ਦੱਖਣੀ ਵੈਨਕੂਵਰ ’ਚ ਗੋਲੀਬਾਰੀ ਦੀ ਘਟਨਾ ’ਚ ਪੰਜਾਬੀ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ

121
Share

ਵੈਨਕੂਵਰ, 9 ਜੂਨ (ਪੰਜਾਬ ਮੇਲ)- ਦੱਖਣੀ ਵੈਨਕੂਵਰ ’ਚ ਹੋਈ ਗੋਲੀਬਾਰੀ ਦੀ ਘਟਨਾ ’ਚ ਅਣਪਛਾਤੇ ਵਿਅਕਤੀਆਂ ਨੇ 44 ਸਾਲਾ ਭਾਰਤੀ ਮੂਲ ਦੇ ਐਲਵਿਸ ਅੰਜੇਸ਼ ਸਿੰਘ ਦਾ ਉਸ ਦੇ ਘਰ ਨੇੜੇ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਵੈਨਕੂਵਰ ਪੁਲਿਸ ਵਿਭਾਗ ਨੇ ਦੱਸਿਆ ਕਿ ਕਰੀਬ 10 ਵਜੇ (4 ਜੂਨ), ਪੁਲਿਸ ਨੂੰ ਕੈਂਟ ਐਵੀਨਿਊ ਅਤੇ ਕੇਰ ਸਟ੍ਰੀਟ ਨੇੜੇ ਰਿਵਰਫਰੰਟ ਪਾਰਕ ਵਿਖੇ ਗੋਲੀਆਂ ਚਲਾਉਣ ਸੰਬੰਧੀ ਸੂਚਨਾ ਮਿਲੀ।
ਘਟਨਾ ਵਾਲੀ ਥਾਂ ’ਤੇ ਪਹੁੰਚਣ’ ਤੇ ਪੁਲਿਸ ਨੂੰ 44 ਸਾਲਾ ਐਲਵਿਸ ਅੰਜੇਸ਼ ਸਿੰਘ ਆਪਣੀ ਗੱਡੀ ’ਚ ਮਿ੍ਰਤਕ ਮਿਲਿਆ। ਇਸ ਸਾਲ ਵੈਨਕੂਵਰ ਵਿਚ ਇਹ ਅੱਠਵਾਂ ਕਤਲੇਆਮ ਹੈ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਗੋਲੀ ਲੱਗਣ ਮਗਰੋਂ ਸ਼ੱਕੀ ਵਿਅਕਤੀ ਦੀ ਗੱਡੀ ਕੈਂਟ ਐਵੇਨਿਊ ’ਤੇ ਪੂਰਬ ਵੱਲ ਚਲੀ ਗਈ। ਪੁਲਿਸ ਉਸ ਗੱਡੀ ਦੇ ਅੰਦਰ ਦੇਖੇ ਗਏ ਤਿੰਨ ਲੋਕਾਂ ਦੀ ਭਾਲ ਕਰ ਰਹੀ ਹੈ, ਜਿਸ ਨੂੰ ਸਨਰੂਫ ਵਾਲੀ ਸਿਲਵਰ ਐੱਸ.ਯੂ.ਵੀ. ਦੱਸਿਆ ਗਿਆ ਹੈ। ਗੋਲੀਬਾਰੀ ਤੋਂ ਕੁਝ ਮਿੰਟਾਂ ਬਾਅਦ, ਵੈਸਟ 59ਵੇਂ ਐਵੀਨਿਊ ਸੈਕਸਸਮਿਥ ਐਲੀਮੈਂਟਰੀ ਸਕੂਲ ਅਤੇ ਓਨਟਾਰੀਓ ਸਟਰੀਟ ਨੇੜੇ ਇਕ ਸੜੀ ਹੋਈ ਐੱਸ.ਯੂ.ਵੀ. ਮਿਲੀ।
ਹਾਲਾਂਕਿ ਜਾਂਚ ਅਜੇ ਸ਼ੁਰੂਆਤੀ ਪੜਾਅ ਵਿਚ ਹੈ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ ਸੜੀ ਹੋਈ ਗੱਡੀ ਜਾਨਲੇਵਾ ਗੋਲੀਬਾਰੀ ਨਾਲ ਜੁੜੀ ਹੋਈ ਹੈ। ਇਸ ਮਾਮਲੇ ’ਚ ਅਜੇ ਤੱਕ ਕੋਈ ਗਿ੍ਰਫ਼ਤਾਰੀ ਨਹੀਂ ਹੋਈ ਹੈ। ਵੀ.ਪੀ.ਡੀ. ਨੇ ਹਾਲੇ ਇਹ ਨਹੀਂ ਦੱਸਿਆ ਹੈ ਕੀ ਇਹ ਘਟਨਾ ਚੱਲ ਰਹੇ ਲੋਅਰ ਮੇਨਲੈਂਡ ਗੈਂਗ ਦੇ ਟਕਰਾਅ ਨਾਲ ਜੁੜੀ ਹੈ ਜਾਂ ਨਹੀਂ। ਹਾਲਾਂਕਿ ‘ਵੈਨਕੂਵਰ ਸਨ’ ਨੇ ਦੱਸਿਆ ਕਿ ਸਿੰਘ ਦੇ ਅਪਰਾਧਿਕ ਸੰਗਠਨਾਂ ਦੇ ਮੈਂਬਰਾਂ ਨਾਲ ਸੰਬੰਧ ਸਨ ਅਤੇ ਇਹ ਇਕ ਨਿਸ਼ਾਨਾ ਬਣਾ ਕੇ ਚਲਾਈ ਗਈ ਗੋਲੀ ਸੀ। ਜਾਂਚ ਕਰਤਾਵਾਂ ਨੇ ਵਧੇਰੇ ਜਾਣਕਾਰੀ ਲਈ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ। ਜਾਣਕਾਰੀ ਲਈ ਵੀ.ਪੀ.ਡੀ. ਹੋਮਿਸਾਈਡ ਯੂਨਿਟ 604-717-2500 ’ਤੇ ਪਹੁੰਚਿਆ ਜਾ ਸਕਦਾ ਹੈ। ਜਿਹੜੇ ਲੋਕ ਆਪਣਾ ਨਾਮ ਜ਼ਾਹਰ ਨਹੀਂ ਕਰਨਾ ਚਾਹੁੰਦੇ ਉਹ ਕ੍ਰਾਈਮ ਸਟਾਪਰਾਂ ਨਾਲ 1-800-222-8477 ’ਤੇ ਸੰਪਰਕ ਕਰ ਸਕਦੇ ਹਨ।

Share