ਨਵਯੁਗ ਪਬਲਿਸ਼ਰਜ਼ ਦਿੱਲੀ ਵੱਲੋਂ ਭਾਈ ਕਾਨ੍ਹ ਸਿੰਘ ਨਾਭਾ ਦੀਆਂ ਕਵਿਤਾਵਾਂ ਦਾ ਸੰਗ੍ਰਹਿ ਕਿਤਾਬ ‘ਗੀਤਾਂਜਲੀ ਹਰੀਵ੍ਰਿਜੇਸ਼’ ਪ੍ਰਕਾਸਿ਼ਤ

1050
ਭਾਈ ਕਾਨ੍ਹ ਸਿੰਘ ਨਾਭਾ ਦੀਆਂ ਕਾਵਿ ਰਚਨਾਵਾਂ ਦੀ ਪੁਸਤਕ ਰਿਲੀਜ਼ ਕਰਦੇ ਹੋਏ ਵਾਈਸ ਚਾਂਸਲਰ ਡਾ. ਅਰਵਿੰਦ। ਨਾਲ ਹਨ , ਡਾ. ਜਗਮੇਲ ਸਿੰਘ ਭਾਠੂਆਂ ,ਮੇਜਰ ਆਦਰਸ਼ਪਾਲ ਸਿੰਘ, ਡਾ. ਰਵਿੰਦਰ ਕੌਰ ਰਵੀ।
Share

ਨਵੀਂ ਦਿੱਲੀ, 13 ਅਗਸਤ (ਪੰਜਾਬ ਮੇਲ)- ਨਵਯੁਗ ਪਬਲਿਸ਼ਰਜ਼ ਦਿੱਲੀ ਵੱਲੋ ਪੰਜਾਬੀ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਦੀਆਂ ਕਵਿਤਾਵਾਂ ਦੇ ਸੰਗ੍ਰਹਿ ਨੂੰ ਪੁਸਤਕ ਰੂਪ ਚ ‘ਗੀਤਾਂਜਲੀ ਹਰੀਵ੍ਰਿਜੇਸ਼’  ਟਾਈਟਲ ਨਾਲ ਪ੍ਰਕਾਸਿ਼ਤ ਕੀਤਾ ਗਿਆ ਹੈ। ਨਵਯੁਗ ਪਬਲਿਸ਼ਰਜ਼ ਦਿੱਲੀ ਵੱਲੋਂ ਭੇਜੀ ਜਾਣਕਾਰੀ ਅਨੁਸਾਰ  ਇਸ ਪੁਸਤਕ ਦੀ ਸੰਪਾਦਨਾ ਅਤੇ ਕਵਿਤਾਵਾਂ ਦੇ ਭਾਵ ਅਰਥ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਿਦਵਾਨ ਡਾ. ਰਵਿੰਦਰ ਕੌਰ ਰਵੀ ਅਤੇ ਡਾ. ਜਗਮੇਲ ਸਿੰਘ ਭਾਠੂਆਂ ਵੱਲੋਂ ਕੀਤੇ ਗਏ ਹਨ। ਇਸ ਤੋਂ ਪਹਿਲਾਂ ਵੀ ਡਾ. ਰਵੀ ਅਤੇ ਡਾ. ਭਾਠੂਆਂ ਵਲੋਂ ਭਾਈ ਕਾਨ੍ਹ ਸਿੰਘ ਨਾਭਾ ਨਾਲ ਸੰਬੰਧਿਤ ਪੁਸਤਕਾਂ ‘ਬਿਖਰੇ ਮੋਤੀ’ ਅਤੇ ‘ਇਤਿਹਾਸ ਖਾਨਦਾਨ ਬਾਗੜੀਆਂ’  ਨਵਯੁਗ ਪਬਲਿਸ਼ਰਜ਼ ਲਈ ਤਿਆਰ ਕੀਤੀਆਂ ਗਈਆਂ ਹਨ।

ਜ਼ਿਕਰਯੋਗ ਹੈ ਕਿ ‘ਗੀਤਾਂਜਲੀ ਹਰੀਵ੍ਰਿਜੇਸ਼’ ਪੁਰਾਤਨ ਕਵਿਤਾਵਾਂ ਦਾ ਉਹ ਸੰਗ੍ਰਹਿ ਹੈ,ਜੋ ਭਾਈ ਕਾਨ੍ਹ ਸਿੰਘ ਨਾਭਾ ਆਪਣੇ ਜੀਵਨ ਕਾਲ ਦੌਰਾਨ ਵਖ ਵਖ ਅਖਬਾਰਾਂ ਮੈਗਜ਼ੀਨਾਂ ਲਈ ਸਮੇ ਸਮੇ ਅਨੁਸਾਰ ਲਿਖਦੇ ਰਹੇ ਹਨ।’ਗੀਤਾਂਜਲੀ ਹਰੀਵ੍ਰਿਜੇਸ਼’ ਪੁਸਤਕ ਦਾ ਵਿਧੀਵਤ ਵਿਮੋਚਨ ਬੀਤੇ ਦਿਨੀਂ ਪੰਜਾਬੀ ਯੁਨੀਵਰਸਿਟੀ ,ਪਟਿਆਲਾ ਵਿਖੇ ਵਾਈਸ ਚਾਂਸਲਰ ਡਾ. ਅਰਵਿੰਦ ਵਲੋਂ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਕਾਨ੍ਹ ਸਿੰਘ ਨਾਭਾ ਦੇ ਪੜਪੋਤਰੇ ਮੇਜਰ ਆਦਰਸ਼ਪਾਲ ਸਿੰਘ  ਨੇ ਵੀ ਸ਼ਮੂਲੀਅਤ ਕੀਤੀ ਅਤੇ ਖੁਦ ਵਾਈਸ ਚਾਂਸਲਰ ਸਾਹਿਬ ਵੱਲੋਂ ਪੁਸਤਕ ਵਿਚੋਂ ਭਾਈ ਕਾਨ੍ਹ ਸਿੰਘ ਨਾਭਾ ਦੀ ਹਿੰਦੀ ਭਾਸ਼ਾ ਦੀ ਇਕ ਕਾਵਿ ਰਚਨਾ ‘ਆਯੋ ਗੁਰੂ ਨਾਨਕ ਅਲੌਕਿਕ ਬਸੰਤ’ ਪੁਸਤਕ ‘ਗੀਤਾਂਜਲੀ ਹਰੀਵ੍ਰਿਜੇਸ਼’ ਵਿਚੋਂ ਪੜ੍ਹਕੇ ਸੁਣਾਈ ਅਤੇ ਇਸ ਸ਼ੁੱਭ ਕਾਰਜ ਲਈ ਮੁਬਾਰਕਬਾਦ ਦਿੱਤੀ। ਉਨਾਂ ਦੱਸਿਆ ਕਿ ਸਾਡੇ ਪੁਰਤਨ ਪੰਜਾਬੀ ਵਿਦਵਾਨ ਆਪਣੀ ਮਾਂ ਬੋਲ਼ੀ ਤੋਂ ਇਲਾਵਾ ਹਿੰਦੀ ਆਦਿ ਦੂਜੀਆਂ ਭਾਸ਼ਾਵਾਂ ਨੂੰ ਵੀ ਮਾਣ ਬਖਸ਼ਦੇ ਸਨ ।

ਵਰਨਣਯੋਗ ਹੈ ਕਿ ਬਹੁਪੱਖੀ ਪ੍ਰਤਿੱਭਾ ਦੇ ਮਾਲਕ ਭਾਈ ਕਾਨ੍ਹ ਸਿੰਘ ਨਾਭਾ(1861-1938 ) ਦੀ ਸਾਹਿਤਕ ਦਿਲਚਸਪੀ ਦਾ ਘੇਰਾ ਅਤਿ ਵਿਸ਼ਾਲ ਸੀ ।ਉਨ੍ਹਾਂ ਦੁਆਰਾ ਤਿਆਰ ਕੀਤਾ ਗਿਆ ‘ਇਨਸਾੲਕਿਲੋਪੀਡੀਆ ਆਫ ਸਿੱਖ ਲਿਟਰੇਚਰ ‘ ਗੁਰੁਸ਼ਬਦ ਰਤਨਾਕਰ ਮਹਾਨਕੋਸ਼ ;ਪੰਜਾਬੀ ਕੋਸ਼ਕਾਰੀ ਦੇ ਰਸਤੇ ‘ਚ ਇਕ ਮੀਲ ਪੱਥਰ ਹੈ ;ਪਰ ਉਨ੍ਹਾਂ ਆਪਣੇ ਸਾਹਿਤਕ ਸਫਰ ਦਾ ਆਰੰਭ ਕਵਿਤਾ ਰਾਹੀਂ ਕੀਤਾ।ਜੀਵਨ ਦੇ ਆਰੰਭਲੇ ਦਿਨਾਂ ਚ ਕਾਨ੍ਹ ਸਿੰਘ ਨੇ ਭਾਈ ਭਗਵਾਨ ਸਿੰਘ ਦੁਗਾਂ ਵਾਲੇ ਤੇ ਭਾਈ ਵੀਰ ਸਿੰਘ ਜਲਾਲਕੇ ਪਾਸੋਂ ਕਵਿਤਾ ਰਚਨ ਦੀ ਸਿਖਿਆ ਲੈ ਕੇ ਹਾਸ-ਰਸੀ ਕਵਿਤਾ ਲਿਖਣੀ ਆਰੰਭ ਕੀਤੀ ।‘ਗੀਤਾਂਜਲੀ ਹਰੀਵ੍ਰਿਜੇਸ਼’ ਭਾਈ ਕਾਨ੍ਹ ਸਿੰਘ ਨਾਭਾ ਦੀਆਂ ਕਵਿਤਾਵਾਂ ਦਾ ਵਡਮੁੱਲਾ ਸੰਗ੍ਰਹਿ ਹੈ;ਇਸ ਖਜ਼ਾਨੇ ਨੂੰ ਡਾ. ਰਵਿੰਦਰ ਕੌਰ ਰਵੀ ਅਤੇ ਡਾ. ਜਗਮੇਲ ਸਿੰਘ ਭਾਠੂਆਂ ਨੇ ਪੁਸਤਕ ਰੂਪ ਵਿਚ ਸੰਭਾਲਿਆ ਹੈ।

 


Share