ਨਵਜੋਤ ਸਿੱਧੂ ਵੱਲੋਂ ਪੰਜਾਬ ਲਈ ਨਿਵੇਕਲਾ ਏਜੰਡਾ ਪੇਸ਼

711
Share

‘ਸਪੀਕਅੱਪ ਇੰਡੀਆ’ ਰਾਹੀਂ ਐੱਨ.ਆਰ.ਆਈਜ਼ ਨੂੰ ਪੰਜਾਬ ਦੇ ਹਾਲਾਤਾਂ ਤੋਂ ਕਰਾਇਆ ਜਾਣੂੰ
-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਤੇਜ਼ ਤਰਾਰ ਸਿਆਸਤਦਾਨ ਤੇ ਬੇਬਾਕ ਬੋਲਣ ਵਾਲੇ ਸਾਬਕਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਐੱਨ.ਆਰ.ਆਈਜ਼ ਨੂੰ ਸੰਬੋਧਨ ਕਰਦਿਆਂ ਪੰਜਾਬ ਲਈ ਨਿਵੇਕਲਾ ਏਜੰਡਾ ਪੇਸ਼ ਕੀਤਾ ਹੈ।  ਸ. ਸਿੱਧੂ ਓਵਰਸੀਜ਼ ਇੰਡੀਅਨ ਕਾਂਗਰਸ ਵੱਲੋਂ ਆਰੰਭ ਕੀਤੇ ‘ਸਪੀਕਅੱਪ ਇੰਡੀਆ’ ਵੱਲੋਂ ਕਰਵਾਏ ਜਾ ਰਹੇ ਆਨਲਾਈਨ ਸਮਾਗਮ ਵਿਚ ਬੋਲ ਰਹੇ ਸਨ। ਹਾਲਾਂਕਿ ‘ਸਪੀਕਅੱਪ ਇੰਡੀਆ’ ਵਿਚ ਇਸ ਤੋਂ ਪਹਿਲਾਂ ਵੀ ਕਾਂਗਰਸ ਦੇ ਹੋਰ ਬਹੁਤ ਸਾਰੇ ਆਗੂ ਭਾਗ ਲੈ ਚੁੱਕੇ ਹਨ। ਪਰ ਇਹ ਪਹਿਲੀ ਵਾਰ ਸੀ ਕਿ ਸ. ਸਿੱਧੂ ਨੂੰ ਸੁਣਨ ਲਈ ਪੂਰੀ ਦੁਨੀਆਂ ਵਿਚ ਐੱਨ.ਆਰ.ਆਈ. ਆਨਲਾਈਨ ਰਜਿਸਟ੍ਰੇਸ਼ਨ ਕਰਵਾ ਕੇ ਜੁੜੇ ਹੋਏ ਸਨ। ਸ. ਸਿੱਧੂ ਨੇ ਆਪਣੇ ਅੰਮ੍ਰਿਤਸਰ ਵਿਚਲੀ ਰਿਹਾਇਸ਼ ਤੋਂ ਇਸ ਗੱਲਬਾਤ ਵਿਚ ਹਿੱਸਾ ਲਿਆ। ਕਰੀਬ 20 ਕੁ ਮਿੰਟ ਦੇ ਸ਼ੁਰੂਆਤੀ ਸੰਬੋਧਨ ਵਿਚ ਸ. ਸਿੱਧੂ ਨੇ ਪ੍ਰਵਾਸੀ ਪੰਜਾਬੀਆਂ ਦਾ ਦਿਲ ਅਤੇ ਆਤਮਾ ਆਪਣੇ ਦੇਸ਼ ਨਾਲ ਜੁੜੇ ਹੋਣ ਦੀ ਗੱਲ ਕਰਦਿਆਂ ਉਨ੍ਹਾਂ ਦੇ ਭਾਰਤ ਨਾਲ ਜੋੜਮੇਲ ਨੂੰ ਬਾਖੂਬੀ ਉਭਾਰਿਆ। ਸ. ਸਿੱਧੂ ਨੇ ਕਿਹਾ ਕਿ ਮੈਂ ਛੋਟੇ ਹੁੰਦਿਆਂ ਤੋਂ ਇਕ ਗੀਤ ਸੁਣਦਾ ਆਇਆ ਹਾਂ, ‘ਮੇਰਾ ਜੂਤਾ ਹੈ ਜਾਪਾਨੀ, ਔਰ ਪਤਲੂਨ ਇੰਗਲਿਸਤਾਨੀ, ਮੇਰਾ ਦਿਲ ਹੈ ਹਿੰਦੋਸਤਾਨੀ’। ਇਹ ਗੱਲ ਅੱਜ ਭੀ ਐੱਨ.ਆਰ.ਆਈਜ਼ ‘ਤੇ ਇੰਨ-ਬਿੰਨ ਢੁੱਕਦੀ ਹੈ। ਤੁਸੀਂ ਵਿਦੇਸ਼ਾਂ ਵਿਚ ਰਹਿ ਕੇ ਕੰਮਕਾਰ ਕਰਦੇ ਹੋ, ਇਥੋਂ ਦਾ ਖਾਂਦੇ ਹੋ, ਪਹਿਨਦੇ ਹੋ, ਪਰ ਤੁਹਾਡਾ ਦਿਲ ਅਤੇ ਆਤਮਾ ਆਪਣੇ ਦੇਸ਼ ਨਾਲ ਹੀ ਜੁੜੀ ਹੋਈ ਹੈ। ਉਨ੍ਹਾਂ ਪ੍ਰਵਾਸੀ ਭਾਰਤੀਆਂ ਦੇ ਆਪਣੇ ਦੇਸ਼ ਨਾਲ ਜੁੜਨ ਦੀ ਅਹਿਮੀਅਤ ਦੱਸਦਿਆਂ ਕਿਹਾ ਕਿ ਬਿਨਾਂ ਜੜ੍ਹਾਂ ਦੇ ਕੋਈ ਫਲ ਨਹੀਂ ਹੁੰਦਾ। ਇਸ ਕਰਕੇ ਮੇਰਾ ਕਹਿਣਾ ਹੈ ਕਿ ਪ੍ਰਵਾਸੀ ਭਾਰਤੀਆਂ ਦਾ ਆਪਣੇ ਦੇਸ਼ ਨਾਲ ਜੁੜੇ ਰਹਿਣਾ ਬੇਹੱਦ ਜ਼ਰੂਰੀ ਹੈ। ਤੇ ਮੇਰਾ ਇਹ ਵਿਸ਼ਵਾਸ ਹੈ ਕਿ ਐੱਨ.ਆਰ.ਆਈਜ਼ ਤੋਂ ਬਿਨਾਂ ਪੰਜਾਬ ਦੀ ਤਸਵੀਰ ਅਤੇ ਤਕਦੀਰ ਬਦਲਣੀ ਮੁਸ਼ਕਲ ਹੈ। ਉਨ੍ਹਾਂ ਬੜੇ ਜ਼ੋਰ ਨਾਲ ਆਖਿਆ ਕਿ ਦੇਸ਼ ਅੰਦਰ ਵੀ ਤੁਹਾਨੂੰ ਸਨਮਾਨ ਮਿਲਣਾ ਚਾਹੀਦਾ ਹੈ। ਤੁਹਾਡੇ ਬਿਨਾਂ ਸਾਡੀ ਵੀ ਗੱਲ ਨਹੀਂ ਬਣਨੀ। ਉਨ੍ਹਾਂ ਕਈ ਲੋਕਾਂ ਵਿਚ ਗੈਰ-ਸਿਆਸੀ ਰਹਿਣ ਦੀ ਭਾਵਨਾ ਨੂੰ ਵੀ ਰੱਦ ਕੀਤਾ ਤੇ ਕਿਹਾ ਕਿ ਜੇਕਰ ਤੁਸੀਂ ਸਮਾਜ ਅੰਦਰ ਕੁੱਝ ਕਰ ਗੁਜ਼ਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਸਿਆਸੀ ਹੋਣਾ ਹੀ ਪਵੇਗਾ। ਇਸ ਸੰਬੰਧੀ ਉਨ੍ਹਾਂ ਫਿਲਾਸਫਰ ਅਰਸਤੂ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਉਨ੍ਹਾਂ ਕਿਹਾ ਸੀ ਕਿ ਜਦ ਕਦੇ ਕਿਸੇ ਦੇਸ਼ ਜਾਂ ਕੌਮ ਉਪਰ ਆਫਤ ਆ ਜਾਵੇ, ਤਾਂ ਸਾਰਿਆਂ ਨੂੰ ਸਿਆਸੀ ਹੋਣਾ ਪਵੇਗਾ। ਐੱਨ.ਆਰ.ਆਈਜ਼ ਦੀ ਭਾਰਤ, ਖਾਸਕਰ ਪੰਜਾਬ ਦੇ ਵਿਕਾਸ ਲਈ ਅਹਿਮੀਅਤ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਨੂੰ ਇਸ ਵੇਲੇ ਸਭ ਤੋਂ ਵਧੇਰੇ ਮੈਨੂਫੈਕਚਰਿੰਗ ਦੇ ਖੇਤਰ ਵਿਚ ਕੰਮ ਕਰਨ ਦੀ ਲੋੜ ਹੈ। ਇਸ ਨਾਲ ਹੀ ਸਾਨੂੰ ਵਾਧੂ ਆਮਦਨ ਮਿਲੇਗੀ। ਐੱਨ.ਆਰ.ਆਈਜ਼ ਹੀ ਇਸ ਖੇਤਰ ਵਿਚ ਵੱਡਾ ਰੋਲ ਅਦਾ ਕਰ ਸਕਦੇ ਹਨ। ਸ. ਨਵਜੋਤ ਸਿੰਘ ਸਿੱਧੂ ਨੇ ਕੈਪਟਨ ਸਰਕਾਰ ਜਾਂ ਪੰਜਾਬ ਅੰਦਰ ਬਣਦੀਆਂ ਰਹੀਆਂ ਹੋਰ ਸਰਕਾਰਾਂ ਬਾਰੇ ਸਿੱਧਾ ਗੱਲ ਕਰਨ ਦੀ ਬਜਾਏ, ਇਹ ਗੱਲ ਬੜੇ ਜ਼ੋਰ ਨਾਲ ਉਭਾਰੀ ਕਿ 1996 ਤੋਂ ਬਾਅਦ ਪੰਜਾਬ ਲਗਾਤਾਰ ਨਿਘਰਦਾ ਜਾ ਰਿਹਾ ਹੈ। 1996 ਵਿਚ ਪੰਜਾਬ ਸਿਰ ਸਿਰਫ 15 ਹਜ਼ਾਰ ਕਰੋੜ ਦੇ ਕਰੀਬ ਕਰਜ਼ਾ ਸੀ, ਜੋ ਵਧਦਾ-ਵਧਦਾ ਹੁਣ ਇਹ 2 ਲੱਖ 48 ਹਜ਼ਾਰ ਕਰੋੜ ਦੇ ਨੇੜ ਪੁੱਜ ਗਿਆ ਹੈ। ਇੰਨਾ ਹੀ ਨਹੀਂ, ਜੇਕਰ ਹੋਰ ਨਿਗਮਾਂ, ਬੋਰਡਾਂ ਸਿਰ ਚੜ੍ਹੇ ਕਰਜ਼ੇ ਨੂੰ ਜੇ ਇਸ ਵਿਚ ਜੋੜ ਲਿਆ ਜਾਵੇ, ਤਾਂ ਇਹ ਕਰਜ਼ਾ 3 ਲੱਖ ਕਰੋੜ ਤੋਂ ਉੱਪਰ ਚਲਾ ਜਾਂਦਾ ਹੈ। ਉਨ੍ਹਾਂ ਅੰਕੜੇ ਦੇਖ ਕੇ ਦੱਸਿਆ ਕਿ ਪੰਜਾਬ ਦਾ ਪਿਛਲਾ ਬਜਟ ਅਨੁਮਾਨ 88 ਹਜ਼ਾਰ ਕਰੋੜ ਸੀ। ਇਸ ਵਿਚੋਂ 67 ਹਜ਼ਾਰ ਕਰੋੜ ਤਾਂ ਕਰਜ਼ੇ ਦੀ ਕਿਸ਼ਤ ਅਤੇ ਵਿਆਜ ਦੀਆਂ ਦੇਣਦਾਰੀਆਂ ਸਨ। ਪਰ ਹੁਣ ਇਸ ਅਨੁਮਾਨ ਵਿਚ ਨਵੇਂ ਅੰਦਾਜ਼ੇ ਅਨੁਸਾਰ 25 ਹਜ਼ਾਰ ਕਰੋੜ ਹੋਰ ਘੱਟ ਗਿਆ ਹੈ। ਇਸ ਤਰ੍ਹਾਂ ਕੁੱਲ ਬਜਟ ਅਨੁਮਾਨ 62 ਹਜ਼ਾਰ ਕਰੋੜ ਰਹਿ ਗਿਆ ਹੈ, ਜਦੋਂਕਿ ਦੇਣਦਾਰੀਆਂ 67 ਹਜ਼ਾਰ ਕਰੋੜ ਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀ ਹਾਲਤ ਵਿਚ ਪੰਜਾਬ ਵਿਕਾਸ ਦੀ ਗੱਲ ਕਿੱਥੋਂ ਕਰੇਗਾ? ਉਨ੍ਹਾਂ ਕਿਹਾ ਕਿ ਭਾਂਡੇ ਵੇਚਕੇ ਘਰ ਕਿੰਨੀ ਦੇਰ ਚਲਾਇਆ ਜਾ ਸਕਦਾ ਹੈ? ਉਨ੍ਹਾਂ ਕਿਸੇ ਇਕ ਪਾਰਟੀ, ਸਰਕਾਰ ਜਾਂ ਆਗੂ ਸਿਰ ਦੋਸ਼ ਮੜ੍ਹਨ ਦੀ ਬਜਾਏ ਸਮੁੱਚੇ ਸਿਸਟਮ ਉਪਰ ਸਖ਼ਤ ਹੱਲਾ ਕਰਦਿਆਂ ਕਿਹਾ ਕਿ ਇਸ ਵੇਲੇ ਅਜਿਹੇ ਪ੍ਰਬੰਧ ਨੂੰ ਬਦਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਨੂੰ ਪੂਰੀ ਸਪੱਸ਼ਟਤਾ ਨਾਲ ਸਮਝਦਾ ਹਾਂ। ਮੈਨੂੰ ਕਿਸੇ ਵੀ ਚੀਜ਼ ਬਾਰੇ ਨਾ ਕੋਈ ਧੁੰਦ ਹੈ ਅਤੇ ਨਾ ਹੀ ਦਵੰਧ ਹੈ।
ਕਰੀਬ ਸਾਲ ਭਰ ਇਕਾਂਤਵਾਸ ਵਿਚ ਰਹਿਣ ਬਾਰੇ ਅਸਿੱਧੇ ਢੰਗ ਨਾਲ ਸਪੱਸ਼ਟੀਕਰਨ ਦਿੰਦਿਆਂ ਸ. ਨਵਜੋਤ ਸਿੰਘ ਨੇ ਕਿਹਾ ਕਿ ਮੈਂ ਹਵਾਈ ਸਿਆਸਤ ਕਰਨ ਤੇ ਸ਼ੁਰਲੀਆਂ ਛੱਡਣ ਵਾਲੀ ਸਿਆਸਤ ਵਿਚ ਵਿਸ਼ਵਾਸ ਨਹੀਂ ਰੱਖਦਾ। ਅਜਿਹੀ ਸਿਆਸਤ ਕਰਨ ਵਾਲੇ ਹਰ ਸਮੇਂ ਅਸਲ ਮੁੱਦਿਆਂ ਤੋਂ ਧਿਆਨ ਲਾਂਭੇ ਕਰਨ ਲਈ ਕੋਈ ਨਾ ਕੋਈ ਮਸਲਾ ਖੜ੍ਹਾ ਕਰਨ ਦਾ ਯਤਨ ਕਰਦੇ ਰਹਿੰਦੇ ਹਨ। ਆਪਣੇ ਪੰਜਾਬੀ ਪੈਂਤੜੇ ਵੱਲ ਮੁੜਦਿਆਂ ਸ. ਸਿੱਧੂ ਨੇ ਕਿਹਾ ਕਿ ਮੈਂ ਤਾਂ ਪੰਜਾਬ ਵੱਲ ਖੜ੍ਹਾ ਹਾਂ। ਪੰਜਾਬ ਨੂੰ ਅੱਗੇ ਲਿਜਾਣ ਲਈ ਨੀਤੀ, ਨੀਯਤ ਅਤੇ ਨਿਆਂ ਦੀ ਜ਼ਰੂਰਤ ਹੈ। ਮੇਰਾ ਬੁਨਿਆਦੀ ਪੈਂਤੜਾ ਇਹੀ ਹੈ ਕਿ ਪੂਰੀ ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਨੀਤੀਆਂ ਉਪਰ ਕੰਮ ਕੀਤਾ ਜਾਵੇ। ਉਨ੍ਹਾਂ ਅਸਿੱਧੇ ਤੌਰ ‘ਤੇ ਗੱਲ ਕਰਦਿਆਂ ਕਿਹਾ ਕਿ ਇਸ ਵੇਲੇ ਡੈਮੇਜ ਕੰਟਰੋਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਭੰਬਲਭੂਸਾ ਖੜ੍ਹਾ ਕੀਤਾ ਜਾ ਰਿਹਾ ਹੈ। ਪਰ ਮੇਰਾ ਵਿਸ਼ਵਾਸ ਹੈ ਕਿ ਅਜਿਹੇ ਯਤਨਾਂ ਨਾਲ ਕਿਤੇ ਅਸੀਂ ਇੰਨਾ ਨੁਕਸਾਨ ਨਾ ਕਰ ਬੈਠੀਏ ਕਿ ਮੁੜ ਕੇ ਠੀਕ ਹੋਣ ਦੇ ਯੋਗ ਹੀ ਨਾ ਰਹੇ। ਮੌਜੂਦਾ ਪ੍ਰਬੰਧ ਦੀਆਂ ਨਾਕਾਮੀਆਂ ਬਾਰੇ ਗੱਲ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਇਸ ਵੇਲੇ ਪੈਸਾ ਆ ਵੀ ਰਿਹਾ ਹੈ ਅਤੇ ਜਾ ਵੀ ਰਿਹਾ ਹੈ। ਪਰ ਲੋਕਾਂ ਦੀਆਂ ਜੇਬਾਂ ਵਿਚੋਂ ਆਣ ਵਾਲਾ ਪੈਸਾ, ਮੁੜ ਲੋਕਾਂ ਉਪਰ ਖਰਚ ਹੋਣ ਦੀ ਬਜਾਏ ਨਿੱਜੀ ਜੇਬਾਂ ਭਰਨ ਵਿਚ ਲੱਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਅਜਿਹੇ ਵਰਤਾਰੇ ਨੂੰ ਪੁੱਠਾ ਗੇੜ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਿਆਸਤ ਮੇਰਾ ਧੰਦਾ ਨਹੀਂ। ਅੱਜ ਅੰਨਦਾਤਾ ਖੁਦਕੁਸ਼ੀਆਂ ਕਰ ਰਿਹਾ ਹੈ ਅਤੇ ਪੜ੍ਹੇ-ਲਿਖੇ ਲੋਕ, ਡਾਕਟਰ, ਇੰਜੀਨੀਅਰ ਘੱਟ ਤਨਖਾਹਾਂ ਉਪਰ ਕੰਮ ਕਰਨ ਲਈ ਮਜਬੂਰ ਹਨ। ਗਰੀਬ ਲੋਕ ਪੜ੍ਹਾਈ ਅਤੇ ਇਲਾਜ ਤੋਂ ਆਤੁਰ ਹਨ। ਇਸ ਵਰਤਾਰੇ ਨੂੰ ਪੁੱਠਾ ਗੇੜ ਤਾਂ ਹੀ ਆਵੇਗਾ, ਜਦ ਮਜ਼ਦੂਰ ਦਾ ਪੁੱਤਰ ਪੜ੍ਹ-ਲਿਖ ਸਕੇਗਾ ਅਤੇ ਚੰਗਾ ਇਲਾਜ ਕਰਵਾਉਣ ਦੇ ਯੋਗ ਹੋਵੇਗਾ, ਹਰ ਇਕ ਨੂੰ ਪੂਰੀ ਤਨਖਾਹ ਮਿਲੇਗੀ। ਉਨ੍ਹਾਂ ਇਕ ਉਦਾਹਰਨ ਵੀ ਦਿੱਤੀ ਕਿ ਸੂਰਜੀ ਊਰਜਾ ਖੇਤਰ ਵਿਚ ਉਨ੍ਹਾਂ ਦਾ ਇਕ ਜਾਣਕਾਰ ਐੱਨ.ਆਰ.ਆਈ. 500 ਕਰੋੜ ਰੁਪਏ ਦਾ ਪੂੰਜੀ ਨਿਵੇਸ਼ ਕਰਨ ਲਈ ਆਇਆ। ਮੈਂ ਬੜੇ ਚਾਅ ਨਾਲ ਉਸ ਦਾ ਸਵਾਗਤ ਕੀਤਾ। ਉਹ ਕਈ ਮਹੀਨੇ ਅੱਡ-ਅੱਡ ਥਾਵਾਂ ਉਪਰ ਟੱਕਰਾਂ ਮਾਰਨ ਬਾਅਦ ਆਖਰ ਗਲ਼ ‘ਚ ਫਾਹਾ ਪਾ ਕੇ ਮੇਰੇ ਕੋਲ ਆ ਖੜ੍ਹਿਆ ਅਤੇ ਕਹਿਣ ਲੱਗਾ ਕਿ ਮੈਂ ਇਥੇ ਕਿਸੇ ਦੀਆਂ ਜੇਬਾਂ ਭਰਨ ਲਈ ਨਹੀਂ ਆਇਆ। ਮੈਂ ਤਾਂ ਰਾਜ ਦੇ ਭਲੇ ਲਈ ਪੂੰਜੀ ਨਿਵੇਸ਼ ਕਰਨਾ ਚਾਹੁੰਦਾ ਸੀ। ਹੁਣ ਮੈਂ ਕਿਸੇ ਹੋਰ ਸੂਬੇ ਵਿਚ ਇਹ ਪੂੰਜੀ ਨਿਵੇਸ਼ ਕਰ ਰਿਹਾਂ। ਸ. ਸਿੱਧੂ ਨੇ ਕਿਹਾ ਕਿ ਇਹ ਇਕ ਉਦਾਹਰਨ ਹੈ ਅਤੇ ਇਸ ਤਰ੍ਹਾਂ ਦੇ ਹੋਰ ਵੀ ਬੜੇ ਮਾਮਲੇ ਹਨ। ਜੇਕਰ ਅਸੀਂ ਐੱਨ.ਆਰ.ਆਈਜ਼ ਨੂੰ ਉਤਸ਼ਾਹਿਤ ਕਰ ਲਈਏ, ਤਾਂ ਪੰਜਾਬ ਦੀ ਤਕਦੀਰ ਬਦਲਣ ਵਿਚ ਉਹ ਵੱਡਾ ਰੋਲ ਅਦਾ ਕਰ ਸਕਦੇ ਹਨ। ਇਸ ਤਰ੍ਹਾਂ ਉਨ੍ਹਾਂ ਇਕ ਹੋਰ ਉਦਾਹਰਣ ਦਿੱਤੀ ਕਿ ਜਸਟਿਸ ਕੁਲਦੀਪ ਸਿੰਘ ਕਮੇਟੀ ਨੇ ਇਕੱਲੇ ਮੁਹਾਲੀ ਜ਼ਿਲ੍ਹੇ ਵਿਚ ਡੇਢ ਲੱਖ ਏਕੜ ਜ਼ਮੀਨ ਉਪਰ ਨਾਜਾਇਜ਼ ਕਬਜ਼ੇ ਦੀ ਰਿਪੋਰਟ ਦਿੱਤੀ ਸੀ। ਜੇਕਰ ਇਹ ਜ਼ਮੀਨ ਹੀ ਨਾਜਾਇਜ਼ ਕਬਜ਼ੇ ਵਿਚੋਂ ਛੁਡਾ ਕੇ ਵੇਚ ਦਿੱਤੀ ਜਾਵੇ, ਤਾਂ ਪੰਜਾਬ ਕਰਜ਼ੇ ਦੇ ਵੱਡੇ ਭਾਰ ਤੋਂ ਮੁਕਤ ਹੋ ਸਕਦਾ ਹੈ। ਇਸੇ ਤਰ੍ਹਾਂ ਉਨ੍ਹਾਂ ਪੰਜਾਬ ਦੀ ਆਬਕਾਰੀ ਨੀਤੀ ਬਾਰੇ ਵੀ ਗੱਲ ਕੀਤੀ। ਉਨ੍ਹਾਂ ਆਪਣੇ ਭਾਸ਼ਣ ਵਿਚ ਸ਼ਰਾਬ, ਟਰਾਂਸਪੋਰਟ, ਕੇਬਲ ਅਤੇ ਰੇਤ ਮਾਫੀਏ ਬਾਰੇ ਵੀ ਖੂਬ ਚਾਨਣਾ ਪਾਇਆ। ਅਖੀਰ ਵਿਚ ਬੜੇ ਭਾਵੁਕ ਲਹਿਜ਼ੇ ਨਾਲ ਸ. ਸਿੱਧੂ ਨੇ ਕਿਹਾ ਕਿ ਮੇਰਾ ਮਕਸਦ ਹੰਗਾਮਾ ਖੜ੍ਹਾ ਕਰਨਾ ਨਹੀਂ, ਸਗੋਂ ਪੰਜਾਬ ਦੀ ਸੂਰਤ ਬਦਲਣ ਲਈ ਯਤਨ ਕਰਨਾ ਹੈ। ਉਨ੍ਹਾਂ ਕਿਹਾ ਕਿ ਮੇਰੀ ਕਿਸੇ ਨਾਲ ਨਿੱਜੀ ਲੜਾਈ ਨਹੀਂ, ਮੈਂ ਸਿਸਟਮ ਨਾਲ ਲੜ ਰਿਹਾ ਹਾਂ ਤੇ ਤਬਦੀਲੀ ਚਾਹੁੰਦਾ ਹਾਂ। ਤੇ ਸਾਰੇ ਆਗੂਆਂ ਨੂੰ ਵੀ ਅਪੀਲ ਹੈ ਕਿ ਰਾਜ ਕਰਨ ਦੀ ਭਾਵਨਾ ਛੱਡ ਕੇ ਪੰਜਾਬ ਨੂੰ ਖੜ੍ਹਾ ਕਰਨ ਦੀ ਭਾਵਨਾ ਨਾਲ ਅੱਗੇ ਆਉਣ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਆਪਣੇ ਸਮੁੱਚੇ ਭਾਸ਼ਨ ਵਿਚ ਸ. ਸਿੱਧੂ ਨੇ ਨਾ ਹੀ ਕਾਂਗਰਸ ਦੀ ਕੋਈ ਗੱਲ ਕੀਤੀ ਅਤੇ ਨਾ ਹੀ ਪੰਜਾਬ ਸਰਕਾਰ ਬਾਰੇ ਸਿੱਧੇ ਰੂਪ ਵਿਚ ਹੀ ਕੁੱਝ ਬੋਲੇ। ਉਨ੍ਹਾਂ ਸਗੋਂ ਅਸਿੱਧੇ ਢੰਗ ਨਾਲ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਉਪਰ ਵੀ ਵੱਡੇ ਸਵਾਲ ਖੜ੍ਹੇ ਕੀਤੇ ਹਨ। ਇਸ ਤੋਂ ਪਹਿਲਾਂ ਕਰਤਾਰਪੁਰ ਲਾਂਘਾ ਖੋਲ੍ਹਣ ਸਮੇਂ ਵੀ ਸਿੱਧੂ ਵੱਡੀ ਚਰਚਾ ਵਿਚ ਰਹੇ ਹਨ। ਉਨ੍ਹਾਂ ਵੱਲੋਂ ਇਹ ਲਾਂਘਾ ਖੋਲ੍ਹਣ ਲਈ ਕੀਤੇ ਯਤਨਾਂ ਦੀ ਬੜੀ ਸ਼ਲਾਘਾ ਹੁੰਦੀ ਰਹੀ ਹੈ। ਹੁਣ ਵੀ ਸ. ਸਿੱਧੂ ਨੇ ਆਪਣੇ ਸੰਬੋਧਨ ਵਿਚ ਕਾਂਗਰਸ ਦਾ ਗੁਣਗਾਨ ਕਰਨ ਜਾਂ ਪਾਰਟੀ ਬਾਰੇ ਕੋਈ ਗੱਲ ਕਰਨ ਦੀ ਬਜਾਏ ਪ੍ਰਵਾਸੀ ਪੰਜਾਬੀਆਂ ਦੇ ਪੰਜਾਬ ਨਾਲ ਸਨੇਹ ਅਤੇ ਪੰਜਾਬ ਅੰਦਰ ਵੱਡੀਆਂ ਤਬਦੀਲੀਆਂ ਦੀ ਹੀ ਗੱਲ ਕੀਤੀ ਹੈ। ਇਸ ਭਾਸ਼ਨ ਤੋਂ ਲੱਗਦਾ ਹੈ ਕਿ ਸ. ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਮੌਜੂਦਾ ਸਾਂਚੇ ਵਿਚ ਸਮਾਏ ਜਾਣ ਲਈ ਬਹੁਤੇ ਉਤਸੁਕ ਨਜ਼ਰ ਨਹੀਂ ਆ ਰਹੇ, ਸਗੋਂ ਉਹ ਕਿਸੇ ਬਦਲ ਲਈ ਉਤਾਵਲੇ ਲੱਗ ਰਹੇ ਹਨ। ਹਾਲਾਂਕਿ ਪਿਛਲੇ ਦਿਨਾਂ ਤੋਂ ਉਨ੍ਹਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਜਾਂ ਉੱਪ ਮੁੱਖ ਮੰਤਰੀ ਬਣਾਏ ਜਾਣ ਦੀਆਂ ਚਰਚਾਵਾਂ ਵੀ ਚੱਲ ਰਹੀਆਂ ਹਨ। ਆਉਣ ਵਾਲੇ ਦਿਨਾਂ ‘ਚ ਹੀ ਪਤਾ ਲੱਗੇਗਾ ਕਿ ਉਹ ਕਿਸ ਰੁਖ਼ ਪਲਟਦੇ ਹਨ।
ਨਵਜੋਤ ਸਿੰਘ ਸਿੱਧੂ ਦੇ ‘ਸਪੀਕਅੱਪ ਇੰਡੀਆ’ ‘ਚ ਸੰਬੋਧਨ ਕਰਨ ਤੋਂ ਬਾਅਦ ਪੰਜਾਬ ਦੀ ਸਿਆਸਤ ਵਿਚ ਤਰਥੱਲੀ ਮੱਚ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਚੁੱਕੇ ਸਵਾਲਾਂ ਦਾ ਸਖ਼ਤ ਨੋਟਿਸ ਲਿਆ ਹੈ ਅਤੇ ਉਸ ਵੱਲੋਂ ਆਰਥਿਕਤਾ ‘ਤੇ ਚੁੱਕੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਪੰਜਾਬ ਵਿਚ ਆਰਥਿਕ ਹਾਲਾਤ ਇਕਦਮ ਨਹੀਂ ਵਿਗੜੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀ ਆਰਥਿਕਤਾ ਨੂੰ ਲੀਹਾਂ ‘ਤੇ ਲਿਆਉਣ ਲਈ ਮੌਂਟੇਕ ਸਿੰਘ ਆਹਲੂਵਾਲੀਆ ਦੀ ਬਣਾਈ ਗਈ ਕਮੇਟੀ ਦੀ ਪਹਿਲੀ ਰਿਪੋਰਟ ਮਿਲ ਗਈ ਹੈ ਅਤੇ ਇਹ ਕਮੇਟੀ ਪੰਜਾਬ ਦੇ ਅਰਥਚਾਰੇ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਨੇ ਸਿੱਧੂ ਵੱਲੋਂ ਸਪੀਕਅੱਪ ਇੰਡੀਆ ਵਿਚ ਬੋਲਣ ‘ਤੇ ਇਕ ਤਰ੍ਹਾਂ ਨਾਲ ਆਪਣਾ ਗੁੱਸਾ ਹੀ ਜ਼ਾਹਿਰ ਕੀਤਾ ਹੈ ਅਤੇ ਇੱਥੋਂ ਤੱਕ ਕਹਿ ਦਿੱਤਾ ਕਿ ਫਿਲਹਾਲ ਅਜੇ ਕੈਬਨਿਟ ਦਾ ਵਿਸਥਾਰ ਨਹੀਂ ਹੋਵੇਗਾ। ਉਨ੍ਹਾਂ ਦਾ ਇਸ਼ਾਰਾ ਸ. ਸਿੱਧੂ ਨੂੰ ਕੈਬਨਿਟ ਵਿਚ ਆਉਣ ਤੋਂ ਰੋਕਣ ਦਾ ਸੀ। ਕੈਪਟਨ ਅਮਰਿੰਦਰ ਸਿੰਘ ਨੂੰ 2022 ਦੀਆਂ ਅਸੈਂਬਲੀ ਚੋਣਾਂ ਲਈ ਨਵਜੋਤ ਸਿੰਘ ਸਿੱਧੂ ਬਾਰੇ ਵੀ ਕੁੱਝ ਸ਼ੰਕੇ ਹਨ। ਉਨ੍ਹਾਂ ਨੂੰ ਇਹ ਵੀ ਪਤਾ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਹਾਈਕਮਾਂਡ ਨਾਲ ਚੰਗੇ ਸੰਬੰਧ ਹਨ, ਜਿਸ ਕਰਕੇ 2022 ਦੀਆਂ ਚੋਣਾਂ ਬਾਰੇ ਹਾਲੇ ਕੁੱਝ ਵੀ ਕਹਿਣਾ ਅਸੰਭਵ ਹੈ। ਪਿਛਲੀਆਂ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਸੀ ਕਿ ਮੈਂ ਇਹ ਚੋਣਾਂ ਆਖਰੀ ਵਾਰ ਲੜ ਰਿਹਾ ਹਾਂ। ਉਸ ਨੂੰ ਮੱਦੇਨਜ਼ਰ ਰੱਖਦਿਆਂ ਕਾਂਗਰਸ ਹਾਈਕਮਾਂਡ ਕੋਈ ਨਵਾਂ ਚਿਹਰਾ ਪੰਜਾਬ ਵਿਚ ਲਿਆ ਸਕਦੀ ਹੈ ਅਤੇ ਇਸ ਸਮੇਂ ਨਵਜੋਤ ਸਿੰਘ ਸਿੱਧੂ ਹੀ ਅਜਿਹਾ ਚਿਹਰਾ ਦਿਖ ਰਿਹਾ ਹੈ। ਬਾਕੀ ਸਮਾਂ ਆਉਣ ‘ਤੇ ਪਤਾ ਲੱਗੇਗਾ।


Share