ਨਕਲੀ ਸ਼ਰਾਬ ਦਾ ਮਾਮਲਾ ਲੋਕਹਿਤ ਸੁਣਵਾਈ ਵਜੋਂ ਚਲਾਏ ਜਾਣ ਦੀ ਸਿਫਾਰਸ਼

544
Share

ਚੰਡੀਗੜ੍ਹ, 11 ਅਗਸਤ (ਪੰਜਾਬ ਮੇਲ)- ਪੰਜਾਬ ਦੇ ਸਾਬਕਾ ਵਿਧਾਇਕ ਤਰਸੇਮ ਜੋਧਾਂ ਵਲੋਂ ਸਾਲ 2018 ਤੋਂ ਲੈ ਕੇ ਹੁਣ ਤੱਕ ਨਕਲੀ ਸ਼ਰਾਬ ਸਬੰਧੀ ਦਰਜ ਕੁਝ ਮਾਮਲਿਆਂ ਦੀ ਜਾਂਚ ਹਾਈਕੋਰਟ ਦੀ ਨਿਗਰਾਨੀ ਹੇਠ ਸੀ.ਬੀ.ਆਈ. ਕੋਲੋਂ ਕਰਵਾਏ ਜਾਣ ਦੀ ਮੰਗ ਨੂੰ ਲੈ ਕੇ ਦਾਖ਼ਲ ਇਕ ਪਟੀਸ਼ਨ ਦੀ ਸੁਣਵਾਈ ਕਰਦਿਆਂ ਜਸਟਿਸ ਅਲਕਾ ਸਰੀਨ ਨੇ ਇਹ ਮਾਮਲਾ ਲੋਕਹਿਤ ਸੁਣਵਾਈ ਵਜੋਂ ਚਲਾਏ ਜਾਣ ਦੀ ਸਿਫ਼ਾਰਸ਼ ਕਰਦਿਆਂ ਚੀਫ਼ ਜਸਟਿਸ ਕੋਲ ਭੇਜ ਦਿੱਤਾ ਹੈ। ਤਰਸੇਮ ਜੋਧਾਂ ਨੇ ਪਟੀਸ਼ਨ ‘ਚ ਦੋਸ਼ ਲਗਾਇਆ ਹੈ ਕਿ ਸਾਲ 2018 ਤੋਂ ਲੈ ਕੇ ਹੁਣ ਤੱਕ ਕਈ ਮਾਮਲੇ ਅਜਿਹੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਨਾਜਾਇਜ਼ ਤੌਰ ‘ਤੇ ਸ਼ਰਾਬ ਬਣਾਏ ਜਾਣ ਦੀਆਂ ਫ਼ੈਕਟਰੀਆਂ ਤੱਕ ਫੜੀਆਂ ਗਈਆਂ ਤੇ ਹੁਣ ਜ਼ਹਿਰੀਲੀ ਸ਼ਰਾਬ ਨਾਲ ਕਈ ਲੋਕਾਂ ਦੀਆਂ ਜਾਨਾਂ ਤੱਕ ਚਲੀਆਂ ਗਈਆਂ। ਇਨ੍ਹਾਂ ਮਾਮਲਿਆਂ ਸਬੰਧੀ ਦਰਜ ਐੱਫ.ਆਈ.ਆਰ. ਦੀ ਜਾਂਚ ਸੀ.ਬੀ.ਆਈ. ਕੋਲੋਂ ਕਰਵਾਏ ਜਾਣ ਲਈ ਸਰਕਾਰ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਦੋਸ਼ ਲਗਾਇਆ ਕਿ ਨਕਲੀ ਸ਼ਰਾਬ ਦਾ ਧੰਦਾ ਅੰਤਰਰਾਜੀ ਹੈ ਤੇ ਇਨ੍ਹਾਂ ਮਾਮਲਿਆਂ ਵਿਚ ਪੁਲਿਸ ਨੇ ਕਰਿੰਦਿਆਂ ਆਦਿ ‘ਤੇ ਕਾਰਵਾਈ ਕੀਤੀ ਪਰ ਕਿਸੇ ਵੱਡੇ ਆਗੂ ਨੂੰ ਹੱਥ ਨਹੀਂ ਪਾਇਆ। ਜੋਧਾਂ ਨੇ ਇਹ ਵੀ ਹਾਈਕੋਰਟ ਦੇ ਧਿਆਨ ‘ਚ ਲਿਆਂਦਾ ਕਿ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਵੀ ਸਰਕਾਰ ਨੂੰ ਇਸੇ ਸਬੰਧ ‘ਚ ਚਿੱਠੀ ਲਿਖੀ ਸੀ ਪਰ ਕੋਈ ਕਾਰਵਾਈ ਨਾ ਹੋਣ ਕਾਰਨ ਹੁਣ ਹਾਈਕੋਰਟ ਪਹੁੰਚ ਕਰਨੀ ਪਈ।


Share