ਨਵਜੋਤ ਸਿੱਧੂ ਨੇ ਪੰਜਾਬ ਨੂੰ ਦੁਬਾਰਾ ਲੀਹ ’ਤੇ ਲਿਆਉਣ ਦਾ ਕੀਤਾ ਅਹਿਦ

200
Share

ਚੰਡੀਗੜ੍ਹ, 21 ਜੁਲਾਈ (ਪੰਜਾਬ ਮੇਲ)- ਕਾਂਗਰਸ ਹਾਈਕਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿਆਸੀ ਅਪੀਲ ਤੇ ਦਲੀਲ ਨੂੰ ਅਣਗੌਲਿਆਂ ਕਰਦਿਆਂ ਪੰਜਾਬ ’ਚ ਨਵਜੋਤ ਸਿੱਧੂ ਨੂੰ ਪਾਰਟੀ ਦੀ ਕਮਾਨ ਸੌਂਪ ਦਿੱਤੀ। ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਬਣਦਿਆਂ ਹੀ ਨਵਜੋਤ ਸਿੱਧੂ ਨੇ ਕਾਂਗਰਸੀ ਕਿਲਾ ਮਜ਼ਬੂਤ ਕਰਨ ਲਈ ਪਾਰਟੀ ਦੇ ਹਰ ਮੈਂਬਰ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਅਤੇ ਪੰਜਾਬ ਨੂੰ ਦੁਬਾਰਾ ਲੀਹ ’ਤੇ ਲਿਆਉਣ ਦਾ ਅਹਿਦ ਕੀਤਾ। ਉਹ ਆਪਣੇ ਮਿਸ਼ਨ ‘ਜਿੱਤੇਗਾ ਪੰਜਾਬ’ ਨੂੰ ਪੂਰਾ ਕਰਨ ਲਈ ‘ਪੰਜਾਬ ਮਾਡਲ’ ਅਤੇ ਹਾਈਕਮਾਨ ਦੇ 18 ਨੁਕਾਤੀ ਏਜੰਡੇ ਦੇ ਨਜ਼ਰੀਏ ਤੋਂ ਮੈਦਾਨ ’ਚ ਉਤਰਨਗੇ, ਤਾਂ ਜੋ ਲੋਕਾਂ ਦੀ ਤਾਕਤ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਹਾਲੇ ਸਫਰ ਦੀ ਸ਼ੁਰੂਆਤ ਹੋਈ ਹੈ ਅਤੇ ਕਾਂਗਰਸ ਦੇ ਹਰ ਮੈਂਬਰ ਨੂੰ ਨਾਲ ਲੈ ਕੇ ਚੱਲਿਆ ਜਾਵੇਗਾ। ਸਿੱਧੂ ਨੇ ਸੋਮਵਾਰ ਪਹਿਲਾ ਟਵੀਟ ਕਰਕੇ ਉਨ੍ਹਾਂ ਲੋਕਾਂ ਨੂੰ ਅਸਿੱਧੇ ਤੌਰ ’ਤੇ ਸਾਫ ਸੁਨੇਹਾ ਦੇ ਦਿੱਤਾ ਹੈ, ਜੋ ਉਨ੍ਹਾਂ ਨੂੰ ‘ਆਊਟਸਾਈਡਰ’ ਦੱਸਦੇ ਰਹੇ ਹਨ।
ਉਨ੍ਹਾਂ ਕਿਹਾ, ‘‘ਮੇਰੇ ਪਿਤਾ ਨੇ ਖੁਸ਼ਹਾਲੀ, ਸਹੂਲਤਾਂ ਅਤੇ ਖੁਦਮੁਖਤਿਆਰੀ ਅੱਗੇ ਸਾਰਿਆਂ ’ਚ ਵੰਡਣ ਲਈ ਕਾਂਗਰਸੀ ਵਰਕਰ ਵਜੋਂ ਰੱਜਿਆ-ਪੁੱਜਿਆ ਘਰ ਛੱਡ ਕੇ ਆਜ਼ਾਦੀ ਸੰਘਰਸ਼ ’ਚ ਹਿੱਸਾ ਲਿਆ, ਜਿਸ ਦੇ ਖਮਿਆਜ਼ੇ ਵੀ ਭੁਗਤਣੇ ਪਏ।’’ ਉਨ੍ਹਾਂ ਆਪਣੇ ਪਿਤਾ ਦੇ ਜ਼ਿਲ੍ਹਾ ਪ੍ਰਧਾਨ, ਵਿਧਾਇਕ, ਵਿਧਾਨ ਪ੍ਰੀਸ਼ਦ ਦੇ ਮੈਂਬਰ ਅਤੇ ਐਡਵੋਕਟ ਜਨਰਲ ਰਹੇ ਹੋਣ ਦੇ ਵੇਰਵੇ ਵੀ ਸਾਂਝੇ ਕੀਤੇ।
ਕਾਫੀ ਉਤਸ਼ਾਹ ’ਚ ਦਿਖ ਰਹੇ ਨਵਜੋਤ ਸਿੱਧੂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਾਈਕਮਾਨ ਨੇ ਭਰੋਸਾ ਕਰਕੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ, ਜਿਸ ਨੂੰ ਉਹ ਨਿਮਾਣਾ ਵਰਕਰ ਬਣ ਕੇ ਪੂਰਾ ਕਰਨਗੇ।
ਹਾਈਕਮਾਨ ਤਰਫੋਂ ਨਵਜੋਤ ਸਿੱਧੂ ਨੂੰ ਪ੍ਰਧਾਨ ਐਲਾਨ ਜਾਣ ਮਗਰੋਂ ਕਾਂਗਰਸ ’ਚ ਉਤਸ਼ਾਹ ਨਜ਼ਰ ਆਉਣ ਲੱਗ ਪਿਆ ਹੈ। ਪ੍ਰਧਾਨ ਨਵਜੋਤ ਸਿੱਧੂ ਨੇ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਵਿਧਾਇਕ ਤੇ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ, ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ, ਮੰਤਰੀ ਰਜ਼ੀਆ ਸੁਲਤਾਨਾ, ਵਿਧਾਇਕ ਰਣਦੀਪ ਨਾਭਾ, ਪਰਮਿੰਦਰ ਪਿੰਕੀ ਦੀ ਰਿਹਾਇਸ਼ ’ਤੇ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਕਾਂਗਰਸ ਦੀ ਮਾਝਾ ਬ੍ਰਿਗੇਡ, ਜਿਸ ਨੇ ਕਦੇ ਅਮਰਿੰਦਰ ਸਿੰਘ ਦੇ ਮਾਝੇ ’ਚ ਪੈਰ ਲਾਉਣ ਲਈ ਅਹਿਮ ਭੂਮਿਕਾ ਨਿਭਾਈ ਸੀ, ਨੇ ਸੋਮਵਾਰ ਆਪਣੀ ਤਾਕਤ ਦਾ ਵਿਖਾਵਾ ਕੀਤਾ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਰਿਹਾਇਸ਼ ’ਤੇ ਕਰੀਬ ਪੌਣੇ ਤਿੰਨ ਦਰਜਨ ਵਿਧਾਇਕ ਹਾਜ਼ਰ ਹੋਏ, ਜਿਨ੍ਹਾਂ ’ਚ ਵਜ਼ੀਰ ਸੁਖਜਿੰਦਰ ਸਿੰਘ ਰੰਧਾਵਾ, ਰਜ਼ੀਆ ਸੁਲਤਾਨਾ ਅਤੇ ਚਰਨਜੀਤ ਚੰਨੀ ਮੁੱਖ ਤੌਰ ’ਤੇ ਹਾਜ਼ਰ ਸਨ। ਸਿੱਧੂ ਪਹਿਲਾਂ ਪੁਰਾਣੇ ਪ੍ਰਧਾਨ ਸੁਨੀਲ ਜਾਖੜ ਦੇ ਘਰ ਗਏ, ਜਿਥੋਂ ਉਹ ਜਾਖੜ ਨੂੰ ਨਾਲ ਲੈ ਕੇ ਬਾਜਵਾ ਦੇ ਘਰ ਪੁੱਜੇ। ਹਾਈਕਮਾਨ ਤਰਫੋਂ ਨਵਜੋਤ ਸਿੱਧੂ ਨੂੰ ਪ੍ਰਧਾਨ ਐਲਾਨੇ ਜਾਣ ਮਗਰੋਂ ਰਾਤੋ-ਰਾਤ ਹੀ ਕੈਪਟਨ ਖੇਮੇ ਨਾਲ ਜੁੜੇ ਬਹੁਗਿਣਤੀ ਵਿਧਾਇਕਾਂ ਨੇ ਪਾਲਾ ਬਦਲ ਲਿਆ ਹੈ। ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਵੀ ਨਵਜੋਤ ਸਿੱਧੂ ਦਾ ਸਵਾਗਤ ਕੀਤਾ। ਸਿੱਧੂ ਦੀ ਗੱਡੀ ਚਲਾਉਣ ਵਾਲਿਆਂ ’ਚ ਰਾਜਾ ਵੜਿੰਗ, ਕੁਲਬੀਰ ਜ਼ੀਰਾ ਅਤੇ ਚਰਨਜੀਤ ਚੰਨੀ ਸ਼ਾਮਲ ਰਹੇ। ਉਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਦਰਜਨ ਦੇ ਕਰੀਬ ਵਿਧਾਇਕਾਂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਵਿਚ ਰਾਜ ਕੁਮਾਰ ਵੇਰਕਾ, ਮਦਨ ਲਾਲ ਜਲਾਲਪੁਰ, ਨਵਤੇਜ ਚੀਮਾ ਆਦਿ ਸ਼ਾਮਲ ਸਨ।
ਕਾਰਜਕਾਰੀ ਪ੍ਰਧਾਨ ਨਾਗਰਾ ਦੀ ਰਿਹਾਇਸ਼ ਵਿਖੇ ਪਹੁੰਚੇ ਨਵਜੋਤ ਸਿੱਧੂ : ਨਵਜੋਤ ਸਿੰਘ ਸਿੱਧੂ ਆਪਣੀ ਚੰਡੀਗੜ੍ਹ ਫੇਰੀ ਤੋਂ ਪਹਿਲਾਂ ਪਾਰਟੀ ਵੱਲੋਂ ਨਿਯੁਕਤ ਕੀਤੇ ਗਏ ਕਾਰਜਕਾਰੀ ਪ੍ਰਧਾਨ ਅਤੇ ਕਾਂਗਰਸੀ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਇੱਥੋਂ ਦੇ ਫੇਜ਼-3ਏ ਵਿਚਲੀ ਰਿਹਾਇਸ਼ ’ਤੇ ਪਹੁੰਚੇ। ਕੁਲਜੀਤ ਨਾਗਰਾ ਨੇ ਨਵਜੋਤ ਸਿੱਧੂ ਦਾ ਜੱਫ਼ੀ ਪਾ ਕੇ ਸਵਾਗਤ ਕੀਤਾ। ਇਸ ਮੌਕੇ ਸਿਰਫ ਨਾਗਰਾ ਪਰਿਵਾਰ ਦੇ ਮੈਂਬਰ ਅਤੇ ਕੁੱਝ ਸਮਰਥਕ ਹੀ ਮੌਜੂਦ ਸਨ।


Share