ਨਵਜੋਤ ਸਿੱਧੂ ਵੱਲੋਂ ਕੈਪਟਨ ਦੇ ਗੜ੍ਹ ਪਟਿਆਲਾ ’ਚ ਚੋਣ ਲੜਨ ਦੀ ਤਿਆਰੀ!

139
Share

-ਪਟਿਆਲਾ ’ਚ ਸਰਗਰਮ ਦਿਖਾਈ ਦੇ ਰਹੇ ਨੇ ਨਵਜੋਤ ਸਿੱਧੂ: ਖੋਲ੍ਹਿਆ ਦਫਤਰ
ਚੰਡੀਗੜ੍ਹ, 21 ਅਪ੍ਰੈਲ (ਪੰਜਾਬ ਮੇਲ)- ਪੰਜਾਬ ਕਾਂਗਰਸ ਦੀ ਰਾਜਨੀਤੀ ’ਚ ਇਕ ਨਵਾਂ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। 2004 ’ਚ ਪਟਿਆਲਾ ਛੱਡ ਕੇ ਗੁਰੂ ਨਗਰੀ ਅੰਮਿ੍ਰਤਸਰ ਗਏ ਨਵਜੋਤ ਸਿੰਘ ਸਿੱਧੂ ਹੁਣ ਆਪਣੇ ਜੱਦੀ ਤੇ ਸ਼ਾਹੀ ਸ਼ਹਿਰ ਪਟਿਆਲਾ ’ਚ ਸਰਗਰਮ ਦਿਖਾਈ ਦੇ ਰਹੇ ਹਨ। ਸਿੱਧੂ ਦੇ ਤੇਵਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਮੁੜ ਤੋਂ ਤਿੱਖੇ ਹੋਣ ਲੱਗੇ ਹਨ। ਇੱਥੋਂ ਤਕ ਕਿ ਸਿੱਧੂ ਨੇ ਪਟਿਆਲਾ ’ਚ ਆਪਣਾ ਦਫ਼ਤਰ ਵੀ ਖੋਲ੍ਹ ਲਿਆ ਹੈ, ਜਿਸ ਤੋਂ ਬਾਅਦ ਸਾਰਿਆਂ ਦੀ ਨਜ਼ਰ ਸਿੱਧੂ ਦੀ ਅਗਲੀ ਰਣਨੀਤੀ ’ਤੇ ਟਿਕ ਗਈ ਹੈ ਕਿਉਂਕਿ ਸਿੱਧੂ ਲੰਬੇ ਸਮੇਂ ਤੋਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਚਾਹੁੰਦੇ ਸਨ ਤੇ ਕੈਪਟਨ ਇਸ ਲਈ ਤਿਆਰ ਨਹੀਂ ਹੋਏ। ਅਜਿਹੇ ’ਚ ਹੁਣ ਚਰਚਾ ਇਸ ਗੱਲ ਬਾਰੇ ਵੀ ਹੋਣ ਲੱਗੀ ਹੈ ਕਿ ਕਿਤੇ ਸਿੱਧੂ ਸਿਆਸੀ ਪਿੱਚ ’ਤੇ ਨਵੀਂ ਪਾਰੀ ਖੇਡਣ ਦੀ ਤਿਆਰੀ ਤਾਂ ਨਹੀਂ ਕਰ ਰਹੇ।¿;
ਪੰਜਾਬ ’ਚ ਮੌਜੂਦਾ ਸਮੇਂ ਸਭ ਤੋਂ ਵੱਡਾ ਸਵਾਲ ਇਹ ਵੀ ਹੈ ਕਿ ਸਿੱਧੂ ਦਾ ਕੀ ਹੋਵੇਗਾ ਕਿਉਂਕਿ ਕਾਂਗਰਸ ਨਾਲ ਉਨ੍ਹਾਂ ਦੀ ਬਣ ਨਹੀਂ ਰਹੀ ਤੇ ਭਾਜਪਾ ਨੇ ਆਪਣੇ ਦਰਵਾਜ਼ੇ ਸਿੱਧੂ ਲਈ ਬੰਦ ਕਰ ਦਿੱਤੇ ਹਨ। ਆਮ ਆਦਮੀ ਪਾਰਟੀ ਵੀ ਸਿੱਧੂ ’ਚ ਰੁਚੀ ਨਹੀਂ ਰੱਖ ਰਹੀ। ਅਜਿਹੇ ’ਚ ਸਿੱਧੂ ਕੀ ਆਪਣੀ ਪਾਰਟੀ ਬਣਾਉਣਗੇ ਜਾਂ ਚੌਥੀ ਪਾਰਟੀ ਦੀ ਬਣਾਈ ਪਿੱਚ ’ਤੇ ਬੱਲੇਬਾਜ਼ੀ ਕਰਨਗੇ, ਕਿਉਂਕਿ ਸਿੱਧੂ ਜੋੜੀ ਨੇ ਪਟਿਆਲਾ ’ਚ ਆਪਣੀ ਸਰਗਰਮੀ ਵਧਾ ਦਿੱਤੀ ਹੈ। ਦੱਸਣਯੋਗ ਹੈ ਕਿ 2004 ’ਚ ਸਿੱਧੂ ਦੇ ਸਿਆਸੀ ਗੁਰੂ ਰਹੇ ਮਰਹੂਮ ਅਰੁਣ ਜੇਤਲੀ ਦੇ ਕਹਿਣ ’ਤੇ ਨਵਜੋਤ ਨੇ ਪਟਿਆਲਾ ਛੱਡ ਕੇ ਅੰਮਿ੍ਰਤਸਰ ’ਚ ਆਪਣਾ ਰੈਣ ਬਸੇਰਾ ਬਣਾ ਲਿਆ ਸੀ। ਇਸ ਤੋਂ ਬਾਅਦ ਸਿੱਧੂ ਨੇ ਰਾਜਨੀਤੀ ’ਚ ਦਮਦਾਰ ਓਪਨਿੰਗ ਕੀਤੀ ਅਤੇ ਕਾਂਗਰਸੀ ਨੇਤਾ ਰਘੁਨੰਦਨ ਲਾਲ ਭਾਟੀਆ ਨੂੰ 1.09 ਲੱਖ ਵੋਟਾਂ ਨਾਲ ਹਰਾਇਆ।

Share