ਨਕਲੀ ਸ਼ਰਾਬ ਮਾਮਲੇ ’ਚ ਭਾਜਪਾ ਦੇ ਤਿੰਨ ਆਗੂ ਨਾਮਜ਼ਦ

110
ਭਾਜਪਾ ਆਗੂਆਂ ਦੀ ਫੈਕਟਰੀ ’ਚੋਂ ਬਰਾਮਦ ਹੋਇਆ ਸਾਮਾਨ ਲਿਜਾਂਦੀ ਹੋਈ ਪੁਲਿਸ।
Share

ਆਦਮਪੁਰ ਦੋਆਬਾ, 18 ਜੂਨ (ਪੰਜਾਬ ਮੇਲ)- ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਸਾਂਝੀ ਕਾਰਵਾਈ ਕਰਦਿਆਂ ਪਿੰਡ ਧੋਗੜੀ ਨੇੜੇ ਨਕਲੀ ਸ਼ਰਾਬ ਬਣਾਉਣ ਵਾਲੀ ਫੈਕਟਰੀ ਨੂੰ ਸੀਲ ਕਰ ਕੇ ਤਿੰਨ ਸਕੇ ਭਰਾਵਾਂ ਤੇ ਭਾਜਪਾ ਆਗੂਆਂ ਨੂੰ ਨਾਮਜ਼ਦ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਆਦਮਪੁਰ ਥਾਣੇ ਅਧੀਨ ਪੈਂਦੇ ਪਿੰਡ ਸਮਸਤੀਪੁਰ ’ਚ ਸਥਿਤ ਨਕਲੀ ਸ਼ਰਾਬ ਬਣਾਉਣ ਵਾਲੀ ਇੱਕ ਫੈਕਟਰੀ ਵਿਚ ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਛਾਪਾ ਮਾਰ ਕੇ ਨਕਲੀ ਸ਼ਰਾਬ ਬਣਾਉਣ ਵਾਲੀ ਮਸ਼ੀਨ, ਸ਼ਰਾਬ ਬਣਾਉਣ ਦਾ ਮਸਾਲਾ, 11,990 ਖਾਲੀ ਬੋਤਲਾਂ, 3840 ਗੱਤੇ ਦੇ ਡੱਬੇ ਤੇ ਹੋਰ ਸਾਮਾਨ ਬਰਾਮਦ ਕੀਤਾ ਸੀ। ਪੁਲਿਸ ਨੇ ਇਸ ਸਬੰਧੀ ਦਰਜ ਐੱਫ.ਆਈ.ਆਰ. ਵਿਚ ਭਾਜਪਾ ਆਗੂ ਰਾਜਨ ਅੰਗੂਰਾਲ ਤੇ ਉਸ ਦੇ ਭਰਾਵਾਂ ਸ਼ਨੀ ਅੰਗੂਰਾਲ ਤੇ ਸ਼ੀਤਲ ਅੰਗੂਰਾਲ ਵਾਸੀ ਸ਼ੀਲਾ ਨਗਰ ਜਲੰਧਰ ਨੂੰ ਨਾਮਜ਼ਦ ਕੀਤਾ ਹੈ।
ਪੁਲਿਸ ਨੇ ਜਦੋਂ ਫੈਕਟਰੀ ਵਿਚ ਛਾਪਾ ਮਾਰਿਆ ਤਾਂ ਸ਼ਨੀ ਅੰਗੂਰਾਲ ਅਤੇ ਉਸ ਦਾ ਬਾਊਂਸਰ ਚਿੱਟੇ ਰੰਗ ਦੀ ਆਲਟੋ ਕਾਰ ਵਿਚ ਫ਼ਰਾਰ ਹੋ ਗਏ, ਜਿਨ੍ਹਾਂ ਦਾ ਪਿੱਛਾ ਕਰ ਕੇ ਪੁਲਿਸ ਉਨ੍ਹਾਂ ਨੂੰ ਵਾਪਸ ਫੈਕਟਰੀ ’ਚ ਲੈ ਆਈ। ਇਸ ਦੌਰਾਨ ਸ਼ਨੀ ਅੰਗੂਰਾਲ ਨੇ ਚੈਕਿੰਗ ਟੀਮ ਨਾਲ ਹੱਥੋਪਾਈ ਕੀਤੀ। ਇਸ ਮਗਰੋਂ ਟੀਮ ਨੇ ਫੈਕਟਰੀ ਦੀ ਤਲਾਸ਼ੀ ਲਈ ਤਾਂ ਰੌਲੇ-ਰੱਪੇ ’ਚ ਸ਼ਨੀ ਅੰਗੂਰਾਲ ਤੇ ਉਸ ਦਾ ਸਾਥੀ ਮੁੜ ਫ਼ਰਾਰ ਹੋਣ ਵਿਚ ਸਫ਼ਲ ਹੋ ਗਏ।
ਪੁਲਿਸ ਨੇ ਰਾਜਨ, ਸ਼ਨੀ, ਸ਼ੀਤਲ ਤੇ ਹੋਰ ਅਣਪਛਾਤੇ ਵਿਅਕਤੀਆਂ ’ਤੇ ਜਾਅਲੀ ਸ਼ਰਾਬ ਬਣਾਉਣ, ਪੁਲਿਸ ਕਾਰਵਾਈ ਵਿਚ ਵਿਘਨ ਪਾਉਣ ਤੇ ਹਮਲਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਦੱਸਣਯੋਗ ਹੈ ਕਿ ਅੰਗੂਰਾਲ ਭਰਾ ਜਲੰਧਰ ਦੇ ਇੱਕ ਭਾਜਪਾ ਆਗੂ, ਜੋ ਪਹਿਲਾਂ ਮੰਤਰੀ ਵੀ ਸੀ, ਦੇ ਕਰੀਬੀ ਹਨ।

Share