ਨਕਲੀ ਸ਼ਰਾਬ ਦੇ ਮਾਮਲੇ ‘ਚ ਮਿਲੀਭੁਗਤ ਵਾਲਾ ਕੋਈ ਵੀ ਸਿਆਸਤਦਾਨ ਜਾਂ ਸਰਕਾਰੀ ਕਰਮਚਾਰੀ ਬਖਸ਼ਿਆ ਨਹੀਂ ਜਾਵੇਗਾ: ਕੈਪਟਨ ਅਮਰਿੰਦਰ ਸਿੰਘ

626
Share

ਸ਼ਰਾਬ ਮਾਫੀਆ ਨੂੰ ਖਤਮ ਕਰਨ ਦਾ ਕੀਤਾ ਵਾਅਦਾ, ਵਿਰੋਧੀਆਂ ਨੂੰ ਬੇਕਸੂਰ ਲੋਕਾਂ ਦੀ ਮੌਤ ‘ਤੇ ਘਟੀਆ ਸਿਆਸਤ ਖੇਡਣੀ ਬੰਦ ਕਰਨ ਨੂੰ ਕਿਹਾ 
ਚੰਡੀਗੜ੍ਹ, 4 ਅਗਸਤ (ਪੰਜਾਬ ਮੇਲ)-  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਸੂਬੇ ਵਿੱਚ ਸ਼ਰਾਬ ਮਾਫੀਆ ਨੂੰ ਖਤਮ ਕਰਨ ਦਾ ਵਾਅਦਾ ਕਰਦਿਆਂ ਕਿਹਾ ਕਿ ਨਕਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਜੇਕਰ ਕਿਸੇ ਸਿਆਸਤਦਾਨ ਜਾਂ ਸਰਕਾਰੀ ਕਰਮਚਾਰੀ ਦੀ ਮਿਲੀਭੁਗਤ ਸਾਹਮਣੇ ਆਈ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਨਕਲੀ ਸ਼ਰਾਬ ਦੇ ਰੂਪ ਵਿੱਚ ਜ਼ਹਿਰ ਨਾਲ ਮਾਰਨ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਬਚ ਨਿਕਲਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਪੁਲਿਸ ਦੀ ਸਾਰੀ ਫੋਰਸ ਨੂੰ ਮਾਫੀਆ ਉਤੇ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਕੁਝ ਗੈਰ ਸਮਾਜੀ ਤੱਤਾਂ ਨੇ ਆਪਣੇ ਲਾਲਚ ਖਾਤਰ ਪੰਜਾਬੀਆਂ ਦਾ ਜਾਨਾਂ ਨਾਲ ਖੇਡਣ ਦਾ ਉਸ ਵੇਲੇ ਲਾਹਾ ਤੱਕਿਆ ਜਦੋਂ ਪੁਲਿਸ ਫੋਰਸ ਦਾ ਧਿਆਨ ਕੋਵਿਡ ਮਹਾਂਮਾਰੀ ਵਾਲੇ ਪਾਸੇ ਲੱਗਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੀ ਕੋਵਿਡ ਨਾਲ ਨਜਿੱਠਣ ਵਿੱਚ ਲੱਗੀ ਹੋਈ ਹੈ ਜਿਸ ਨੇ ਸੂਬੇ ਵਿੱਚ ਹੁਣ ਤੱਕ 449 ਜਾਨਾਂ ਲੈ ਲਈਆਂ ਅਤੇ ਅਜਿਹੇ ਸਮੇਂ ਵਿੱਚ ਸ਼ਰਾਬ ਮਾਫੀਏ ਨੂੰ ਸਾਡੇ ਲੋਕਾਂ ਦੀਆਂ ਜਾਨਾਂ ਨਾਲ ਖੇਡਣ ਦਾ ਮੌਕਾ ਮਿਲ ਗਿਆ।
ਨਕਲੀ ਸ਼ਰਾਬ ਕਾਰਨ ਹੋਈਆਂ 111 ਮੌਤਾਂ (ਤਰਤ ਤਾਰਨ ‘ਚ 83, ਅੰਮ੍ਰਿਤਸਰ ‘ਚ 15 ਤੇ ਬਟਾਲਾ ‘ਚ 13) ਦਾ ਹਵਾਲਾ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਇਹ ਸਿੱਧੇ ਤੌਰ ‘ਤੇ ਕਤਲ ਹੈ ਅਤੇ ਇਸ ਲਈ ਕਾਤਲ ਬਚ ਨਹੀਂ ਸਕਣਗੇ। ਮੁੱਖ ਮੰਤਰੀ ਨੇ ਕਿਹਾ, ”ਇਨ੍ਹਾਂ ਲੋਕਾਂ ਨੇ ਜਦੋਂ ਬੇਕਸੂਰ ਲੋਕਾਂ ਨੂੰ ਜ਼ਹਿਰ ਸੌਂਪੀ/ਵੇਚੀ, ਉਦੋਂ ਤੋਂ ਹੀ ਉਹ ਜਾਣਦੇ ਸਨ ਕਿ ਇਸ ਨਾਲ ਜਾਨਾਂ ਜਾ ਸਕਦੀਆਂ ਹਨ। ਉਹ ਰਹਿਮ ਦੇ ਹੱਕਦਾਰ ਨਹੀਂ ਹਨ।” ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਦੁੱਖ ਦੀ ਘੜੀ ਵਿੱਚ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ ਅਤੇ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਆਪਣੇ ਸੌੜੇ ਸਿਆਸੀ ਹਿੱਤਾਂ ਲਈ ਦੁਖਾਂਤ ਦਾ ਸੋਸ਼ਣ ਕਰਨ ਲਈ ਵਿਰੋਧੀਆਂ ਨੂੰ ਨਿਸ਼ਾਨੇ ‘ਤੇ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮਾਂ ਸਿਆਸੀ ਰੋਟੀਆਂ ਸੇਕਣ ਦਾ ਨਹੀਂ ਸਗੋਂ ਸੂਬਾ ਸਰਕਾਰ ਵੱਲੋਂ ਮਾਫੀਆ ਨੂੰ ਖਤਮ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਹਮਾਇਤ ਕਰਨ ਦਾ ਹੈ। ਉਨ੍ਹਾਂ ਆਮ ਆਦਮੀ ਪਾਰਟੀ ਨੂੰ ਪੁੱਛਿਆ ਕਿ ਨਕਲੀ ਸ਼ਰਾਬ ਖਿਲਾਫ ਧਰਨੇ ਦੇਣ ਨਾਲ ਕੀ ਮਾਫੀਆ ਖਿਲਾਫ ਲੜਾਈ ਅਤੇ ਪੀੜਤ ਪਰਿਵਾਰਾਂ ਦੀ ਮੱਦਦ ਹੋ ਸਕੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਵੱਖ-ਵੱਖ ਸਿਆਸੀ ਸ਼ਾਸਨਕਾਲ ਦੌਰਾਨ ਸੂਬਾ ਭਰ ਵਿੱਚ ਵਰ੍ਹਿਆਂ ਤੋਂ ਅਜਿਹੀਆਂ ਤਰਾਸਦੀਆਂ ਵਾਪਰਦੀਆਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਾਫੀਏ ਅਤੇ ਅਪਰਾਧੀਆਂ ਦਾ ਕੋਈ ਸਿਆਸੀ ਨਾਤਾ ਨਹੀਂ ਹੁੰਦਾ ਸਗੋਂ ਉਨ੍ਹਾਂ ਦੀ ਲਾਲਸਾ ਹਰ ਹੀਲੇ ਪੈਸਾ ਕਮਾਉਣ ਦੀ ਹੁੰਦੀ ਹੈ। ਮੁੱਖ ਮੰਤਰੀ ਨੇ ਸਾਲ 2019 ਵਿੱਚ ਨਕਲੀ ਸ਼ਰਾਬ ਦੇ ਵਾਪਰੇ ਤਿੰਨ ਦੁਖਾਂਤ ਦਾ ਵੀ ਜ਼ਿਕਰ ਕੀਤਾ, ਜੋ ਭਾਜਪਾ ਦੀ ਅਗਵਾਈ ਵਾਲੇ ਸੂਬਿਆਂ ਵਿੱਚ ਅਸਾਮ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਵਾਪਰੇ ਹਨ ਅਤੇ ਇਨ੍ਹਾਂ ਵਿੱਚ ਕ੍ਰਮਵਾਰ 168, 97 ਅਤੇ 30 ਜਾਨਾਂ ਗਈਆਂ ਸਨ। ਇਸੇ ਤਰ੍ਹਾਂ ਸਾਲ 2016 ਵਿੱਚ ਜਨਤਾ ਦਲ ਦੀ ਅਗਵਾਈ ‘ਚ ਬਿਹਾਰ ਸੂਬੇ ਵਿੱਚ 16 ਵਿਅਕਤੀਆਂ ਦੀ ਮੌਤ ਹੋਈ ਜਦਕਿ ਸਾਲ 2015 ਵਿੱਚ ਭਾਜਪਾ ਦੀ ਅਗਵਾਈ ਵਿੱਚ ਮਹਾਂਰਾਸ਼ਟਰ ਦੀ ਰਾਜਧਾਨੀ ਮੁੰਬਈ ‘ਚ ਨਕਲੀ ਸ਼ਰਾਬ ਨਾਲ 102 ਜਾਨਾਂ ਚਲੀਆਂ ਗਈਆਂ ਅਤੇ ਤ੍ਰਿਣਾਮੂਲ ਕਾਂਗਰਸ ਦੀ ਸੱਤਾ ਵਾਲੇ ਪੱਛਮੀ ਬੰਗਾਲ ਵਿੱਚ ਨਕਲੀ ਸ਼ਰਾਬ ਪੀਣ ਨਾਲ 167 ਵਿਅਕਤੀ ਮੌਤ ਦੇ ਮੂੰਹ ਵਿੱਚ ਜਾ ਪਏ ਸਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲਗਪਗ ਹਰੇਕ ਸਾਲ ਭਾਰਤ ਵਿੱਚ ਨਕਲੀ ਸ਼ਰਾਬ ਦੇ ਦੁਖਾਂਤ ਦੇਖੇ ਜਾਂਦੇ ਹਨ ਜਿਨ੍ਹਾਂ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ ਕਿ ਉਸ ਸੂਬੇ ਵਿੱਚ ਸੱਤਾ ਕਿਸ ਦੀ ਹੈ। ਉਨ੍ਹਾਂ ਨੇ ਸਿਆਸੀ ਪਾਰਟੀਆਂ ਨੂੰ ਨਿਰਦੋਸ਼ ਪੰਜਾਬੀਆਂ ਦੀ ਜ਼ਿੰਦਗੀ ‘ਤੇ ਸਿਆਸਤ ਖੇਡਣੀ ਬੰਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ,”ਸਾਡੇ ਲੋਕ ਇਸ ਗੱਲ ਦੀ ਪ੍ਰਵਾਹ ਨਹੀਂ ਕਰਦੇ ਕਿ ਸੱਤਾ ਵਿੱਚ ਕਿਸ ਪਾਰਟੀ ਦੀ ਸਰਕਾਰ ਹੈ, ਉਹ ਤਾਂ ਆਪਣੇ ਅਜ਼ੀਜ਼ ਜਿਨ੍ਹਾਂ ਨੂੰ ਸ਼ਰਾਬ ਮਾਫੀਏ ਦੀ ਲਾਲਸਾ ਦਾ ਖਮਿਆਜ਼ਾ ਭੁਗਤਣਾ ਪਿਆ, ਲਈ ਇਨਸਾਫ ਚਾਹੁੰਦੇ ਹਨ।” ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਦੇ ਸ਼ਾਸਨਕਾਲ ਦੌਰਾਨ ਵੀ ਅਜਿਹੇ ਦੁਖਾਂਤ ਵਾਪਰਦੇ ਰਹੇ ਹਨ।
ਮੁੱਖ ਮੰਤਰੀ ਨੇ ਵਿਰੋਧੀ ਧਿਰ ਨੂੰ ਆਪਣੇ ਸੌੜੇ ਸਿਆਸੀ ਹਿੱਤਾਂ ਤੋਂ ਉਪਰ ਉਠ ਕੇ ਲੋਕਾਂ ਲਈ ਇਨਸਾਫ ਵਾਸਤੇ ਲੜਨ ਦੀ ਅਪੀਲ ਕੀਤੀ।


Share