ਨਰਕ ਰੂਪੀ ਜ਼ਿੰਦਗੀ ਜੀਅ ਰਹੀ ਬੇਘਰ ਜ਼ਖਮੀ ਪੂਜਾ ਨੂੰ ਸਰਾਭਾ ਆਸ਼ਰਮ ਨੇ ਦਿੱਤਾ ਆਸਰਾ

490
Share

ਲੁਧਿਆਣਾ, 19 ਜਨਵਰੀ (ਪੰਜਾਬ ਮੇਲ)- ਭੁੱਖੇ ਪੇਟ ਰੋਟੀ ਨੂੰ ਤਰਸਦੇ ਲੱਖਾਂ ਹੀ ਅਜਿਹੇ ਬੇਘਰ ਗ਼ਰੀਬ ਹਨ, ਜਿਹੜੇ ਖੁੱਲ੍ਹੇ ਅਸਮਾਨ ਥੱਲੇ ਸੜਕਾਂ ’ਤੇ ਸੌਂ ਕੇ ਗੁਜ਼ਾਰਦੇ ਹਨ। ਬਿਮਾਰ ਹੋ ਜਾਣ ਦੀ ਸੂਰਤ ਵਿਚ ਕੋਈ ਪੈਸਾ ਕੋਲ ਨਾ ਹੋਣ ਕਰਕੇ ਰੋਂਦੇ-ਕੁਰਲਾਂਦੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਜਾਂਦੇ ਹਨ। ਅਜਿਹੀ ਹੀ ਹਾਲਤ ਸੀ ਇਸ ਔਰਤ ਪੂਜਾ ਦੀ, ਜੋ ਕਿ ਲੁਧਿਆਣਾ ਸ਼ਹਿਰ ਵਿਚ ਢੰਡਾਰੀ ਦੇ ਇਲਾਕੇ ਵਿਚ ਸੜਕਾਂ ’ਤੇ ਸੌਂ ਕੇ ਜ਼ਿੰਦਗੀ ਗੁਜ਼ਾਰਦੀ ਸੀ ਅਤੇ ਭੀਖ ਮੰਗ ਕੇ ਪੇਟ ਭਰਦੀ ਸੀ। ਪਰ ਹਾਲਤ ਉਦੋਂ ਹੋਰ ਜ਼ਿਆਦਾ ਬਦਤਰ ਹੋ ਗਈ, ਜਦੋਂ ਪੈਰ ਫਿਸਲ ਜਾਣ ਕਰਕੇ ਇਸ ਦੀ ਖੱਬੀ ਲੱਤ ਟੁੱਟ ਗਈ।
ਕਿਸੇ ਟੈਂਪੂ ਵਾਲੇ ਨੇ ਤਰਸ ਖਾ ਕੇ ਇਸ ਨੂੰ ਸਿਵਲ ਹਸਪਤਾਲ ਦੇ ਸਾਹਮਣੇ ਪਾਰਕ ਵਿਚ ਛੱਡ ਦਿੱਤਾ। ਉੱਥੇ ਸੇਵਾ ਕਰ ਰਹੇ ਏਕ ਨੂਰ ਸੇਵਾ ਸੰਸਥਾ ਦੇ ਵਲੰਟੀਅਰਾਂ ਨੇ ਇਸ ਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾ ਦਿੱਤਾ ਅਤੇ ਇਸ ਦੀ ਲੱਤ ਦਾ ਅਪਰੇਸ਼ਨ ਕਰਵਾ ਕੇ ਪਲੱਸਤਰ ਲਗਵਾ ਕੇ ਇਸ ਨੂੰ ਗੁਰੂ ਅਮਰ ਦਾਸ ਅਪਾਹਜ ਆਸ਼ਰਮ, ਸਰਾਭਾ ’ਚ ਭੇਜ ਦਿੱਤਾ। ਪੂਜਾ ਦੇ ਦੱਸਣ ਮੁਤਾਬਕ ਇਸ ਦਾ ਕੋਈ ਪਰਿਵਾਰ ਨਹੀਂ ਹੈ। ਆਸ਼ਰਮ ਵਿਚ ਆ ਕੇ ਇਸਨੂੰ ਨਵਾਂ ਜੀਵਨ ਮਿਲਿਆ ਹੈ। ਹੁਣ ਉਸ ਨੂੰ ਮੰਜਾ ਬਿਸਤਰਾ, ਭੋਜਨ, ਮੈਡੀਕਲ ਸਹਾਇਤਾ ਅਤੇ ਹਰ ਜ਼ਰੂਰੀ ਵਸਤੂ ਮੁਫ਼ਤ ਮਿਲਦੀ ਹੈ।
ਆਸ਼ਰਮ ਦੇ ਸੰਸਥਾਪਕ ਡਾ. ਨੌਰੰਗ ਸਿੰਘ ਮਾਂਗਟ ਅਤੇ ਪ੍ਰਧਾਨ ਚਰਨ ਸਿੰਘ ਜੋਧਾਂ ਨੇ ਆਸ ਪ੍ਰਗਟਾਈ ਹੈ ਕਿ ਪਲੱਸਤਰ ਖੁੱਲ੍ਹਣ ਤੋਂ ਬਾਅਦ ਪੂਜਾ ਤੁਰਨ-ਫਿਰਨ ਦੇ ਯੋਗ ਹੋ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਇਸ ਆਸ਼ਰਮ ਵਿਚ ਡੇਢ ਸੌ ਦੇ ਕਰੀਬ ਅਪਾਹਜ, ਨੇਤਰਹੀਣ, ਦਿਮਾਗੀ ਸੰਤੁਲਨ ਗੁਆ ਚੁੱਕੇ, ਅਧਰੰਗ, ਸ਼ੂਗਰ, ਏਡਜ਼, ਕਾਲਾ ਪੀਲੀਆ, ਟੀ.ਬੀ. ਆਦਿ ਨਾਲ ਪੀੜਤ ਮਰੀਜ਼ ਰਹਿੰਦੇ ਹਨ। ਇਹ ਸਾਰੇ ਹੀ ਲਾਵਾਰਸ, ਬੇਘਰ ਅਤੇ ਬੇਸਹਾਰਾ ਹਨ। ਇਨ੍ਹਾਂ ਮਰੀਜ਼ਾਂ ਦੀ ਸੇਵਾ-ਸੰਭਾਲ ਮੁਫ਼ਤ ਕੀਤੀ ਜਾਂਦੀ ਹੈ। ਆਸ਼ਰਮ ਦਾ ਲੱਖਾਂ ਰੁਪਏ ਮਹੀਨੇ ਦਾ ਖ਼ਰਚਾ ਸੰਗਤਾਂ ਦੇ ਸਹਿਯੋਗ ਨਾਲ ਹੀ ਚੱਲਦਾ ਹੈ। ਹੋਰ ਜਾਣਕਾਰੀ ਲਈ ਡਾ. ਮਾਂਗਟ ਦਾ ਸੰਪਰਕ ਹੈ; ਕੈਨੇਡਾ: 403-401-8787, ਇੰਡੀਆ: 95018-42506.
ਕੈਪਸ਼ਨ
ਆਸ਼ਰਮ ਵਿਚ ਬੈਠੀ ਪੂਜਾ

Share