ਨਕੋਦਰ ਬੇਅਦਬੀ ਕਾਂਡ ਸ਼ਹੀਦਾਂ ਦੀ ਯਾਦ ‘ਚ ਦੇਸ਼ ਤੇ ਵਿਦੇਸ਼ਾਂ ‘ਚ ਹੋਣਗੇ ਸ਼ਹੀਦੀ ਸਮਾਗਮ

11

-ਸਾਕਾ ਨਕੋਦਰ ਕੇਸਾਂ ਦੀ ਅਗਲੀ ਸੁਣਵਾਈ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਵਿਚ 30 ਜਨਵਰੀ ਨੂੰ
ਨਕੋਦਰ/ਸੈਨਹੋਜ਼ੇ, 25 ਜਨਵਰੀ (ਪੰਜਾਬ ਮੇਲ)- ਨਕੋਦਰ ਬੇਅਦਬੀ ਕਾਂਡ ਸ਼ਹੀਦਾਂ ਦੀ ਯਾਦ ਵਿਚ ਪੰਜਾਬ, ਅਮਰੀਕਾ ਤੇ ਫਰਾਂਸ ਵਿਚ ਸਮਾਗਮ ਕਰਵਾਏ ਜਾਣਗੇ।  ਜਾਣਕਾਰੀ ਅਨੁਸਾਰ ਨਕੋਦਰ ਵਿਚ 2 ਫ਼ਰਵਰੀ, 1986 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਸਰੂਪ ਸਾੜ ਦਿੱਤੇ ਗਏ ਸਨ, ਜਿਸ ਖਿਲਾਫ ਰੋਸ ਪ੍ਰਗਟਾ ਰਹੀ ਸੰਗਤ ‘ਤੇ 4 ਫ਼ਰਵਰੀ, 1986 ਨੂੰ ਪੰਜਾਬ ਪੁਲਿਸ ਤੇ ਭਾਰਤੀ ਸੁਰੱਖਿਆ ਦਲਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਸਨ।  ਜਿਸ ਦੌਰਾਨ ਚਾਰ ਸਿੱਖ ਨੌਜਵਾਨ ਭਾਈ ਰਵਿੰਦਰ ਸਿੰਘ ਜੀ ਲਿੱਤਰਾਂ, ਭਾਈ ਹਰਮਿੰਦਰ ਸਿੰਘ ਜੀ ਚਲੂਪਰ, ਭਾਈ ਬਲਧੀਰ ਸਿੰਘ ਜੀ ਰਾਮਗੜ੍ਹ ਅਤੇ ਭਾਈ ਝਿਲਮਣ ਸਿੰਘ ਜੀ ਗੋਰਸੀਆਂ ਸ਼ਹੀਦ ਹੋ ਗਏ ਸਨ।
ਬੇਅਦਬੀ ਕਾਂਡ ਦੇ 37 ਸਾਲ ਮਗਰੋਂ ਵੀ ਪਰਿਵਾਰ ਇਨਸਾਫ਼ ਲਈ ਅਦਾਲਤਾਂ ਵਿਚ ਭਟਕ ਰਿਹਾ ਹੈ। ਸ਼ਹੀਦ ਭਾਈ ਰਵਿੰਦਰ ਸਿੰਘ ਜੀ ਲਿੱਤਰਾਂ ਦੇ ਪਿਤਾ ਬਾਪੂ ਬਲਦੇਵ ਸਿੰਘ ਜੀ ਵਲੋਂ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਵਿਚ ਪ੍ਰਮੁੱਖ ਵਕੀਲ ਹਰੀ ਚੰਦ ਅਰੋੜਾ ਰਾਹੀਂ ਕੀਤੇ ਕੇਸਾਂ ਦੀ ਅਗਲੀ ਸੁਣਵਾਈ 30 ਜਨਵਰੀ, ਦਿਨ ਸੋਮਵਾਰ ਨੂੰ ਨਿਸ਼ਚਿਤ ਹੈ। ਇੱਕ ਕੇਸ ਸਾਕੇ ਦੇ ਮੁੱਖ ਦੋਸ਼ੀਆਂ ਤੇ ਕਤਲ ਦੇ ਮੁਕੱਦਮੇ ਚਲਾ ਕੇ ਸਜ਼ਾ ਦਿਵਾਉਣ ਦਾ ਹੈ ਤੇ ਦੂਸਰਾ ਸਾਕਾ ਨਕੋਦਰ ਸਬੰਧੀ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਵਲੋਂ ਕੀਤੀ ਅਦਾਲਤੀ ਜਾਂਚ ਦੇ ਦੂਸਰਾ ਭਾਗ ਸਰਕਾਰੀ ਸੰਸਥਾਵਾਂ ਵਿਚੋਂ ਗੁੰਮ ਹੋਣ ਸਬੰਧੀ ਜਾਂਚ ਕਰਵਾਉਣ ਬਾਰੇ ਹੈ। ਪੰਜਾਬ ਸਰਕਾਰ ਵਲੋਂ ਇਨ੍ਹਾਂ ਕੇਸਾਂ ਵਿਚ ਸਿਟ ਬਨਾਉਣ ਬਾਰੇ ਹਾਈਕੋਰਟ ਵਿਚ ਜਵਾਬਦੇਹੀ ਦਿੱਤੀ ਜਾਵੇਗੀ, ਬਾਪੂ ਬਲਦੇਵ ਸਿੰਘ ਜੀ ਨੇ ਇਸ ਬਾਰੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਤੇ ਨਕੋਦਰ ਦੀ ਵਿਧਾਇਕਾ ਨੂੰ ਮਿਲਕੇ ਮੰਗ ਪੱਤਰ ਦਿੱਤੇ ਸਨ। ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਜ਼ ਦੇ ਨੁਮਾਇੰਦਿਆਂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਿਲਕੇ ਇਸ ਬਾਰੇ ਮੰਗ ਪੱਤਰ ਦਿੱਤਾ ਸੀ। ਹੁਣ ਦੇਖਣਾ ਹੋਵੇਗਾ ਕਿ ਪੰਜਾਬ ਦੀ ਆਪ ਪਾਰਟੀ ਜੋ ਵਿਰੋਧੀ ਧਿਰ ਹੋਣ ਮੌਕੇ ਸਾਕਾ ਨਕੋਦਰ ਦੇ ਇਨਸਾਫ਼ ਲਈ ਵਿਧਾਨ ਸਭਾ ਵਿਚ ਲਗਾਤਾਰ ਮੰਗ ਕਰਦੀ ਰਹੀ ਹੈ ਤੇ ਪਿਛਲੇ ਮੁੱਖ ਮੰਤਰੀ ਤੇ ਸਰਕਾਰ ਨੂੰ ਚਿੱਠੀਆਂ ਲਿਖਦੀ ਰਹੀ ਹੈ, ਹਾਈਕੋਰਟ ਵਿਚ 30 ਜਨਵਰੀ, 2023 ਨੂੰ ਕੀ ਜਵਾਬ ਦੇਵੇਗੀ।
ਬਾਪੂ ਬਲਦੇਵ ਸਿੰਘ ਜੀ ਨੇ ਦੱਸਿਆ ਕਿ ਇਨ੍ਹਾਂ ਚਾਰੇ ਸ਼ਹੀਦਾਂ ਦੀ ਯਾਦ ਵਿਚ 4 ਫ਼ਰਵਰੀ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਮੂਹ ਵਿਖੇ ਸਥਿਤ ਗੁ: ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਅਖੰਡ ਪਾਠ ਸਾਹਿਬ ਜੀ ਦੀ ਭੋਗ ਪਾਏ ਜਾਣਗੇ। ਇਸੇ ਲੜੀ ਤਹਿਤ 5 ਫਰਵਰੀ ਨੂੰ ਅਮਰੀਕਾ ਦੇ ਗੁਰਦੁਆਰਾ ਸਾਹਿਬ ਸੈਨਹੋਜ਼ੇ ਵਿਖੇ ਭੋਗ ਪਾਏ ਜਾਣਗੇ। ਇਸੇ ਦਿਨ ਹੀ ਫਰਾਂਸ ਦੇ ਗੁਰਦੁਆਰਾ ਸਿੰਘ ਸਭਾ ਬੋਬੀਨੀ ਵਿਚ ਵੀ ਸ਼ਹੀਦੀ ਸਮਾਗਮ ਕੀਤਾ ਜਾਵੇਗਾ। ਸ਼ਹੀਦ ਭਾਈ ਰਵਿੰਦਰ ਸਿੰਘ ਜੀ ਦੇ ਨਕੋਦਰ ਨੇੜਲੇ ਪਿੰਡ ਲਿੱਤਰਾਂ ਵਿਚ 5 ਫਰਵਰੀ ਨੂੰ ਭੋਗ ਪਾਏ ਜਾਣਗੇ। ਉਨ੍ਹਾਂ ਦੱਸਿਆ ਕਿ 12 ਫਰਵਰੀ ਨੂੰ ਕੈਲੀਫੋਰਨੀਆ ਦੇ ਸ਼ਹਿਰ ਫਰੀਮੌਂਟ ਦੇ ਗੁਰਦੁਆਰਾ ਸਾਹਿਬ ਵਿਚ ਭੋਗ ਪਾਏ ਜਾਣਗੇ।