ਨਨਕਾਣਾ ਸਾਹਿਬ ਵਿਖੇ ਕੱਬਡੀ ਤੇ ਕੁਸ਼ਤੀਆਂ ਦਾ ਚੌਥਾ ਗੁਰਪਰਬ ਖੇਡ ਮੇਲਾ

517
ਸਰੀ, 24 ਨਵੰਬਰ (ਸੰਤੋਖ ਸਿੰਘ ਮੰਡੇਰ/ਪੰਜਾਬ ਮੇਲ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 552 ਗੁਰਪੁਰਬ ਦੇ ਸਬੰਧ ਵਿਚ ਗੁਰੂ ਨਾਨਕ ਦੇਵ ਜੀ ਦੀ ਜਨਮ ਭੁਮੀ ਸ੍ਰੀ ਨਨਕਾਣਾ ਸਾਹਿਬ-ਪਾਕਿਸਤਾਨ ਵਿਖੇ ਗੁਰਦੁਆਰਾ ਜਨਮ ਅਸਥਾਨ ਅੰਦਰ ਦੁਨੀਆਂ ਭਰ ਦੀ ਸਿੱਖ ਸੰਗਤ ਨੇ ‘‘ਗੁਰੂ ਨਾਨਕ ਪ੍ਰਕਾਸ਼ ਪੁਰਬ’’ ਬਹੁਤ ਸ਼ਰਧਾ ਤੇ ਪਿਆਰ ਨਾਲ ਮਨਾਇਆ। ਉਪਰੰਤ 21 ਨਵੰਬਰ, ਦਿਨ ਐਤਵਾਰ ਨੂੰ ਬਾਬਾ ਗੁਰੂ ਨਾਨਕ ਦੇਵ ਜੀ ਸਪੋਰਟਸ ਤੇ ਐਜੂਕੇਸਨ ਸੁਸਾਇਟੀ ਉਤਰੀ ਅਮਰੀਕਾ ਦੇ ਪ੍ਰਧਾਨ ਸ. ਹਰਦੁਮਣ ਸਿੰਘ (ਬਿਲਾ) ਸੰਘੇੜਾ, ਚੇਅਰਮੈਨ ਸੁੱਖੀ ਘੁੰਮਣ, ਸੱਕਤਰ ਸੰਤੋਖ ਸਿੰਘ ਮੰਡੇਰ, ਕੈਨੇਡੀਅਨ ਕੱਬਡੀ ਫੇਡਰੇਸਨ ਦੇ ਪ੍ਰਧਾਨ ਗੁਰਜੀਤ ਸਿੰਘ ਪੁਰੇਵਾਲ, ਆਸਟਰੇਲੀਆ ਕੱਬਡੀ ਤੇ ਕੁਸ਼ਤੀ ਫੇਡਰੇਸਨ ਦੇ ਕੁਲਦੀਪ ਸਿੰਘ ਬਾਸੀ ਅਤੇ ਰੁਸਤਮ ਰੈਸਲਿੰਗ ਕਲੱਬ ਸਰੀ ਦੇ ਸੰਚਾਲਕ ਪਹਿਲਵਾਨ ਹਰਜੀਤ ਸਿੰਘ ਬਿਲਨ ਵਲੋਂ ਨਨਕਾਣਾ ਸਾਹਿਬ ਵਿਖੇ ਕੱਬਡੀ ਤੇ ਕੁਸ਼ਤੀਆਂ ਦੇ ‘ਚੌਥੇ ਗੁਰਪੁਰਬ ਖੇਡ ਮੇਲੇ’ ਦਾ ਪ੍ਰਬੰਧ ਕੀਤਾ ਗਿਆ।
ਗੁਰਦੁਆਰਾ ਜਨਮ ਅਸਥਾਨ ਦੇ ਮੁੱਖ ਗ੍ਰੰਥੀ ਭਾਈ ਪ੍ਰੇਮ ਸਿੰਘ ਨੇ ਸਿੱਖ ਅਰਦਾਸ ਨਾਲ ਮਿਊਂਸਪਲ ਗਰਾਊਂਡ ਵਿਚ ਖੇਡ ਮੇਲੇ ਦੀ ਆਰੰਭਤਾ ਕੀਤੀ। ਪਾਕਿਸਤਾਨ ਦੇ ਅੰਤਰਰਾਸ਼ਟਰੀ ਉਮਰ ਪਹਿਲਵਾਨ ਤੇ ਅਲੀ ਪਹਿਲਵਾਨ, ਖਲੀਫੇ ਕੁਸ਼ਤੀ ਅਖਾੜਾ ਸ਼ੇਰਾਂਵਾਲਾ ਬਾਗ ਗੁਜਰਾਂਵਾਲਾ ਨੇ ਛੋਟੇ ਪਹਿਲਵਾਨਾਂ ਦੇ ਘੋਲ, ਪੰਜਾਬ ਕੱਬਡੀ (ਪਾਕਿਸਤਾਨ) ਐਸੋਸੀਏਸ਼ਨ ਦੇ ਜਰਨਲ ਸਕੱਤਰ ਜਨਾਬ ਤਾਹਿਰ ਵਾਹੀਦ ਜੱਟ ਦੇ ਮੋਢੇ ਉਪਰ ਭਲਵਾਨੀ ਗੁਰਜ ਰੱਖ ਕੇ ਸੁਰੂਆਤ ਕੀਤੀ। ਪਾਕਿਸਤਾਨ ਸਰਕਾਰ ਦੇ ਕੇਦਰੀ ਮੰਤਰੀ ਜਨਾਬ ਬਿ੍ਰਗੇਡੀਅਰ ਇਜਾਜ ਸ਼ਾਹ, ਰਾਜਧਾਨੀ ਇਸਲਾਮਾਬਾਦ ਤੋਂ ਅਤੇ ਨਨਕਾਣਾ ਸਾਹਿਬ ਦੇ ਰਾਈਸ ਮਿਲ ਮਾਲਕ ਤੇ ਸਿਆਸੀ ਲੀਡਰ ਸ਼ਹਿਜਾਦ ਖਾਲਿਦ-ਮੂਨ ਸਾਹਿਬ ਨੇ ਖੇਡ ਮੇਲੇ ਦੀ ਪ੍ਰਧਾਨਗੀ ਕੀਤੀ ਅਤੇ ਅਖੀਰ ਤੱਕ ਖੇਡ ਮੇਲੇ ਦੀਆਂ ਕੁਸ਼ਤੀਆਂ ਤੇ ਕੱਬਡੀ ਖੇਡ ਦਾ ਭਰਪੂਰ ਆਨੰਦ ਮਾਣਿਆ। ਪਾਕਿਸਤਾਨ ਦੇ ਕੇਦਰੀ ਮੰਤਰੀ ਸਾਹਿਬ 10 ਮਿੰਟ ਦਾ ਕਹਿ ਕੇ ਆਏ ਸਨ ਪਰ ਉਹ 2 ਘੰਟੇ ਪੂਰੀ ਤਸੱਲੀ ਨਾਲ ਬੈਠੇ ਕੁਸ਼ਤੀਆਂ ਤੇ ਕੱਬਡੀ ਦਾ ਆਨੰਦ ਮਾਣਦੇ ਰਹੇ। ਨਨਕਾਣਾ ਸਾਹਿਬ ਦੇ ਨੌਜਵਾਨ ਬੜੈਚ ਜੱਟ ਘਰਾਣੇ ਦੇ ਡਿਪਟੀ ਕਮਿਸ਼ਨਰ ਜਾਹਿਦ ਪਰਵੇਜ਼ ਬੜੈਚ ਨੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅੰਤਾਂ ਦਾ ਸਹਿਯੋਗ ਦਿੱਤਾ। ਡੀ.ਸੀ. ਨਨਕਾਣਾ ਸਾਹਿਬ ਨੇ ਗੁਰਪੁਰਬ ਖੇਡ ਮੇਲਾ ਹਰ ਸਾਲ ਇਸੇ ਤਰ੍ਹਾਂ ਕਰਾਉਣ ਦੀ ਪ੍ਰਬੰਧਕਾਂ ਨੂੰ ਤਾਕੀਦ ਵੀ ਕੀਤੀ, ਤਾਂ ਜੋ ਨਨਕਾਣਾ ਸਾਹਿਬ ’ਚ ਸਿੱਖ ਧਰਮ ਦੀਆਂ ਜੜ੍ਹਾਂ ਦੇ ਨਾਲ-ਨਾਲ ਖੇਡ ਖੇਤਰ ਵਿਚ ਵੀ ਇਕ ਬੂਟਾ ਲੱਗ ਸਕੇ। ਫੈਸਲਾਬਾਦ-ਲਾਇਲਪੁਰ ਵਾਸੀ ਰਾਣਾ ਇਮਰਾਨ ਅਹਿਮਦ ਖਾਨ, ਸਾਹੀਵਾਲ ਦੇ ਕੌਂਸਲਰ ਆਮੀਨ ਜੱਟ ਅਤੇ ਖੇਡ ਪ੍ਰਬੰਧਕ ਜਨਾਬ ਤਾਹਿਕ ਸ਼ਾਹੀ ਨੇ ਖੇਡ ਮੇਲੇ ਨੂੰ ਸਫਲ ਬਨਾਉਣ ਵਿਚ ਪੂਰਾ ਸਾਥ ਤੇ ਭਰਵਾਂ ਸਹਿਯੋਗ ਦਿਤਾ।
ਕੱਬਡੀ ਦੇ ਮੁਕਾਬਲਿਆਂ ’ਚ ਪੰਜਾਬ ਇਲੈਵਨ ਦੀ ਟੀਮ ਤੇ ਪੰਜਾਬ ਪੁਲਿਸ ਦੀਆਂ ਕੱਬਡੀ ਟੀਮਾਂ ਵਿਚਕਾਰ ਜ਼ੋਰਦਾਰ ਮੁਕਾਬਲਾ ਹੋਇਆ, ਜਿਸ ਦਾ ਭਰਪੂਰ ਆਨੰਦ ਨਨਕਾਣਾ ਸਾਹਿਬ ਦੇ ਆਲੇ-ਦੁਆਲੇ ਦੇ ਪਿੰਡਾਂ ਤੋਂ ਆਏ ਜਵਾਨਾਂ ਤੇ ਬਜ਼ੁਰਗਾਂ ਨੇ ਮਾਣਿਆ। ਪੰਜਾਬੀ ਸਿੱਖ ਸੰਗਤ ਦੇ ਸੰਚਾਲਕ ਭਾਈ ਗੋਪਾਲ ਸਿੰਘ ਚਾਵਲਾ ਨੇ ਵੀ ਖੇਡ ਮੇਲੇ ਦੀ ਰੌਣਕ ਵਧਾਈ। ਵਰਲਡ ਕੱਪ ਕੱਬਡੀ ਪਾਕਿਸਤਾਨ-2020 ਦੀ ਜੇਤੂ ਪਾਕਿਸਤਾਨ ਕੱਬਡੀ ਟੀਮ ਦੇ ਕਪਤਾਨ ਮਾਨਾ ਜੱਟ ਲੁਧਿਆਣਵੀ ਤੇ ਨਾਮੀ ਕੱਬਡੀ ਖਿਡਾਰੀ ਮੁਸ਼ੱਰਫ ਜੰਜੂਆ ਨੇ ਕੱਬਡੀ ਗਰਾਊਂਡ ਦੀ ਸ਼ਾਨ ਵਿਚ ਵਾਧਾ ਕੀਤਾ। ਆਸਟਰੇਲੀਆ ਕਬੱਡੀ ਫੈਡਰੇਸਨ ਦੇ ਪ੍ਰਧਾਨ ਤੇ ਕੁਸ਼ਤੀ ਖਲੀਫਾ ਸਰਦਾਰ ਕੁਲਦੀਪ ਸਿੰਘ ਬਾਸੀ ਨੇ ਐਲਾਨ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਆਸਟਰੇਲੀਆ ਦੇ ਨਾਮੀ ਗੋਰੇ ਪਹਿਲਵਾਨ ਵੀ ਨਨਕਾਣਾ ਸਾਹਿਬ ਦੇ ਗੁਰੂ ਨਾਨਕ ਗੁਰਪੁਰਬ ਖੇਡ ਮੇਲੇ ਵਿਚ ਹਿੱਸਾ ਲੈਣਗੇ। ਕੈਨੇਡਾ ਵਾਸੀ ਪਹਿਲਵਾਨ ਹਰਜੀਤ ਸਿੰਘ ਬਿਲਨ ਨੇ ਵੀ ਕੈਨੇਡਾ ਦੇ ਗੋਰੇ ਨਾਮੀ ਨੌਜਵਾਨ ਪਹਿਲਵਾਨਾਂ ਦਾ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਵਿਖੇ ਆਉਣ ਦਾ ਭਰੋਸਾ ਦਿੱਤਾ ਹੈ। ਪਾਕਿਸਤਾਨ ਕੱਬਡੀ ਫੈਡਰੇਸ਼ਨ ਦੇ ਸਕੱਤਰ ਜਰਨਲ, ਜਨਾਬ ਰਾਣਾ ਸਰਵਰ ਅਤੇ ਕੈਨੇਡੀਅਨ ਕਬੱਡੀ ਫੈਡਰੇਸਨ ਦੇ ਪ੍ਰਧਾਨ ਗੁਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਨਨਕਾਣਾ ਸਾਹਿਬ ਦੀ ਧਰਤੀ ਉਪਰ ਅੰਤਰਰਾਸ਼ਟਰੀ ਪੱਧਰ ਦੇ ਕਬੱਡੀ ਮੈਚ ਵੀ ਸੰਭਵ ਹਨ, ਜਿਸ ਵਿਚ ਭਾਰਤ, ਇਰਾਨ, ਕੈਨੇਡਾ ਦੀਆਂ ਕੱਬਡੀ ਟੀਮਾਂ ਹਿੱਸਾ ਲੈ ਸਕਦੀਆਂ ਹਨ।
ਬਾਬਾ ਗੁਰੂ ਨਾਨਕ ਦੇਵ ਜੀ ਸੁਸਾਇਟੀ, ਉਤਰੀ ਅਮਰੀਕਾ ਦੇ ਸੰਚਾਲਕਾਂ ਦਾ ਭਵਿੱਖ ’ਚ ਨਨਕਾਣਾ ਸਾਹਿਬ ਵਿਖੇ ਇਕ ਅੰਤਰਰਾਸ਼ਟਰੀ ਪੱਧਰ ਦਾ ਜਿਮਨੇਜੀਅਮ ਹਾਲ ‘‘ਗੁਰੂ ਨਾਨਕ ਦੇਵ ਜੀ’’ ਨਾਂ ਉਪਰ ਉਸਾਰਨ ਦੀ ਯੋਜਨਾ ਹੈ, ਤਾਂ ਜੋ ਸ਼ਹਿਰ ਤੇ ਪਿੰਡਾਂ ਦੇ ਬੱਚੇ ਬੱਚੀਆਂ ਚੰਗੀ ਤੇ ਤੰਦਰੁਸਤ ਸਿਹਤ ਨਾਲ ਆਪਣੀ ਜ਼ਿੰਦਗੀ ਦਾ ਸਫਰ ਬੇਰੋਗ ਬਤੀਤ ਕਰਨ। ਨਨਕਾਣਾ ਸਾਹਿਬ ਵਿਖੇ ਭਗਤੀ ਦੇ ਨਾਲ-ਨਾਲ ਸ਼ਕਤੀ ਵੀ ਉਤਪੰਨ ਹੋਵੇ।