ਨਵਜੋਤ ਸਿੱਧੂ ਵੱਲੋਂ ਵੱਖਰੇ ਸਿਆਸੀ ਬਦਲ ਖੁੱਲ੍ਹੇ ਰੱਖਣ ਦੇ ਸੰਕੇਤ!

543
Share

ਲੁਧਿਆਣਾ, 30 ਸਤੰਬਰ (ਪੰਜਾਬ ਮੇਲ)- ਪੰਜਾਬ ਕਾਂਗਰਸ ਮੁਖੀ ਬਣਨ ਤੋਂ ਬਾਅਦ ਤੋਂ ਨਵਜੋਤ ਸਿੰਘ ਸਿੱਧੂ ਦੀ ਸਰਗਰਮ ਸਿਆਸਤ ‘ਚ ਵਾਪਸੀ ਦੀ ਵਕਾਲਤ ਕਰ ਰਹੇ ਹਰੀਸ਼ ਰਾਵਤ ਦੇ ਪਹਿਲੇ ਦੌਰੇ ਤੋਂ ਦੂਰੀ ਬਣਾ ਕੇ ਸਿੱਧੂ ਨੇ ਹਾਲ ਦੀ ਘੜੀ ਵੱਖਰੀ ਸਿਆਸਤ ਦੇ ਰਸਤੇ ‘ਤੇ ਚੱਲਣ ਦੇ ਸੰਕੇਤ ਦਿੱਤੇ ਹਨ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਵਿਵਾਦ ਕਾਰਨ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਪੰਜਾਬ ਕਾਂਗਰਸ ਦੀ ਸਿਆਸਤ ‘ਚ ਸਿੱਧੂ ਹਾਸ਼ੀਏ ‘ਤੇ ਚੱਲ ਰਹੇ ਹਨ।
ਹਾਲਾਂਕਿ ਸੋਸ਼ਲ ਮੀਡੀਆ ‘ਤੇ ਦਿਖਾਏ ਗਏ ਤੇਵਰਾਂ ਤੋਂ ਸਿੱਧੂ ਵੱਲੋਂ ਆਉਣ ਵਾਲੇ ਸਮੇਂ ‘ਚ ਕਾਂਗਰਸ ਨੂੰ ਅਲਵਿਦਾ ਆਖਣ ਦੇ ਸੰਕੇਤ ਮਿਲੇ ਪਰ ਇਸ ਸਬੰਧੀ ਸਿੱਧੂ ਨੇ ਕਦੇ ਆਪਣਾ ਰੁਖ ਸਪੱਸ਼ਟ ਨਹੀਂ ਕੀਤਾ। ਇਸੇ ਦੌਰਾਨ ਕਾਂਗਰਸ ਦੇ ਮੁੜ ਗਠਨ ਦੌਰਾਨ ਸਿੱਧੂ ਨੂੰ ਕੋਈ ਜਗ੍ਹਾ ਨਹੀਂ ਮਿਲੀ, ਤਾਂ ਉਨ੍ਹਾਂ ਦੇ ਭਾਜਪਾ ਜਾਂ ਆਮ ਆਦਮੀ ਪਾਰਟੀ ਦੇ ਨਾਲ ਜਾਣ ਦੀਆਂ ਅਟਕਲਾਂ ਨੇ ਫਿਰ ਜ਼ੋਰ ਫੜ੍ਹਿਆ। ਹੁਣ ਚਾਹੇ ਅਕਾਲੀ ਦਲ ਵੱਲੋਂ ਭਾਜਪਾ ਦਾ ਸਾਥ ਛੱਡਣ ਤੋਂ ਬਾਅਦ ਸਿੱਧੂ ਦੀ ਸ਼ਰਤ ਪੂਰੀ ਹੋ ਗਈ ਹੈ ਪਰ ਖੇਤੀ ਬਿੱਲ ਦੇ ਵਿਰੋਧ ‘ਚ ਪੈਦਾ ਹੋਏ ਮਾਹੌਲ ਦੇ ਮੱਦੇਨਜ਼ਰ ਸ਼ਾਇਦ ਉਹ ਭਾਜਪਾ ‘ਚ ਜਾਣ ਦਾ ਜ਼ੋਖਮ ਨਹੀਂ ਉਠਾਉਣਗੇ।
ਇਸੇ ਦੌਰਾਨ ਹਰੀਸ਼ ਰਾਵਤ ਦੀ ਨਿਯੁਕਤੀ ਸਿੱਧੂ ਲਈ ਸਿਆਸੀ ਸੰਜੀਵਨੀ ਤੋਂ ਘੱਟ ਨਜ਼ਰ ਨਹੀਂ ਆ ਰਹੀ ਕਿਉਂਕਿ ਕੈਪਟਨ ਖੇਮੇ ਨਾਲ ਸਬੰਧਤ ਆਸ਼ਾ ਕੁਮਾਰੀ ਵੱਲੋਂ ਸਿੱਧੂ ਨੂੰ ਜ਼ਿਆਦਾ ਤਵੱਜੋਂ ਨਹੀਂ ਦਿੱਤੀ ਗਈ, ਜਦੋਂ ਕਿ ਰਾਵਤ ਪਹਿਲੇ ਹੀ ਦਿਨ ਪਾਰਟੀ ਨੂੰ ਸਿੱਧੂ ਦੀ ਲੋੜ ਦੱਸ ਕੇ ਪੰਜਾਬ ਦੇ ਨਾਲ ਰਾਸ਼ਟਰੀ ਪੱਧਰ ‘ਤੇ ਵੀ ਉਨ੍ਹਾਂ ਦਾ ਫਾਇਦਾ ਲੈਣ ਦੀ ਗੱਲ ਕਹਿ ਰਹੇ ਹਨ ਪਰ ਇਸ ਸਭ ਦੇ ਬਾਵਜੂਦ ਸਿੱਧੂ ਨੇ ਹਰੀਸ਼ ਰਾਵਤ ਦੇ ਪਹਿਲੇ ਦੌਰੇ ਦੌਰਾਨ ਖਟਕੜ ਕਲਾਂ ਜਾਣ ਜਾਂ ਵਿਧਾਇਕ ਦਲ ਦੀ ਬੈਠਕ ‘ਚ ਸ਼ਾਮਲ ਹੋਣ ਦੀ ਬਜਾਏ ਸੰਗਰੂਰ ‘ਚ ਵੱਖਰਾ ਪ੍ਰੋਗਰਾਮ ਕੀਤਾ, ਜਿਸ ਨੂੰ ਉਨ੍ਹਾਂ ਵੱਲੋਂ ਸਿਆਸੀ ਬਦਲ ਖੁੱਲ੍ਹੇ ਰੱਖਣ ਦੇ ਰੂਪ ‘ਚ ਦੇਖਿਆ ਜਾ ਰਿਹਾ ਹੈ।


Share