਾ ਨਵੀਂ ਐੱਫ.ਆਈ. ਆਰ. ਦਰਜ ਹੋਣੀ ਚਾਹੀਦੀ ਹੈ।
ਮਜੀਠੀਆ ਦੇ ਵਿਆਹ ਸਮਾਗਮ ’ਚ ਸ਼ਾਮਲ ਹੋਏ ਸਨ ਡਰੱਗਜ਼ ਮਾਮਲੇ ਦੇ ਮੁਲਜ਼ਮ
ਡਰੱਗਜ਼ ਮਾਮਲੇ ’ਚ ਸ਼ਾਮਲ ਮੁਲਜ਼ਮਾਂ ਦੇ ਬਿਕਰਮ ਸਿੰਘ ਮਜੀਠੀਆ ਦੇ ਵਿਆਹ ਸਮਾਗਮ ’ਚ ਸ਼ਾਮਲ ਹੋਣ ਬਾਰੇ ਪੁਲਿਸ ਵਲੋਂ ਦੱਸਿਆ ਜਾ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮਜੀਠੀਆ ਵਲੋਂ ਉਕਤ ਮੁਲਜ਼ਮਾਂ ਨੂੰ ਜਿਥੇ ਡਰੱਗਜ਼ ਨੂੰ ਇਕ ਥਾਂ ਤੋਂ ਦੂਜੀ ਥਾਂ ’ਤੇ ਲੈ ਕੇ ਜਾਣ ਲਈ ਸਰਕਾਰੀ ਵਾਹਨ ਇਸਤੇਮਾਲ ਕਰਨ ਲਈ ਦਿੱਤੇ ਗਏ ਸਨ, ਉਥੇ ਹੀ ਉਕਤ ਐੱਨ.ਆਰ.ਆਈਜ਼ ਨੂੰ ਗੰਨਮੈਨ ਤੱਕ ਦਿੱਤੇ ਜਾਣ ਦਾ ਦੋਸ਼ ਹੈ। ਇਸ ਤੋਂ ਇਲਾਵਾ ਮਜੀਠੀਆ ਵਲੋਂ ਆਪਣਾ ਅੰਮਿ੍ਰਤਸਰ ਵਿਚਲਾ ਘਰ ਵੀ ਮੁਲਜ਼ਮਾਂ ਨੂੰ ਇਸਤੇਮਾਲ ਕਰਨ ਲਈ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ। ਪੁਲਿਸ ਮੁਤਾਬਿਕ ਉਕਤ ਘਰ ’ਚ ਉਹ ਐੱਨ.ਆਈ.ਆਰਜ਼ ਆ ਕੇ ਰਹਿੰਦੇ ਸਨ, ਜੋ ਕਿ ਇਸ ਡਰੱਗਜ਼ ਦੇ ਧੰਦੇ ਨਾਲ ਜੁੜੇ ਹੋਏ ਦੱਸੇ ਜਾ ਰਹੇ ਹਨ। ਡਰੱਗਜ਼ ਦੇ ਇਸ ਧੰਦੇ ਰਾਹੀਂ ਕਮਾਏ ਪੈਸਿਆਂ ਤੋਂ ਪ੍ਰਾਪਰਟੀਆਂ ਵੀ ਬਣਾਈਆਂ ਗਈਆਂ ਦੱਸੀਆਂ ਜਾ ਰਹੀਆਂ ਹਨ, ਜਿਨ੍ਹਾਂ ਬਾਰੇ ਨਵੀਂ ਬਣਾਈ ਗਈ ਸਿੱਟ ਜਾਂਚ ਕਰੇਗੀ।
ਭੋਲਾ ਨੇ ਮੁਹਾਲੀ ਅਦਾਲਤ ਦੇ ਬਾਹਰ ਲਿਆ ਸੀ ਮਜੀਠੀਆ ਦਾ ਨਾਂਅ
ਥਾਣਾ ਬਨੂੰੜ ਵਿਖੇ ਦਰਜ ਇਸ ਸਿੰਥੈਟਿਕ ਡਰੱਗਜ਼ ਮਾਮਲੇ ’ਚ ਜਦੋਂ ਪੁਲਿਸ ਵਲੋਂ ਸਾਬਕਾ ਡੀ.ਐੱਸ.ਪੀ. ਅਤੇ ਅੰਤਰਰਾਸ਼ਟਰੀ ਪਹਿਲਵਾਨ ਰਹੇ ਜਗਦੀਸ਼ ਸਿੰਘ ਭੋਲਾ ਸਮੇਤ ਕਈ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕਰਕੇ ਮੁਹਾਲੀ ਦੀ ਅਦਾਲਤ ’ਚ ਪੇਸ਼ ਕਰਨ ਲਈ ਲਿਆਂਦਾ ਗਿਆ ਸੀ, ਤਾਂ ਜਗਦੀਸ਼ ਸਿੰਘ ਭੋਲਾ ਨੇ ਇਸ ਡਰੱਗਜ਼ ਮਾਮਲੇ ’ਚ ਪਹਿਲੀ ਵਾਰ ਬਿਕਰਮ ਸਿੰਘ ਮਜੀਠੀਆ ਦਾ ਨਾਂਅ ਲਿਆ ਸੀ। ਉਸ ਸਮੇਂ ਪੰਜਾਬ ’ਚ ਅਕਾਲੀ ਦਲ ਦੀ ਸਰਕਾਰ ਸੀ ਅਤੇ ਪੁਲਿਸ ਵਲੋਂ ਮਜੀਠੀਆ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ। ਉਸ ਸਮੇਂ ਈ.ਡੀ. ਵਲੋਂ ਵੀ ਬਿਕਰਮ ਸਿੰਘ ਮਜੀਠੀਆ ਨੂੰ ਜਾਂਚ ’ਚ ਸ਼ਾਮਲ ਹੋਣ ਲਈ ਨੋਟਿਸ ਭੇਜਿਆ ਗਿਆ ਸੀ ਅਤੇ ਉਸ ਸਮੇਂ ਤੋਂ ਹੀ ਕਾਂਗਰਸੀ ਆਗੂ ਤੇ ਹੋਰਨਾਂ ਪਾਰਟੀਆਂ ਵਲੋਂ ਮਜੀਠੀਆ ਖ਼ਿਲਾਫ਼ ਕਾਰਵਾਈ ਨਾ ਹੋਣ ਦਾ ਰੌਲਾ ਪਾਇਆ ਜਾ ਰਿਹਾ ਸੀ।
ਪੁਲਿਸ ਮੁਤਾਬਿਕ ਸੂਡੋ ਐਫਡਰੀਨ ਜੁਕਾਮ ਲਈ ਵਰਤੀ ਜਾਂਦੀ ਹੈ ਪਰ ਜੇਕਰ ਸੂਡੋ ਐਫਡਰੀਨ ਦੀ ਮਾਤਰਾ ਵੱਧ ਲੈ ਲਈ ਜਾਵੇ ਤਾਂ ਵਿਅਕਤੀ ਨੂੰ ਨਸ਼ਾ ਹੋ ਜਾਂਦਾ ਹੈ। ਡਰੱਗਜ਼ ਸਮੱਗਲਰਾਂ ਵਲੋਂ ਇਸ ਦਵਾਈ ਨੂੰ ਨਸ਼ੇ ਲਈ ਵਰਤਣਾ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਹੌਲੀ-ਹੌਲੀ ਇਹ ਨਸ਼ਾ ਭਾਰਤ ’ਚੋਂ ਵਿਦੇਸ਼ਾਂ ਤੱਕ ਪਹੁੰਚ ਗਿਆ ਅਤੇ ਪਹਿਲੀ ਵਾਰ ਜਗਦੀਸ਼ ਭੋਲਾ ਅਤੇ ਉਸ ਦੇ ਕਈ ਸਾਥੀਆਂ ਦੀ ਗਿ੍ਰਫ਼ਤਾਰੀ ਉਪਰੰਤ ਉਕਤ ਨਸ਼ੇ ਦੀ ਤਸਕਰੀ ਬਾਰੇ ਪਤਾ ਚੱਲਿਆ ਸੀ। ਇਸ ਡਰੱਗਜ਼ ਨੂੰ ਮਹਿੰਗੀ ਡਰੱਗਜ਼ ਅਤੇ ਅਮੀਰਾਂ ਦਾ ਮਹਿੰਗਾ ਨਸ਼ਾ ਦੱਸਿਆ ਜਾ ਰਿਹਾ ਹੈ ਅਤੇ ਇਸ ਨਸ਼ੇ ਨੂੰ ਆਈਸ ਵੀ ਕਹਿੰਦੇ ਹਨ।

Share