ਨਵੀਂ ਦਿੱਲੀ, 18 ਮਾਰਚ (ਪੰਜਾਬ ਮੇਲ)- ਗਣਤੰਤਰ ਦਿਵਸ ਮੌਕੇ ਕਿਸਾਨ ਟਰੈਕਟਰ ਪਰੇਡ ਦੌਰਾਨ ਨਵਰੀਤ ਸਿੰਘ ਦੀ ਮੌਤ ਦੇ ਮਾਮਲੇ ’ਚ ਦਿੱਲੀ ਹਾਈ ਕੋਰਟ ਨੇ ਦਿੱਲੀ ਦੇ ਸਿਹਤ ਸਕੱਤਰ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਨੌਜਵਾਨ ਕਿਸਾਨ ਦੇ ਐਕਸਰੇਅ ਰਿਪੋਰਟ ਦੀ ਪੜਤਾਲ ਲਈ ਮਾਹਿਰਾਂ ਦਾ ਬੋਰਡ ਬਣਾਉਣ। ਜਸਟਿਸ ਯੋਗੇਸ਼ ਖੰਨਾ ਨੇ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਦੇ ਡਾਕਟਰਾਂ ਨੂੰ ਵੀ ਕਿਹਾ ਹੈ ਕਿ ਉਹ ਅਸਲ ਐਕਸਰੇਅ ਪਲੇਟ ਤੋਂ ਐਕਸਰੇਅ ਰਿਪੋਰਟ ਤਿਆਰ ਕਰਨ ਜੋ ਦਿੱਲੀ ਪੁਲੀਸ ਨੂੰ ਉੱਤਰ ਪ੍ਰਦੇਸ਼ ਪੁਲੀਸ ਤੋਂ ਮਿਲੀ ਹੈ। ਹਾਈ ਕੋਰਟ ਨੇ ਕਿਹਾ ਹੈ ਕਿ ਰਿਪੋਰਟ ਦੀ ਪੜਤਾਲ ਮੈਡੀਕਲ ਅਤੇ ਫੋਰੈਂਸਿਕ ਮਾਹਿਰਾਂ ’ਤੇ ਆਧਾਰਿਤ ਬੋਰਡ ਵੱਲੋਂ ਕੀਤੀ ਜਾਵੇ। ਅਦਾਲਤ ਨੇ ਕੇਸ ਦੀ ਸੁਣਵਾਈ 14 ਅਪਰੈਲ ’ਤੇ ਪਾ ਦਿੱਤੀ ਹੈ।
ਹਾਈ ਕੋਰਟ ਵੱਲੋਂ ਨਵਰੀਤ ਸਿੰਘ ਦੇ ਦਾਦੇ ਹਰਦੀਪ ਸਿੰਘ ਦੀ ਅਰਜ਼ੀ ’ਤੇ ਸੁਣਵਾਈ ਕੀਤੀ ਜਾ ਰਹੀ ਹੈ ਜਿਸ ’ਚ ਹਰਦੀਪ ਸਿੰਘ ਨੇ ਦਾਅਵਾ ਕੀਤਾ ਕਿ ਨਵਰੀਤ ਦੇ ਸਿਰ ’ਚ ਗੋਲੀ ਲੱਗੀ ਸੀ। ਉਂਜ ਦਿੱਲੀ ਅਤੇ ਯੂਪੀ ਪੁਲੀਸ ਨੇ ਅਦਾਲਤ ਨੂੰ ਦੱਸਿਆ ਹੈ ਕਿ ਨਵਰੀਤ ਦੇ ਸਿਰ ’ਚ ਗੋਲੀ ਲੱਗਣ ਦੇ ਕੋਈ ਜ਼ਖ਼ਮ ਨਹੀਂ ਹਨ ਅਤੇ ਟਰੈਕਟਰ ਪਲਟਣ ਕਾਰਨ ਉਸ ਦੀ ਮੌਤ ਹੋਈ ਹੈ। ਦਿੱਲੀ ਸਰਕਾਰ ਦੇ ਸਟੈਂਡਿੰਗ ਕਾਊਂਸਿਲ (ਕ੍ਰਿਮੀਨਲ) ਰਾਹੁਲ ਮਹਿਰਾ ਅਤੇ ਦਿੱਲੀ ਪੁਲੀਸ ਦੇ ਨੁਮਾਇੰਦੇ ਵਕੀਲ ਚੈਤੰਨਯ ਗੋਸਾਈਂ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨਵਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਵਕੀਲਾਂ ਨੂੰ ਸੀਸੀਟੀਵੀ ਫੁਟੇਜ ਦਿਖਾ ਦਿੱਤੀ ਹੈ। ਇਸ ਤੋਂ ਪਹਿਲਾਂ ਹਾਈ ਕੋਰਟ ਨੇ ਯੂਪੀ ਪੁਲੀਸ ਨੂੰ ਐਕਸਰੇਅ ਦੀ ਅਸਲ ਪਲੇਟ ਅਤੇ ਪੋਸਟਮਾਰਟਮ ਦਾ ਵੀਡੀਓ ਦਿੱਲੀ ਪੁਲੀਸ ਨੂੰ ਦੇਣ ਦੇ ਨਿਰਦੇਸ਼ ਦਿੱਤੇ ਸਨ।