ਨਸ਼ਾ ਤਸਕਰੀ ਮਾਮਲਾ; ਮਜੀਠੀਆ ਦੀ ਪੱਕੀ ਜ਼ਮਾਨਤ ਬਾਰੇ ਸੁਣਵਾਈ 24 ਤੱਕ ਟਲੀ

156
Share

ਐੱਸ.ਏ.ਐੱਸ. ਨਗਰ (ਮੁਹਾਲੀ), 19 ਜਨਵਰੀ (ਪੰਜਾਬ ਮੇਲ)- ਪੰਜਾਬ ਸਰਕਾਰ ਵੱਲੋਂ ਬਹੁ-ਚਰਚਿਤ ਨਸ਼ਾ ਤਸਕਰੀ ਮਾਮਲੇ ਵਿੱਚ ਨਾਮਜ਼ਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਪੱਕੀ ਜ਼ਮਾਨਤ ’ਤੇ ਸੁਣਵਾਈ 24 ਜਨਵਰੀ ਤੱਕ ਅੱਗੇ ਪੈ ਗਈ ਹੈ। ਹਾਈ ਕੋਰਟ ਵਿਚ ਜਸਟਿਸ ਲੀਜ਼ਾ ਗਿੱਲ ਦੀ ਅਦਾਲਤ ਵਿਚ ਬਿਕਰਮ ਮਜੀਠੀਆ ਦੀ ਪੱਕੀ ਜ਼ਮਾਨਤ ਦੀ ਅਰਜ਼ੀ ’ਤੇ ਸੁਣਵਾਈ ਹੋਈ। ਅਦਾਲਤ ਨੇ ਅਕਾਲੀ ਆਗੂ ਨੂੰ ਪਹਿਲਾਂ ਦਿੱਤੀ ਅੰਤਰਿਮ ਜ਼ਮਾਨਤ ਦੇ ਹੁਕਮ ਬਰਕਰਾਰ ਰੱਖਦਿਆਂ ਪੱਕੀ ਜ਼ਮਾਨਤ ਬਾਰੇ ਸੁਣਵਾਈ 24 ਜਨਵਰੀ ਤੱਕ ਮੁਲਤਵੀ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਬੀਤੀ 10 ਜਨਵਰੀ ਨੂੰ ਹਾਈ ਕੋਰਟ ਨੇ ਨਸ਼ਾ ਤਸਕਰੀ ਮਾਮਲੇ ਵਿਚ ਅਕਾਲੀ ਆਗੂ ਦੀ ਅੰਤਰਿਮ ਜ਼ਮਾਨਤ ਮਨਜ਼ੂਰ ਕਰਦਿਆਂ ਉਨ੍ਹਾਂ ਨੂੰ ਕੇਸ ਦੀ ਜਾਂਚ ਵਿਚ ਸਹਿਯੋਗ ਦੇਣ ਲਈ ਸਿਟ ਅੱਗੇ ਪੇਸ਼ ਹੋਣ ਦੇ ਆਦੇਸ਼ ਦਿੱਤੇ ਸੀ। ਹਾਈ ਕੋਰਟ ਨੇ ਕਈ ਸ਼ਰਤਾਂ ’ਤੇ ਆਧਾਰ ’ਤੇ ਮਜੀਠੀਆ ਨੂੰ ਅੰਤਰਿਮ ਜ਼ਮਾਨਤ ਦਿੱਤੀ ਸੀ। ਬਿਕਰਮ ਮਜੀਠੀਆ ਹੁਣ ਤੱਕ ਤਿੰਨ ਵਾਰ ਸਿੱਟ ਅੱਗੇ ਪੇਸ਼ ਹੋ ਚੁੱਕੇ ਹਨ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਇੱਥੋਂ ਦੇ ਫੇਜ਼-4 ਸਥਿਤ ਪੰਜਾਬ ਪੁਲੀਸ ਦੇ ਸਟੇਟ ਕ੍ਰਾਈਮ ਬਿਊਰੋ ਦੇ ਥਾਣੇ ਵਿਚ ਬਿਕਰਮ ਮਜੀਠੀਆ ਖ਼ਿਲਾਫ਼ ਨਸ਼ਿਆਂ ਦੀ ਤਸਕਰੀ ਦਾ ਨਵਾਂ ਕੇਸ ਦਰਜ ਕੀਤਾ ਗਿਆ ਹੈ, ਜਿਸ ਨੂੰ ਉਨ੍ਹਾਂ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ।

Share