ਨਵਜੋਤ ਸਿੱਧੂ ਭਾਜਪਾ ਵੱਲੋਂ ਲੜਨਗੇ 2022 ਦੀਆਂ ਵਿਧਾਨ ਸਭਾ ਚੋਣਾਂ: ਭਾਜਪਾ ਦੇ ਸਾਬਕਾ ਮੰਤਰੀ ਨੇ ਕੀਤਾ ਦਾਅਵਾ!

462
Share

ਪਠਾਨਕੋਟ, 5 ਅਕਤੂਬਰ (ਪੰਜਾਬ ਮੇਲ)- ਅਕਾਲੀ-ਭਾਜਪਾ ਗਠਜੋੜ ਟੁੱਟਣ ਤੋਂ ਬਾਅਦ ਸਾਰੀਆਂ ਸਿਆਸੀ ਧਿਰਾਂ ਦੀਆਂ ਨਜ਼ਰਾਂ ਨਵਜੋਤ ਸਿੱਧੂ ‘ਤੇ ਟਿਕੀਆਂ ਹੋਈਆਂ ਹਨ ਕਿ ਉਹ ਕਿਸ ਪਾਰਟੀ ਨੂੰ ਆਪਣਾ ਸਮਰਥਨ ਦਿੰਦੇ ਹਨ। ਇਸ ਦਰਮਿਆਨ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਨੇ ਵੱਡਾ ਬਿਆਨ ਦਿੰਦੇ ਹੋਏ ਦਾਅਵਾ ਕੀਤਾ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਨਵਜੋਤ ਸਿੱਧੂ ਭਾਜਪਾ ਵਲੋਂ ਲੜਨਗੇ।
ਦਰਅਸਲ ਮਾਸਟਰ ਮੋਹਨ ਲਾਲ ਪਾਸੋਂ ਜਦੋਂ ਰਾਹੁਲ ਗਾਂਧੀ ਦੀ ਰੈਲੀ ਵਿਚ ਨਵਜੋਤ ਸਿੱਧੂ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਿਚਾਲੇ ਹੋਈ ਤਕਰਾਰ ਸੰਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਿੱਧੂ ਦਾ ਭਵਿੱਖ ਸਿਰਫ ਭਾਜਪਾ ਵਿਚ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਦਾ ਜਨਮ ਵੀ ਭਾਰਤੀ ਜਨਤਾ ਪਾਰਟੀ ਵਿਚ ਹੋਇਆ ਹੈ ਅਤੇ ਉਹ ਪੂਰੇ ਵਿਸ਼ਵਾਸ ਨਾਲ ਆਖ ਰਹੇ ਹਨ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਨਵਜੋਤ ਸਿੱਧੂ ਭਾਜਪਾ ਵਲੋਂ ਹੀ ਲੜਨਗੇ।
ਭਾਜਪਾ ਨੇਤਾ ਨੇ ਕਿਹਾ ਕਿ ਅੱਜ ਨਵਜੋਤ ਸਿੱਧੂ ਕਾਂਗਰਸ ਦੇ ਮੰਚ ‘ਤੇ ਬੈਠੇ ਤਾਂ ਜ਼ਰੂਰ ਹਨ ਪਰ ਉਹ ਕਿਨ੍ਹਾਂ ਹਾਲਾਤ ਵਿਚ ਹਨ ਇਹ ਦੇਖਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਹਰੀਸ਼ ਰਾਵਤ ਤਿੰਨ ਦਿਨ ਲਗਾਤਾਰ ਸਿੱਧੂ ਦੇ ਘਰ ਜਾ ਕੇ ਬੈਠੇ ਰਹੇ ਤਾਂ ਜਾ ਕੇ ਸਿੱਧੂ ਰੈਲੀ ਵਿਚ ਆਉਣ ਲਈ ਰਾਜ਼ੀ ਹੋਏ ਹਨ।


Share