ਧਾਨ ਮੰਤਰੀ ਵੱਲੋਂ 5ਜੀ ਮੋਬਾਈਲ ਇੰਟਰਨੈੱਟ ਸੇਵਾਵਾਂ ਦਾ ਆਗਾਜ਼

52
New Delhi: Prime Minister Narendra Modi along with Union Minister for Communications and Electronics & Information Technology Ashwini Vaishnaw, Union MoS for Communications Devusinh Chauhan, Reliance Industries Ltd Chairman Mukesh Ambani and Bharti Enterprises Chairman Sunil Bharti Mittal launches 5G services in India at the 6th India Mobile Congress, at Pragati Maidan in New Delhi, Saturday, Oct. 1, 2022. Tribune Photo: Mukesh Aggarwal
Share

  • ਏਅਰਟੈੱਲ ਨੇ ਅੱਠ ਸ਼ਹਿਰਾਂ ’ਚ ਸੇਵਾਵਾਂ ਸ਼ੁਰੂ ਕੀਤੀਆਂ
  • ਜੀਓ ਇਸੇ ਮਹੀਨੇ ਸ਼ੁਰੂ ਕਰੇਗਾ ਸੇਵਾਵਾਂ

ਨਵੀਂ ਦਿੱਲੀ, 2 ਅਕਤੂਬਰ (ਪੰਜਾਬ ਮੇਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੇਜ਼ ਰਫ਼ਤਾਰ ਵਾਲੀ ਇੰਟਰਨੈੱਟ ਸਹੂਲਤ ਦੇਣ ਵਾਲੀ 5ਜੀ ਸੇਵਾ ਦੀ ਸ਼ੁਰੂਆਤ ਕਰਦਿਆਂ ਸ਼ਨਿਚਰਵਾਰ ਨੂੰ ਕਿਹਾ ਹੈ ਕਿ ਨਵੇਂ ਯੁੱਗ ਦੀ ਸ਼ੁਰੂਆਤ ਹੋਣ ਨਾਲ ਦੇਸ਼ ’ਚ ਵਧੇਰੇ ਮੌਕੇ ਪੈਦਾ ਹੋਣ ਦੀ ਸੰਭਾਵਨਾ ਹੈ। ਦੇਸ਼ ਦੀ ਨੰਬਰ 2 ਕੰਪਨੀ ਭਾਰਤੀ ਏਅਰਟੈੱਲ ਵੱਲੋਂ ਦਿੱਲੀ, ਮੁੰਬਈ, ਵਾਰਾਨਸੀ ਅਤੇ ਬੰਗਲੂਰੂ ਸਮੇਤ ਅੱਠ ਸ਼ਹਿਰਾਂ ’ਚ 5ਜੀ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਦੇਸ਼ ਦੀ ਮੋਹਰੀ ਕੰਪਨੀ ਰਿਲਾਇੰਸ ਜੀਓ ਵੱਲੋਂ ਇਸੇ ਮਹੀਨੇ ਚਾਰ ਮਹਾਨਗਰਾਂ ’ਚ ਸੇਵਾਵਾਂ ਲਾਂਚ ਕੀਤੀਆਂ ਜਾਣਗੀਆਂ ਜਦਕਿ ਵੋਡਾਫੋਨ ਆਈਡੀਆ ਨੇ ਅਜੇ ਤੱਕ ਕੋਈ ਸਮਾਂ ਸੀਮਾ ਤੈਅ ਨਹੀਂ ਕੀਤੀ ਹੈ। ਪ੍ਰਧਾਨ ਮੰਤਰੀ ਨੇ ਇਥੇ ਇੰਡੀਆ ਮੋਬਾਈਲ ਕਾਂਗਰਸ (ਆਈਐੱਮਸੀ) 2022 ’ਚ ਸੇਵਾਵਾਂ ਦਾ ਆਗਾਜ਼ ਕਰਦਿਆਂ ਕਿਹਾ ਕਿ ਦੁਨੀਆ ਦੇ ਪੰਜਵੇਂ ਸਭ ਤੋਂ ਵੱਡੇ ਅਰਥਚਾਰੇ ਲਈ ਅੱਜ ਦਾ ਦਿਨ ਖਾਸ ਹੈ। ‘ਅੱਜ 130 ਕਰੋੜ ਭਾਰਤੀਆਂ ਨੂੰ ਦੇਸ਼ ਦੀ ਟੈਲੀਕਾਮ ਇੰਡਸਟਰੀ ਤੋਂ 5ਜੀ ਦੇ ਰੂਪ ’ਚ ਸ਼ਾਨਦਾਰ ਤੋਹਫ਼ਾ ਮਿਲ ਰਿਹਾ ਹੈ। 5ਜੀ ਇਕ ਨਵੇਂ ਯੁੱਗ ਦੀ ਸ਼ੁਰੂਆਤ ਦਾ ਪ੍ਰਤੀਕ ਹੈ ਅਤੇ ਇਸ ਨਾਲ ਬੇਅੰਤ ਮੌਕੇ ਪੈਦਾ ਹੋਣ ਦੀ ਸੰਭਾਵਨਾ ਹੈ।’ ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਦੂਰਸੰਚਾਰ ਦੀ 2ਜੀ, 3ਜੀ ਅਤੇ 4ਜੀ ਤਕਨਾਲੋਜੀ ਲਈ ਦੂਜੇ ਮੁਲਕਾਂ ’ਤੇ ਨਿਰਭਰ ਸੀ ਪਰ 5ਜੀ ਸੇਵਾ ਦੇ ਮਾਮਲੇ ’ਚ ਦੇਸ਼ ਨੇ ਇਤਿਹਾਸ ਸਿਰਜ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਡਿਜੀਟਲ ਇੰਡੀਆ ਦਾ ਅਹਿਦ ਚਾਰ ਥੰਮ੍ਹਾਂ-ਉਪਕਰਨ ਦੀ ਲਾਗਤ, ਡਿਜੀਟਲ ਕੁਨੈਕਟੀਵਿਟੀ, ਡੇਟਾ ਲਾਗਤ ਅਤੇ ਡਿਜੀਟਲ ਫਸਟ ਪਹੁੰਚ ਦੇ ਨਜ਼ਰੀਏ ’ਤੇ ਆਧਾਰਿਤ ਸੀ। ਉਨ੍ਹਾਂ ਕਿਹਾ ਕਿ ਇਸ ਪਹੁੰਚ ਕਾਰਨ ਅੱਜ ਦੇਸ਼ ’ਚ ਮੋਬਾਈਲ ਫੋਨ ਬਣਾਉਣ ਵਾਲੇ ਪਲਾਂਟਾਂ ਦੀ ਗਿਣਤੀ 200 ਤੋਂ ਪਾਰ ਹੋ ਗਈ ਹੈ ਜਦਕਿ 2014 ’ਚ ਸਿਰਫ਼ ਦੋ ਪਲਾਂਟ ਸਨ। ਉਨ੍ਹਾਂ ਭਾਰਤ ’ਚ ਡੇਟਾ ਚਾਰਜ ਦੁਨੀਆ ’ਚ ਸਭ ਤੋਂ ਘੱਟ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ 2014 ’ਚ ਇਕ ਜੀਬੀ ਡੇਟਾ ਲਈ 300 ਰੁਪਏ ਖ਼ਰਚ ਕਰਨੇ ਪੈਂਦੇ ਸਨ ਪਰ ਹੁਣ ਉਹੋ ਡੇਟਾ 10 ਰੁਪਏ ’ਚ ਮਿਲਦਾ ਹੈ। ਉਨ੍ਹਾਂ ਕਿਹਾ ਕਿ ਇਕ ਵਿਅਕਤੀ ਔਸਤਨ 14 ਜੀਬੀ ਡੇਟਾ ਦੀ ਮਾਸਿਕ ਖਪਤ ਕਰਦਾ ਹੈ ਜਿਸ ’ਤੇ ਉਸ ਦੀ ਲਾਗਤ 125-150 ਰੁਪਏ ਤੱਕ ਆਉਂਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਹੁਣ ਕਰੋੜਾਂ ਰੁਪਏ ਮੁੱਲ ਦੇ ਮੋਬਾਈਲ ਫੋਨ ਦੀ ਬਰਾਮਦਗੀ ਵੀ ਕਰ ਰਿਹਾ ਹੈ ਜਦਕਿ ਪਹਿਲਾਂ ਇਹ ਦਰਾਮਦ ਕਰਨੇ ਪੈਂਦੇ ਸਨ। ਉਨ੍ਹਾਂ ਡਿਜੀਟਲ ਭੁਗਤਾਨ ’ਚ ਆਈ ਤੇਜ਼ੀ ਦਾ ਵੀ ਜ਼ਿਕਰ ਕੀਤਾ। ਕਾਂਗਰਸ ਦੀ ਅਗਵਾਈ ਹੇਠਲੀ ਪਿਛਲੀ ਯੂਪੀਏ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੇ ਸਹੀ ਇਰਾਦੇ ਨਾਲ ਉਠਾਏ ਗਏ ਕਦਮਾਂ ਕਾਰਨ ਅਜਿਹਾ ਸੰਭਵ ਹੋ ਸਕਿਆ ਹੈ। ਪ੍ਰਧਾਨ ਮੰਤਰੀ ਨੇ 2ਜੀ ਸਪੈਕਟਰਮ ਵੰਡ ਘੁਟਾਲੇ ਦੇ ਹਵਾਲੇ ਨਾਲ ਕਿਹਾ,‘‘2ਜੀ ਦੀ ਨੀਅਤ ਅਤੇ 5ਜੀ ਦੀ ਨੀਅਤ ’ਚ ਇਹੋ ਫਰਕ ਹੈ।’’ ਇਸ ਮੌਕੇ 5ਜੀ ਸੇਵਾਵਾਂ ਦੇਣ ਵਾਲੀਆਂ ਤਿੰਨੋਂ ਟੈਲੀਕਾਮ ਕੰਪਨੀਆਂ ਨੇ ਭਾਰਤ ’ਚ ਤਕਨਾਲੋਜੀ ਦੇ ਸੰਭਾਵਿਤ ਫਾਇਦਿਆਂ ਬਾਰੇ ਪੇਸ਼ਕਾਰੀ ਵੀ ਦਿੱਤੀ। ਰਿਲਾਇੰਸ ਜੀਓ ਨੇ ਮੁੰਬਈ ਦੇ ਇਕ ਸਕੂਲ ਅਧਿਆਪਕ ਦਾ ਮਹਾਰਾਸ਼ਟਰ, ਗੁਜਰਾਤ ਅਤੇ ਉੜੀਸਾ ਦੇ ਵਿਦਿਆਰਥੀਆਂ ਨਾਲ 5ਜੀ ਤਕਨੀਕ ਦੀ ਸਹਾਇਤਾ ਨਾਲ ਸੰਪਰਕ ਸਥਾਪਿਤ ਕਰਵਾਇਆ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਸਕੂਲੀ ਬੱਚਿਆਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਪੜ੍ਹਾਈ ’ਚ ਤਕਨਾਲੋਜੀ ਦੇ ਸਹਿਯੋਗ ਬਾਰੇ ਕੁਝ ਸਵਾਲ ਵੀ ਪੁੱਛੇ। ਵੋਡਾਫੋਨ ਆਈਡੀਆ ਨੇ ਦਿੱਲੀ ਮੈਟਰੋ ਦੀ ਇਕ ਉਸਾਰੀ ਅਧੀਨ ਸੁਰੰਗ ’ਚ ਕੰਮ ਕਰ ਰਹੇ ਮਜ਼ਦੂਰਾਂ ਦੀ ਸੁਰੱਖਿਆ ਵਧਾਉਣ ’ਚ 5ਜੀ ਦੇ ਲਾਭ ਨੂੰ ਪ੍ਰਦਰਸ਼ਿਤ ਕੀਤਾ। ਉਧਰ ਏਅਰਟੈੱਲ ਨੇ ਯੂਪੀ ਦੀ ਲੜਕੀ ਨੂੰ ਵਰਚੁਅਲ ਰਿਐਲਟੀ ਦੀ ਸਹਾਇਤਾ ਨਾਲ ਸੋਲਰ ਪ੍ਰਣਾਲੀ ਬਾਰੇ ਸਿੱਖਣ ’ਚ 5ਜੀ ਤਕਨਾਲੋਜੀ ਰਾਹੀਂ ਮਿਲਣ ਵਾਲੀ ਮਦਦ ਨੂੰ ਪ੍ਰਦਰਸ਼ਿਤ ਕੀਤਾ। ਇਸ ਦੌਰਾਨ ਟੈਲੀਕਾਮ ਅਤੇ ਆਈਟੀ ਮੰਤਰੀ ਅਸ਼ਵਨੀ ਵੈਸ਼ਨਵ, ਰਿਲਾਇੰਸ ਇੰਡਸਟਰੀਜ਼ ਦੇ ਮੁਖੀ ਮੁਕੇਸ਼ ਅੰਬਾਨੀ, ਭਾਰਤੀ ਏਅਰਟੈੱਲ ਦੇ ਸੁਨੀਲ ਭਾਰਤੀ ਮਿੱਤਲ ਅਤੇ ਆਦਿੱਤਿਆ ਬਿਰਲਾ ਗਰੁੱਪ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਨੇ ਵੀ ਸੰਬੋਧਨ ਕੀਤਾ।


Share