ਨਕੋਦਰ ਸਾਕੇ ਦੇ ਸ਼ਹੀਦਾਂ ਦੀ 35ਵੀਂ ਬਰਸੀ ਕੈਲੀਫੋਰਨੀਆ ਦੇ ਵੱਖ-ਵੱਖ ਗੁਰੂ ਘਰਾਂ ’ਚ ਮਨਾਈ ਗਈ

131
Share

ਸਟਾਕਟਨ, 10 ਫਰਵਰੀ (ਪੰਜਾਬ ਮੇਲ)- 35 ਸਾਲ ਪਹਿਲਾਂ, 4 ਫਰਵਰੀ 1986 ਨੂੰ ਪੰਜਾਬ ਦੇ ਸ਼ਹਿਰ ਨਕੋਦਰ ਵਿਖੇ ਇਕ ਸ਼ਹੀਦੀ ਸਾਕਾ ਹੋਇਆ ਸੀ, ਜਿਸ ਦੌਰਾਨ ਚਾਰ ਸਿੰਘਾਂ ਦੀਆਂ ਜਾਨਾਂ ਚਲੀਆਂ ਗਈਆਂ ਸਨ। ਸ਼ਹੀਦ ਹੋਣ ਵਾਲੇ ਸਿੰਘਾਂ ’ਚ ਭਾਈ ਰਵਿੰਦਰ ਸਿੰਘ ਲਿੱਤਰਾਂ, ਭਾਈ ਬਲਧੀਰ ਸਿੰਘ ਰਾਮਗੜ੍ਹ, ਭਾਈ ਝਿਲਮਣ ਸਿੰਘ ਗੌਰਸੀਆਂ ਤੇ ਭਾਈ ਹਰਮਿੰਦਰ ਸਿੰਘ ਚਲੂਪੁਰ ਸ਼ਾਮਲ ਸਨ। ਇਨ੍ਹਾਂ ਸਿੰਘਾਂ ਦਾ ਕਸੂਰ ਸਿਰਫ ਇੰਨਾ ਹੀ ਸੀ ਕਿ ਉਹ ਆਪਣੇ ਧਰਮ ਦੀ ਰੱਖਿਆ ਕਰਨ ਉਥੇ ਪਹੁੰਚੇ ਸੀ, ਕਿਉਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਜੀ ਦੀ ਬੇਅਦਬੀ ਉਨ੍ਹਾਂ ਕੋਲੋਂ ਬਰਦਾਸ਼ਤ ਨਹੀਂ ਹੋਈ। ਇਸ ਦੌਰਾਨ ਹੋਏ ਪੁਲਿਸ ਤਸ਼ੱਦਦ ਵਿਚ ਇਹ ਚਾਰੇ ਸਿੰਘ ਸ਼ਹੀਦੀ ਪਾ ਗਏ ਸਨ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕੈਲੀਫੋਰਨੀਆ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਵਿਖੇ ਇਨ੍ਹਾਂ ਸ਼ਹੀਦ ਸਿੰਘਾਂ ਦੀ ਯਾਦ ਵਿਚ 35ਵੀਂ ਬਰਸੀ ਮਨਾਈ ਗਈ। ਗਦਰੀ ਬਾਬਿਆਂ ਦੀ ਧਰਤੀ ਸਟਾਕਟਨ ਵਿਖੇ ਵੀ ਇਸ ਸੰਬੰਧੀ ਇਕ ਸਮਾਗਮ ਹੋਇਆ। ਸਮਾਗਮ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬਾਨ ਦੇ ਅਰਦਾਸ ਕਰਕੇ ਕੀਤੀ ਗਈ। ਇਸ ਮੌਕੇ ਵੱਖ-ਵੱਖ ਸ਼ਖਸੀਅਤਾਂ ਹਾਜ਼ਰ ਹੋਈਆਂ ਅਤੇ ਉਨ੍ਹਾਂ ਵੱਲੋਂ ਇਨ੍ਹਾਂ ਸ਼ਹੀਦ ਸਿੰਘਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਲੈਥਰੋਪ ਦੇ ਮੇਅਰ ਸਨੀ ਧਾਲੀਵਾਲ ਨੇ ਇਕ ਪਰੋਕਲੋਮੇਸ਼ਨ ਪੇਸ਼ ਕੀਤਾ, ਜਿਸ ਵਿਚ ਇਨ੍ਹਾਂ ਸ਼ਹੀਦੀਆਂ ਦੀ ਨਿਖੇਧੀ ਕੀਤੀ ਗਈ। ਵੱਖ-ਵੱਖ ਬੁਲਾਰਿਆਂ ਨੇ ਆਪੋ-ਆਪਣੇ ਵਿਚਾਰ ਵੀ ਪੇਸ਼ ਕੀਤੇ। ਪਰਿਵਾਰਕ ਮੈਂਬਰਾਂ ਨੂੰ ਇਹ ਪਰੋਕਲੋਮੇਸ਼ਨ ਭੇਂਟ ਕੀਤਾ ਗਿਆ। ਇਸ ਮੌਕੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪਿ੍ਰਤਪਾਲ ਸਿੰਘ, ਪ੍ਰਧਾਨ ਜਸਵੰਤ ਸਿੰਘ ਹੋਠੀ, ਕੁਲਜੀਤ ਸਿੰਘ ਨਿੱਜਰ, ਸੰਦੀਪ ਸਿੰਘ ਜੈਂਟੀ, ਬਲਵਿੰਦਰ ਸਿੰਘ ਵੱਲੋਂ ਸ਼ਹੀਦਾਂ ਬਾਰੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਬਿੰਦਰ ਸਿੰਘ ਭਿੰਦਾ, ਕਸ਼ਮੀਰ ਸਿੰਘ ਸ਼ਾਹੀ, ਰਾਜਿੰਦਰ ਸਿੰਘ ਢਾਂਡਾ, ਨੇਕੀ ਅਟਵਾਲ, ਜਸਜੀਤ ਸਿੰਘ, ਹਰਦੀਪ ਸਿੰਘ ਤੋਂ ਇਲਾਵਾ ਹੋਰ ਵੀ ਸ਼ਖਸੀਅਤਾਂ ਹਾਜ਼ਰ ਸਨ। ਇਸ ਦੌਰਾਨ ਇਨ੍ਹਾਂ ਸ਼ਹੀਦਾਂ ਦੀ ਕੁਰਬਾਨੀ ਬਾਰੇ ਪੇਂਟਿੰਗ ਵੀ ਗੁਰਦੁਆਰਾ ਸਾਹਿਬ ਵਿਖੇ ਸੁਸ਼ੋਭਿਤ ਕੀਤੀ ਗਈ।
ਕੁੱਲ ਮਿਲਾ ਕੇ ਇਹ ਸਮਾਗਮ ਇਕ ਯਾਦਗਾਰ ਸਮਾਗਮ ਹੋ ਨਿਬੜਿਆ। ਇਸ ਵਿਚ ਇਹ ਸੰਦੇਸ਼ ਵੀ ਜਾਂਦਾ ਹੈ ਕਿ ਸਿੱਖਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਅਜਾਈਂ ਨਹੀਂ ਜਾਂਦੀਆਂ, ਰਹਿੰਦੀ ਦੁਨੀਆਂ ਤੱਕ ਕੌਮ ਉਨ੍ਹਾਂ ਨੂੰ ਯਾਦ ਕਰਦੀ ਹੈ।

Share