ਧੀ ਵੱਲੋਂ ਉਲੰਪਿਕ ਤਮਗਾ ਜਿੱਤਣ ਉਪਰੰਤ ਮਾਂ ਨੇ ਦੁਨੀਆਂ ਨੂੰ ਕਿਹਾ ਅਲਵਿਦਾ

434
Share

ਸੈਕਰਾਮੈਂਟੋ, 4 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਟੋਕੀਓ ਉਲੰਪਿਕ ਦਾ ਗੋਲਾ ਸੁੱਟਣ ਦੇ ਮੁਕਾਬਲੇ ਦਾ ਸਿੱਧਾ ਪ੍ਰਸਾਰਣ ਵੇਖ ਰਹੀ ਕਲਾਰੀਸਾ ਸੈਂਡਰਜ ਨੂੰ ਆਪਣੀ ਧੀ ਦੇ ਪ੍ਰਦਰਸ਼ਨ ਤੋਂ ਏਨੀ ਖੁਸ਼ ਹੋਈ ਕਿ ਉਹ ਇਸ ਦੁਨੀਆਂ ਨੂੰ ਹੀ ਅਲਵਿਦਾ ਕਹਿ ਗਈ। ਉਸ ਦੀ ਧੀ ਰਾਵਨ ਸੈਂਡਰਜ ਨੇ ਗੋਲਾ ਸੁੱਟਣ ਵਿਚ ਦੂਸਰੇ ਸਥਾਨ ’ਤੇ ਰਹਿ ਕੇ ਚਾਂਦੀ ਦਾ ਤਮਗਾ ਜਿੱਤਿਆ। ਉਸ ਦੀ ਮਾਂ ਟੋਕਿਓ-2020 ਵੇਖਣ ਲਈ ਓਰਲੈਂਡੋ ਵਿਚ ਸੀ। ਇਥੇ ਅਮਰੀਕੀ ਐਥਲੀਟਾਂ ਦੇ ਪਰਿਵਾਰਾਂ ਲਈ ਉਲੰਪਿਕ ਮੁਕਾਬਲੇ ਵੇਖਣ ਵਾਸਤੇ ਵਿਸ਼ੇਸ਼ ਤੌਰ ’ਤੇ ਪ੍ਰਬੰਧ ਕੀਤਾ ਗਿਆ ਸੀ। ਕਲਾਰੀਸਾ ਸੈਂਡਰਜ ਆਪਣੀ ਧੀ ਦਾ ਪ੍ਰਦਰਸ਼ਨ ਵੇਖਣ ਲਈ ਬਹੁਤ ਉਤਾਵਲੀ ਸੀ। ਉਸ ਦੀ ਦੂਸਰੀ ਬੇਟੀ ਤਨਜ਼ਾਨੀਆ ਵੀ ਨਾਲ ਸੀ। ਧੀ ਨੂੰ ਤਮਗਾ ਜਿੱਤਦਿਆਂ ਵੇਖਕੇ ਉਹ ਬੇਹੱਦ ਖੁਸ਼ ਹੋਈ ਪਰੰਤੂ ਕੁਝ ਸਮੇਂ ਬਾਅਦ ਉਹ ਇਸ ਦੁਨੀਆਂ ’ਚ ਨਹੀਂ ਰਹੀ। ਹਾਲਾਂਕਿ ਅਜੇ ਤੱਕ ਉਸ ਦੀ ਮੌਤ ਦੇ ਕਾਰਨ ਦਾ ਪਤਾ ਨਹੀਂ ਲੱਗਾ ਪਰੰਤੂ ਮੈਚ ਵੇਖਣ ਤੋਂ ਪਹਿਲਾਂ ਉਹ ਬਿਲਕੁੱਲ ਠੀਕ-ਠਾਕ ਸੀ। ਮਾਨਸਿਕ ਸਿਹਤ ਨਾਲ ਜੁੜੇ ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਕਈ ਵਾਰ ਜ਼ਿਆਦਾ ਖੁਸ਼ੀ ਵੀ ਮੌਤ ਦਾ ਕਾਰਨ ਬਣ ਸਕਦੀ ਹੈ। ਆਪਣੀ ਮਾਂ ਦੀ ਮੌਤ ਉਪਰੰਤ ਰਾਵਨ ਸੈਂਡਰਜ ਨੇ ਟਵੀਟ ਕੀਤਾ ਹੈ ਕਿ ਉਹ ਸੋਸ਼ਲ ਮੀਡੀਆ ਤੋਂ ਹੱਟ ਰਹੀ ਹੈ, ਤਾਂ ਕਿ ਉਹ ਆਪਣੀ ਤੇ ਆਪਣੇ ਪਰਿਵਾਰ ਦੀ ਮਾਨਸਿਕ ਸਿਹਤ ਉਪਰ ਧਿਆਨ ਕੇਂਦਰਿਤ ਕਰ ਸਕੇ। ਉਸ ਨੇ ਲਿਖਿਆ ਹੈ, ਉਸ ਦੀ ਮਾਂ ਮਹਾਨ ਔਰਤ ਸੀ, ਉਹ ਜ਼ਿੰਦਗੀ ਭਰ ਹਮੇਸ਼ਾਂ ਮੇਰੇ ਅੰਗ-ਸੰਗ ਰਹੇਗੀ। ਉਸ ਨੇ ਲਿਖਿਆ ਹੈ ‘‘ਮਾਂ ਮੈਂ ਹਮੇਸ਼ਾ ਤੈਨੂੰ ਪਿਆਰ ਕਰਦੀ ਰਹਾਂਗੀ, ਤੂੰ ਮੇਰਾ ਆਹਲਾ ਦਰਜੇ ਦਾ ਪਾਲਣ-ਪੋਸ਼ਣ ਕੀਤਾ।’’

Share