ਨਵ-ਵਿਆਹੁਤਾ ਨੇ ਭਾਖੜਾ ਨਹਿਰ ‘ਚ ਛਾਲ ਮਾਰ ਕੀਤੀ ਆਤਮ-ਹੱਤਿਆ

722

ਫਤਿਹਗੜ੍ਹ ਸਾਹਿਬ,  9 ਅਪ੍ਰੈਲ (ਪੰਜਾਬ ਮੇਲ)- ਬੀਤੀ ਰਾਤ ਇਕ ਨਵ-ਵਿਆਹੁਤਾ ਨੇ ਫਲੋਟਿੰਗ ਰੈਸਟੋਰੈਂਟ ਨੇੜੇ ਭਾਖੜਾ ਨਹਿਰ ‘ਚ ਛਾਲ ਮਾਰ ਕੇ ਆਤਮ-ਹੱਤਿਆ ਕਰ ਲਈ ਹੈ। ਥਾਣਾ ਸਰਹਿੰਦ ਪੁਲਸ ਨੇ 4 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਥਾਣਾ ਸਰਹਿੰਦ ਦੇ ਸਹਾਇਕ ਥਾਣੇਦਾਰ ਪ੍ਰਿਥਵੀਰਾਜ ਨੇ ਦੱਸਿਆ ਕਿ ਲਵਦੀਪ ਸਿੰਘ ਉਰਫ ਲਵੀ ਪੁੱਤਰ ਲੇਟ ਗੁਰਮੀਤ ਸਿੰਘ ਵਾਸੀ ਵਾਰਡ ਨੰਬਰ 7 ਮੋਗਾ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਭੈਣ ਪ੍ਰੇਮਦੀਪ ਕੌਰ ਉਰਫ ਸਪਨਾ ਦਾ ਵਿਆਹ ਅਮਿਤ ਕੁਮਾਰ ਪੁੱਤਰ ਮੁਕੇਸ਼ ਕੁਮਾਰ ਵਾਸੀ ਬੱਧਨੀ ਕਲਾਂ ਜ਼ਿਲਾ ਮੋਗਾ ਨਾਲ ਬੀਤੀ 20 ਜਨਵਰੀ 2020 ਨੂੰ ਹੋਇਆ ਸੀ। ਪ੍ਰੇਮਦੀਪ ਕੌਰ ਪ੍ਰਾਈਵੇਟ ਕੋਚਿੰਗ ਆਈਲੈਟ ਮੋਗਾ ਵਿਖੇ ਕਰਵਾਉਂਦੀ ਸੀ। ਪ੍ਰੇਮ ਦੀਪ ਕੌਰ ਨੂੰ ਸਿਮਰਨਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਮੋਗਾ ਬੀਤੀ 17 ਮਾਰਚ ਨੂੰ ਸ਼ਾਮ ਨੂੰ ਕਾਰ ਨੰਬਰ ਪੀ. ਬੀ. 76 ਏ- 0202 ਵਿਚ ਬਿਠਾ ਕੇ ਲੈ ਗਿਆ। ਇਸ ਬਾਰੇ ਥਾਣਾ ਮੋਗਾ ਵਿਖੇ ਪ੍ਰੇਮਦੀਪ ਕੌਰ ਦੇ ਪਤੀ ਅਮਿਤ ਕੁਮਾਰ ਨੇ ਦਰਖਾਸਤ ਵੀ ਦਿੱਤੀ ਹੋਈ ਹੈ। ਪ੍ਰੇਮਦੀਪ ਕੌਰ ਨੇ ਬੀਤੀ ਰਾਤ ਸਰਹਿੰਦ ਨੇੜੇ ਫਲੋਟਿੰਗ ਰੈਸਟੋਰੈਂਟ ਨੇੜੇ ਭਾਖੜਾ ਨਹਿਰ ਵਿਚ ਛਾਲ ਮਾਰ ਦਿੱਤੀ ਅਤੇ ਉਸ ਦੀ ਮੌਤ ਹੋ ਗਈ। ਪ੍ਰੇਮਦੀਪ ਕੌਰ ਨੂੰ ਸਿਮਰਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ ਉਰਫ ਹੈਰੀ, ਪੂਨਮ ਰਾਣੀ ਅਤੇ ਜਗਦੀਸ਼ ਸਿੰਘ ਉਰਫ ਜੰਡੂ ਨੇ ਆਤਮ-ਹੱਤਿਆ ਕਰਨ ਲਈ ਮਜਬੂਰ ਕੀਤਾ ਹੈ। ਪ੍ਰੇਮਦੀਪ ਕੌਰ ਦੀ ਲਾਸ਼ ਦਾ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਤੋਂ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ। ਲਵਦੀਪ ਸਿੰਘ ਦੇ ਬਿਆਨ ‘ਤੇ ਸਿਮਰਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ ਉਰਫ ਹੈਰੀ, ਪੂਨਮ ਰਾਣੀ ਅਤੇ ਜਗਦੀਸ਼ ਸਿੰਘ ਉਰਫ ਜੰਡੂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।