ਨਵਜੋਤ ਸਿੱਧੂ ਵੱਲੋਂ ਮੌਜੂਦਾ ਹਲਕੇ ਅੰਮਿ੍ਰਤਸਰ ਦੱਖਣੀ ਤੋਂ ਹੀ ਚੋਣ ਲੜਨ ਦੇ ਸੰਕੇਤ

413
Share

ਪਟਿਆਲਾ, 10 ਅਗਸਤ (ਪੰਜਾਬ ਮੇਲ)-ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਮਗਰੋਂ ਰਾਜਸੀ ਸਫ਼ਾਂ ਵਿਚ ਕਿਆਸੇ ਤੇਜ਼ ਹੋ ਗਏ ਹਨ ਕਿ ਉਹ ਆਗਾਮੀ ਵਿਧਾਨ ਸਭਾ ਚੋਣਾਂ ਪਟਿਆਲਾ ਜਾਂ ਅੰਮਿ੍ਰਤਸਰ ’ਚੋਂ ਕਿੱਥੋਂ ਲੜਨਗੇ। ਹਾਲਾਂਕਿ ਅਸਲੀ ਸਥਿਤੀ ਤਾਂ ਟਿਕਟ ਮਿਲਣ ’ਤੇ ਹੀ ਸਪੱਸ਼ਟ ਹੋਵੇਗੀ ਪਰ ਉਨ੍ਹਾਂ ਆਪਣੇ ਮੌਜੂਦਾ ਹਲਕੇ ਅੰਮਿ੍ਰਤਸਰ ਦੱਖਣੀ ਤੋਂ ਹੀ ਮੁੜ ਚੋਣ ਲੜਨ ਦੇ ਸੰਕੇਤ ਦਿੱਤੇ ਹਨ।
ਕੁਝ ਦਿਨ ਪਹਿਲਾਂ ਇਥੇ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਘਰ ਪਹੁੰਚੇ ਨਵਜੋਤ ਸਿੱਧੂ ਨੂੰ ਜਦੋਂ ਉਨ੍ਹਾਂ ਦੇ ਹਲਕੇ ਬਾਰੇ ਪੁੱਛਿਆ ਗਿਆ, ਤਾਂ ਨਾਲ ਖੜ੍ਹੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ, ‘‘ਡੇਰਾ ਬਾਬਾ ਨਾਨਕ ਹੋਵੇਗਾ ਸਿੱਧੂ ਦਾ ਹਲਕਾ ਪਰ ਉਨ੍ਹਾਂ ਇਹ ਵੀ ਕਿਹਾ, ‘ਪੂਰਾ ਪੰਜਾਬ ਪ੍ਰਧਾਨ ਦਾ ਹਲਕਾ ਹੁੰਦੈ।’’ ਸ਼੍ਰੀ ਸਿੱਧੂ ਨੇ ਵੀ ਇਸ ਦੀ ਹਾਮੀ ਭਰੀ। ਜਦੋਂ ਸਿੱਧੂ ਨੂੰ ਪਟਿਆਲਾ ਜ਼ਿਲ੍ਹੇ ’ਚੋਂ ਚੋਣ ਲੜਨ ਦੀ ਚੱਲ ਰਹੀ ਚਰਚਾ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ, ‘‘ਨਾ ਬਈ ਇਹ ਗੱਲ ਨਹੀਂ ਆਖਣੀ’’। ਉਨ੍ਹਾਂ ਕਿਹਾ, ‘‘ਜਿਹੜਾ ਵਿਅਕਤੀ ਨਵਜੋਤ ਸਿੱਧੂ ਦੇ ਬਚਨਾਂ ਨੂੰ ਜਾਣਦੈ, ਇਮਾਨ ਨੂੰ ਪਛਾਣਦੈ ਅਤੇ ਕਿਰਦਾਰ ਨੂੰ ਜਾਣਦੈ, ਉਹ ਇਹ ਸਵਾਲ ਨਹੀਂ ਕਰਦਾ।’’ ਜਿਸ ਤੋਂ ਇਹੀ ਸੰਕੇਤ ਮਿਲਦੇ ਹਨ ਕਿ ਉਹ ਅੰਮਿ੍ਰਤਸਰ ਤੋਂ ਹੀ ਚੋਣ ਲੜਨ ਦੇ ਇੱਛੁਕ ਹਨ।
ਜ਼ਿਕਰਯੋਗ ਹੈ ਕਿ 2004 ਵਿਚ ਰਾਜਸੀ ਖੇਤਰ ਵਿਚ ਪੈਰ ਧਰਨ ਵਾਲੇ ਸਿੱਧੂ ਅੰਮਿ੍ਰਤਸਰ ਤੋਂ ਤਿੰਨ ਵਾਰ ਭਾਜਪਾ ਦੇ ਸੰਸਦ ਮੈਂਬਰ ਰਹੇ। ਹੁਣ 2017 ਤੋਂ ਉਹ ਅੰਮਿ੍ਰਤਸਰ ਦੱਖਣੀ ਤੋਂ ਕਾਂਗਰਸ ਦੇ ਵਿਧਾਇਕ ਹਨ। ਪਹਿਲਾਂ ਉਹ ਅੰਮਿ੍ਰਤਸਰ ਹੀ ਰਹਿੰਦੇ ਸਨ ਪਰ ਹੁਣ ਕਈ ਮਹੀਨਿਆਂ ਤੋਂ ਉਹ ਪਟਿਆਲਾ ਰਹਿ ਰਹੇ ਹਨ। ਸਿੱਧੂ ਪਰਿਵਾਰ ਦੀ ਪਟਿਆਲਾ ਜ਼ਿਲ੍ਹੇ ’ਚ ਜੇ ਕਿਤੇ ਕੋਈ ਸਰਗਰਮੀ ਹੁੰਦੀ ਹੈ, ਤਾਂ ਉਹ ਸਿਰਫ਼ ਸਨੌਰ ਹਲਕੇ ’ਚ ਹੀ ਹੁੰਦੀ ਹੈ। ਇਸ ਪਰਿਵਾਰ ਦੇ ਹਮਾਇਤੀ ਸ਼ੈਰੀ ਰਿਆੜ ਵੱਲੋਂ ਸਿੱਧੂ ਸਮਰਥਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਖੋਲ੍ਹਿਆ ਗਿਆ ਦਫ਼ਤਰ ਵੀ ਸਨੌਰ ਹਲਕੇ ਵਿਚ ਹੀ ਹੈ।
ਇਸ ਤੋਂ ਇਲਾਵਾ ਸਿੱਧੂ ਦੇ ਮਾਤਾ ਪਟਿਆਲਾ ਜ਼ਿਲ੍ਹੇ ਦੇ ਡਕਾਲਾ (ਹੁਣ ਸਨੌਰ) ਵਿਧਾਨ ਸਭਾ ਹਲਕੇ ਤੋਂ ਲਗਾਤਾਰ ਦੋ ਵਾਰ ਚੋਣਾਂ ਲੜ ਚੁੱਕੇ ਹਨ। ਇਸ ਕਰਕੇ ਵੀ ਲੋਕ ਨਵਜੋਤ ਸਿੱਧੂ ਵੱਲੋਂ ਸਨੌਰ ਤੋਂ ਚੋਣ ਲੜੇ ਜਾਣ ਦੀਆਂ ਕਿਆਸ-ਅਰਾਈਆਂ ਲਾਉਂਦੇ ਆ ਰਹੇ ਹਨ। ਲੋਕ ਇਹ ਉਦਾਹਰਨ ਵੀ ਦਿੰਦੇ ਹਨ ਕਿ ਜ਼ਿਲ੍ਹੇ ’ਚ ਸਨੌਰ ਹੀ ਇਕ ਅਜਿਹਾ ਹਲਕਾ ਹੈ, ਜਿੱਥੇ ਕਾਂਗਰਸ ਦਾ ਵਿਧਾਇਕ ਨਹੀਂ ਹੈ। ਇਥੋਂ ਕਾਂਗਰਸੀ ਉਮੀਦਵਾਰ ਵਜੋਂ ਹੈਰੀਮਾਨ ਚੋਣ ਹਾਰ ਗਏ ਸਨ। ਦੱਸਣਯੋਗ ਹੈ ਕਿ ਹੈਰੀਮਾਨ ਭਾਵੇਂ ਵਿਧਾਨ ਸਭਾ ਚੋਣ ਹਾਰ ਗਏ ਸਨ ਪਰ ਸਨੌਰ ਤੋਂ ਹਲਕਾ ਇੰਚਾਰਜ ਵਜੋਂ ਹੈਰੀਮਾਨ ਦੀ ਅਗਵਾਈ ਹੇਠਾਂ ਪਿਛਲੀਆਂ ਲੋਕ ਸਭਾ ਚੋਣਾਂ ਲੜੀਆਂ ਗਈਆਂ ਸਨ।

Share