ਨਵੀਨੀਕਰਨ ਦੌਰਾਨ ਜੱਲ੍ਹਿਆਂਵਾਲਾ ਬਾਗ ਦੇ ਮੂਲ ਸਰੂਪ ਨਾਲ ਛੇੜਛਾੜ ਦੇ ਰੋਸ ਵਜੋਂ ਪ੍ਰਦਰਸ਼ਨ

175
ਸ਼ਹੀਦ ਪਰਿਵਾਰਾਂ ਦੇ ਮੈਂਬਰ ਤੇ ਜਥੇਬੰਦੀਆਂ ਦੇ ਕਾਰਕੁਨ ਰੋਸ ਮਾਰਚ ਕੱਢਦੇ ਹੋਏ।
Share

-ਸ਼ਹੀਦਾਂ ਦੇ ਪਰਿਵਾਰਾਂ ਸਮੇਤ ਹੋਰ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਵਿਰੁੱਧ ਰੋਸ ਮਾਰਚ
ਅੰਮਿ੍ਰਤਸਰ, 15 ਸਤੰਬਰ (ਪੰਜਾਬ ਮੇਲ)- ਇਤਿਹਾਸਕ ਜੱਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ਅਤੇ ਸੁੰਦਰੀਕਰਨ ਦੌਰਾਨ ਇਸ ਦੇ ਮੂਲ ਸਰੂਪ ਨਾਲ ਛੇੜਛਾੜ ਦੇ ਰੋਸ ਵਜੋਂ ਸ਼ਹੀਦਾਂ ਦੇ ਪਰਿਵਾਰਾਂ ਅਤੇ ਹੋਰ ਜਥੇਬੰਦੀਆਂ ਵਲੋਂ ਇਥੇ ਕੇਂਦਰ ਸਰਕਾਰ ਖਿਲਾਫ਼ ਮਾਰਚ ਮਗਰੋਂ ਧਰਨਾ ਦਿੱਤਾ ਗਿਆ। ਪੁਲਿਸ ਨੇ ਜੱਲ੍ਹਿਆਂਵਾਲਾ ਬਾਗ ਨੇੜੇ ਵੱਡੀਆਂ ਰੋਕਾਂ ਲਾ ਕੇ ਪ੍ਰਦਰਸ਼ਨਕਾਰੀਆਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ਰੋਸ ਪ੍ਰਗਟਾ ਰਹੀਆਂ ਜਥੇਬੰਦੀਆਂ ਵਲੋਂ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਵੀ ਭੇਜਿਆ ਗਿਆ ਹੈ, ਜਿਸ ਵਿਚ ਇਸ ਸ਼ਹੀਦੀ ਯਾਦਗਾਰ ਦਾ ਮੂਲ ਸਰੂਪ ਬਹਾਲ ਕਰਨ ਅਤੇ ਦਾਖ਼ਲਾ ਟਿਕਟ ਨਾ ਲਾਉਣ ਦੀ ਮੰਗ ਕੀਤੀ ਗਈ ਹੈ।
ਰੋਸ ਮਾਰਚ ਨੂੰ ਦੇਖਦਿਆਂ ਪੁਲਿਸ ਨੇ ਹੈਰੀਟੇਜ ਸਟਰੀਟ ’ਚ ਵੱਖ-ਵੱਖ ਦਿਸ਼ਾਵਾਂ ’ਚ ਬੈਰੀਕੇਡ ਅਤੇ ਹੋਰ ਰੋਕਾਂ ਲਾ ਕੇ ਸ਼ਹੀਦੀ ਯਾਦਗਾਰ ਵੱਲ ਆਉਣ ਵਾਲੇ ਰਸਤੇ ਬੰਦ ਕਰ ਦਿੱਤੇ ਸਨ। ਦੁਪਹਿਰ ਵੇਲੇ ਵੱਖ-ਵੱਖ ਜਨਤਕ, ਕਿਸਾਨ ਅਤੇ ਹੋਰ ਜਥੇਬੰਦੀਆਂ ਨਾਲ ਸਬੰਧਤ ਪ੍ਰਦਰਸ਼ਨਕਾਰੀ ਇਥੇ ਹੈਰੀਟੇਜ ਸਟਰੀਟ ’ਚ ਇਕੱਠੇ ਹੋਏੇ। ਉਹ ਜੱਲ੍ਹਿਆਂਵਾਲਾ ਬਾਗ ਵੱਲ ਵਧੇ ਪਰ ਪੁਲਿਸ ਨੇ ਬੈਰੀਕੇਡ ਲਾ ਕੇ ਉਨ੍ਹਾਂ ਨੂੰ ਅਗਾਂਹ ਵਧਣ ਤੋਂ ਰੋਕ ਦਿੱਤਾ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਹਲਕੀ ਤਕਰਾਰ ਵੀ ਹੋਈ ਪਰ ਪ੍ਰਦਰਸ਼ਨਕਾਰੀ ਉਥੇ ਹੀ ਧਰਨਾ ਲਾ ਕੇ ਬੈਠ ਗਏ। ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਧਰਨੇ ਵਾਲੀ ਥਾਂ ’ਤੇ ਆ ਕੇ ਮੰਗ ਪੱਤਰ ਲਿਆ, ਜੋ ਰਾਸ਼ਟਰਪਤੀ ਨੂੰ ਭੇਜਿਆ ਜਾਵੇਗਾ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਪਿਛਲੇ ਡੇਢ ਸਾਲ ਤੋਂ ਨਵੀਨੀਕਰਨ ਅਤੇ ਸੁੰਦਰੀਕਰਨ ਦੇ ਨਾਮ ਹੇਠ ਜੱਲ੍ਹਿਆਂਵਾਲਾ ਬਾਗ ਦੇ ਇਤਿਹਾਸਕ ਵਿਰਾਸਤੀ ਸਰੂਪ ਅਤੇ ਪ੍ਰਮਾਣਿਤ ਤੱਥਾਂ ਨਾਲ ਛੇੜਛਾੜ ਕੀਤੀ ਗਈ ਹੈ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਟਰੱਸਟ ਆਗੂਆਂ ’ਤੇ ਦੋਸ਼ ਲਾਇਆ ਕਿ ਸ਼ਹੀਦੀ ਯਾਦਗਾਰ ਦੇ ਅੰਦਰ ਦਾਖਲ ਹੋਣ ਵੇਲੇ ਤੰਗ ਗਲੀ ਦੇ ਲਾਂਘੇ ਵਿਚ ਰੌਲਟ ਐਕਟ ਦਾ ਵਿਰੋਧ ਕਰ ਰਹੇ ਲੋਕਾਂ ਦੀ ਥਾਂ ’ਤੇ ਨੱਚਦੇ-ਟੱਪਦੇ ਲੋਕਾਂ ਦੀਆਂ ਮੂਰਤੀਆਂ ਸਥਾਪਤ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਫਾਇਰਿੰਗ ਪੁਆਇੰਟ ਦੇ ਪਿੱਲਰ ਨੂੰ ਢਾਹੁਣ, ਅਮਰ ਜਯੋਤੀ ਨੂੰ ਦੂਰ ਤਬਦੀਲ ਕਰਨ, ਸ਼ਹੀਦੀ ਸਮਾਰਕ ਸਾਹਮਣੇ ਭਾਜਪਾ ਦਾ ਚੋਣ ਨਿਸ਼ਾਨ ਕਮਲ ਦਾ ਫੁੱਲ ਸਥਾਪਤ ਕਰਨ, ਸ਼ਹੀਦੀ ਖੂਹ ਦਾ ਮੌਲਿਕ ਸਰੂਪ ਵਿਗਾੜਨ, ਗੋਲੀਆਂ ਦੇ ਨਿਸ਼ਾਨ ਜ਼ਮੀਨ ਦੇ ਪੱਧਰ ਤੋਂ ਹੇਠਾਂ ਕਰਨ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਆਦਿ ਦੀਆਂ ਤਸਵੀਰਾਂ ਹੇਠ ‘ਸ਼ਹੀਦ’ ਸ਼ਬਦ ਨਹੀਂ ਲਿਖਣ, ਗੈਲਰੀਆਂ ’ਚ ਆਜ਼ਾਦੀ ਸੰਗਰਾਮ ਦੀ ਥਾਂ ਰਾਸ਼ਟਰਵਾਦ ਦਾ ਸ਼ਬਦ ਵਾਰ-ਵਾਰ ਵਰਤਣ ਦੇ ਦੋਸ਼ ਲਾਏ ਗਏ ਹਨ। ਉਨ੍ਹਾਂ ਕਿਹਾ ਕਿ ਵਿਰੋਧ ਦੇ ਬਾਵਜੂਦ ਦਾਖਲਾ ਟਿਕਟ ਦੇ ਕਾਊਂਟਰ ਸਥਾਪਤ ਕਰ ਦਿੱਤੇ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਾਮਰਾਜ ਪੱਖੀ ਛੇੜਛਾੜ ਕਰਕੇ ਇਕ ਖਾਸ ਰਾਜਸੀ ਮੰਤਵ ਤਹਿਤ ਇਸ ਇਤਿਹਾਸਕ ਸ਼ਹੀਦੀ ਸਥਾਨ ਨੂੰ ਇਕ ਮਨੋਰੰਜਕ ਸੈਰਗਾਹ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਮੌਕੇ ਕਿਸਾਨ ਆਗੂ ਰਤਨ ਸਿੰਘ ਰੰਧਾਵਾ, ਗੁਰਬਚਨ ਸਿੰਘ, ਸੀ.ਪੀ.ਆਈ. ਦੇ ਅਮਰਜੀਤ ਆਸਲ, ਵਿਜੈ ਮਿਸ਼ਰਾ, ਧਨਵੰਤ ਸਿੰਘ ਖਤਰਾਏ ਕਲਾਂ, ਫੋਕਲੋਰ ਰਿਸਰਚ ਅਕੈਡਮੀ ਦੇ ਰਮੇਸ਼ ਯਾਦਵ, ਕਿਸਾਨ ਆਗੂ ਜਤਿੰਦਰ ਛੀਨਾ, ਪਰਮਜੀਤ ਸਿੰਘ ਚਾਟੀਵਿੰਡ, ਬੀਬੀ ਬਲਵਿੰਦਰ ਕੌਰ, ਐਡਵੋਕੇਟ ਅਮਰਜੀਤ ਬਾਈ, ਭੁਪਿੰਦਰ ਸੰਧੂ, ਤਰਕਸ਼ੀਲ ਆਗੂ ਸੁਮੀਤ ਸਿੰਘ, ਕਿਸਾਨ ਆਗੂ ਹਰਜੀਤ ਸਿੰਘ ਝੀਤੇ ਅਤੇ ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸ਼ਹੀਦ ਹੋਏ ਵਿਅਕਤੀਆਂ ਦੀ ਅਸਲ ਗਿਣਤੀ ਦਾ ਪਤਾ ਨਹੀਂ ਲਾਇਆ ਜਾ ਸਕਿਆ ਹੈ। ਉਨ੍ਹਾਂ ਕੇਂਦਰ ਸਰਕਾਰ ਵਲੋਂ ਨਵੀਨੀਕਰਨ ’ਤੇ ਖ਼ਰਚ ਕੀਤੇ ਗਏ 20 ਕਰੋੜ ਰੁਪਏ ਸਬੰਧੀ ਜਾਣਕਾਰੀ ਵੀ ਜਨਤਕ ਕਰਨ ਦੀ ਮੰਗ ਕੀਤੀ। ਮੰਗ ਪੱਤਰ ’ਚ ਕਿਹਾ ਗਿਆ ਹੈ ਕਿ ਜੇਕਰ ਜੱਲ੍ਹਿਆਂਵਾਲਾ ਬਾਗ ਦੀ ਇਤਿਹਾਸਕ ਦਿੱਖ ਨੂੰ ਬਹਾਲ ਨਾ ਕੀਤਾ ਗਿਆ, ਤਾਂ ਸਮੂਹ ਜਥੇਬੰਦੀਆਂ ਸੰਘਰਸ਼ ਕਰਨਗੀਆਂ।

Share