ਨਵਜੋਤ ਸਿੱਧੂ ਦੀ ਦਿੱਲੀ ਵਿਖੇ ਪ੍ਰਿਯੰਕਾ ਗਾਂਧੀ ਨਾਲ ਹੋਈ ਲੰਬੀ ਮੀਟਿੰਗ

72
Share

ਨਵੀਂ ਦਿੱਲੀ, 30 ਜੂਨ (ਪੰਜਾਬ ਮੇਲ)- ਪੰਜਾਬ ਕਾਂਗਰਸ ਦੇ ਨੇਤਾ ਨਵਜੋਤ ਸਿੰਘ ਸਿੱਧੂ ਨੇ ਪਾਰਟੀ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਨਾਲ ਉਨ੍ਹਾਂ ਦੀ ਦਿੱਲੀ ਵਿਖੇ ਰਿਹਾਇਸ਼ ’ਚ ਲੰਬੀ ਮੀਟਿੰਗ ਕੀਤੀ। ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਵਿਚਾਲੇ ਚੱਲ ਰਹੇ ਕਾਟੋ ਕਲੇਸ਼ ਦੇ ਚੱਲਦਿਆਂ ਇਹ ਮੀਟਿੰਗ ਕੀਤੀ ਗਈ ਹੈ। ਭਾਵੇਂ ਕਿ ਨਵਜੋਤ ਸਿੱਧੂ ਵਲੋਂ ਇਹ ਤਸਵੀਰ ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਗਈ ਹੈ ਪਰ ਇਸ ਸਬੰਧੀ ਨਵਜੋਤ ਸਿੱਧੂ ਵਲੋਂ ਅਜੇ ਤੱਕ ਕੋਈ ਵੇਰਵਾ ਜਨਤਕ ਨਹੀਂ ਕੀਤਾ। ਸਿਆਸੀ ਗਲਿਆਰਿਆਂ ਵਿਚ ਨਵਜੋਤ ਸਿੱਧੂ ਤੇ ਪ੍ਰਿਯੰਕਾ ਗਾਂਧੀ ਦੀ ਇਸ ਮੀਟਿੰਗ ਦੀ ਕਾਫੀ ਚਰਚਾ ਸੁਣਨ ਨੂੰ ਮਿਲ ਰਹੀ ਹੈ। ਸਿੱਧੂ ਦੀ ਰਾਹੁਲ ਗਾਂਧੀ ਨਾਲ ਮੁਲਾਕਾਤ ਹੋਵੇਗੀ ਜਾਂ ਨਹੀਂ, ਇਸ ’ਤੇ ਸਸਪੈਂਸ ਅਜੇ ਵੀ ਬਰਕਾਰ ਹੈ। ਦਰਅਸਲ ਖ਼ਬਰਾਂ ਸਨ ਕਿ ਹਾਈਕਮਾਨ ਵਲੋਂ ਨਵਜੋਤ ਸਿੱਧੂ ਨੂੰ ਦਿੱਲੀ ਸੱਦਿਆ ਗਿਆ ਸੀ, ਇਸ ’ਤੇ ਸਿੱਧੂ ਮੰਗਲਵਾਰ ਨੂੰ ਦਿੱਲੀ ਲਈ ਰਵਾਨਾ ਵੀ ਹੋਏ ਅਤੇ ਉੱਥੇ ਸਮੇਂ ਸਿਰ ਪੁੱਜ ਵੀ ਗਏ ਸਨ। ਸਭਨਾਂ ਦੀ ਨਜ਼ਰ ਇਨ੍ਹਾਂ ਦੋਵਾਂ ਆਗੂਆਂ ਦੀ ਮੀਟਿੰਗ ’ਤੇ ਲੱਗੀ ਹੋਈਆਂ ਸਨ। ਇਸ ਦੌਰਾਨ ਉਦੋਂ ਸਿਆਸੀ ਹਲਕਿਆਂ ’ਚ ਹੋਰ ਖਲਬਲੀ ਮੱਚ ਗਈ, ਜਦੋਂ ਸ਼ਾਮ ਨੂੰ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਆਖ ਦਿੱਤਾ ਕਿ ਉਨ੍ਹਾਂ ਦਾ ਨਵਜੋਤ ਸਿੱਧੂ ਨੂੰ ਮਿਲਣ ਦਾ ਕੋਈ ਪ੍ਰੋਗਰਾਮ ਨਹੀਂ ਸੀ ਅਤੇ ਨਾ ਹੀ ਇਸ ਲਈ ਕੋਈ ਮੀਟਿੰਗ ਤੈਅ ਹੋਈ ਸੀ।
ਰਾਹੁਲ ਗਾਂਧੀ ਤੇ ਸਿੱਧੂ ਦਰਮਿਆਨ ਮੁਲਾਕਾਤ ਦੀ ਸੰਭਾਵਨਾ ਵਿਚਾਲੇ ਕਾਂਗਰਸ ਆਗੂ ਸ਼ਾਮ ਨੂੰ ਆਪਣੀ ਮਾਂ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਲਈ ਉਨ੍ਹਾਂ ਦੀ ਰਿਹਾਇਸ਼ 10 ਜਨਪਥ ਚਲੇ ਗਏ। ਫਿਲਹਾਲ ਹੁਣ ਜਦੋਂ ਸਿੱਧੂ ਦੀ ਮੁਲਾਕਾਤ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਹੋਈ ਹੈ ਅਤੇ ਸਿੱਧੂ ਦੀ ਪ੍ਰਿਅੰਕਾ ਨਾਲ ਕਾਫੀ ਨੇੜਤਾ ਵੀ ਹੈ, ਅਜਿਹੇ ਵਿਚ ਕਿਆਸ ਲਗਾਏ ਜਾ ਰਹੇ ਹਨ ਕਿ ਪ੍ਰਿਯੰਕਾ ਗਾਂਧੀ ਰਾਹੀਂ ਨਵਜੋਤ ਅਤੇ ਰਾਹੁਲ ਗਾਂਧੀ ਵਿਚਾਲੇ ਮੀਟਿੰਗ ਦਾ ਸਬੱਬ ਬਣ ਸਕਦਾ ਹੈ।


Share