ਨਵੀਂ ਦਿੱਲੀ, 27 ਫਰਵਰੀ (ਪੰਜਾਬ ਮੇਲ)- 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨ ਟਰੈਕਟਰ ਪਰੇਡ ਦੌਰਾਨ ਦਿੱਲੀ ਦੇ ਆਈ. ਟੀ. ਓ. ਚੌਕ ਵਿਖੇ ਮਾਰੇ ਗਏ ਉੱਤਰ ਪ੍ਰਦੇਸ਼ (ਯੂ. ਪੀ.) ਦੇ ਜ਼ਿਲ੍ਹਾ ਰਾਮਪੁਰ ਦੇ ਪਿੰਡ ਡਿਬਡਿਬਾ ਦੇ ਨੌਜਵਾਨ ਕਿਸਾਨ ਨਵਰੀਤ ਸਿੰਘ (27) ਦੇ ਸਰੀਰ ‘ਤੇ ਗੋਲੀ ਦਾ ਨਿਸ਼ਾਨ ਨਹੀਂ ਮਿਲਿਆ ਹੈ | ਉਕਤ ਜਾਣਕਾਰੀ ਯੂ.ਪੀ. ਤੇ ਦਿੱਲੀ ਪੁਲਿਸ ਨੇ ਹਾਈਕੋਰਟ ਨੂੰ ਦਿੱਤੀ ਹੈ | ਦੋਵਾਂ ਰਾਜਾਂ ਦੀ ਪੁਲਿਸ ਨੇ ਰਾਮਪੁਰ ਜ਼ਿਲ੍ਹਾ ਹਸਪਤਾਲ ਵਲੋਂ ਜਾਰੀ ਪੋਸਟਮਾਰਟਮ ਤੇ ਐਕਸ-ਰੇਅ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਮਿ੍ਤਕ ਦੇ ਸਰੀਰ ‘ਤੇ ਇਕ ਵੀ ਗੋਲੀ ਦਾ ਨਿਸ਼ਾਨ ਨਹੀਂ ਸੀ | ਦਿੱਲੀ ਪੁਲਿਸ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ਅਨੁਸਾਰ ਹਾਦਸੇ ਕਾਰਨ ਨਵਰੀਤ ਸਿੰਘ ਦੇ ਸਿਰ ‘ਚ ਸੱਟ ਲੱਗੀ ਸੀ, ਜੋ ਉਸ ਦੀ ਮੌਤ ਦਾ ਕਾਰਨ ਬਣੀ | ਜ਼ਿਕਰਯੋਗ ਹੈ ਕਿ ਮਿ੍ਤਕ ਦੇ ਦਾਦਾ ਹਰਦੀਪ ਸਿੰਘ ਵਲੋਂ ਹਾਈਕੋਰਟ ‘ਚ ਪਟੀਸ਼ਨ ਦਾਇਰ ਕਰਕੇ ਦਾਅਵਾ ਕੀਤਾ ਗਿਆ ਸੀ ਕਿ ਨਵਰੀਤ ਸਿੰਘ ਦੇ ਸਿਰ ‘ਚ ਗੋਲੀ ਲੱਗੀ ਸੀ, ਜਿਸ ‘ਤੇ ਹਾਈਕੋਰਟ ਨੇ ਦਿੱਲੀ ਤੇ ਯੂ.ਪੀ. ਪੁਲਿਸ ਨੂੰ ਜਵਾਬ ਦਾਇਰ ਕਰਨ ਲਈ ਕਿਹਾ ਸੀ |