ਦੱਖਣੀ ਮੈਕਸਿਕੋ ਵਿਚ ਗਾਮਾ ਤੂਫਾਨ ਕਾਰਨ 6 ਲੋਕਾਂ ਦੀ ਮੌਤ

587
ਮੈਕਸਿਕੋ,  6 ਅਕਤੂਬਰ (ਪੰਜਾਬ ਮੇਲ)- ਦੱਖਣੀ-ਪੱਛਮੀ ਮੈਕਸੀਕੋ ਵਿਖੇ ਤੂਫ਼ਾਨ ਗਾਮਾ ਕਾਰਨ 6 ਲੋਕਾਂ ਦੀ ਮੌਤ ਹੋ ਗਈ ਜਦਕਿ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਤੂਫ਼ਾਨ ਗਾਮਾ ਕਾਰਨ ਤੇਜ਼ ਹਵਾਵਾਂ ਨੇ ਤਬਾਸਕੋ ਅਤੇ ਚਿਆਪਾਸ ਸੂਬਿਆਂ ਵਿਚ ਜ਼ਿਆਦਾ ਨੁਕਸਾਨ ਕੀਤਾ ਹੈ। ਮੈਕਸੀਕੋ ਸਿਵਲ ਡਿਫੈਂਸ ਏਜੰਸੀ ਨੇ ਦੱਸਿਆ ਕਿ ਚਾਰ ਮੌਤਾਂ ਚਿਆਪਾਸ ਵਿਚ ਹੋਈਆਂ ਹਨ ਜਿਨ੍ਹਾਂ ਵਿਚ ਦੋ ਬੱਚੇ ਵੀ ਸ਼ਾਮਲ ਹਨ। ਇੱਥੇ ਢਿੱਗਾਂ ਡਿੱਗਣ ਕਾਰਨ ਇਨ੍ਹਾਂ ਲੋਕਾਂ ਦਾ ਮਕਾਨ ਮਿੱਟੀ ਹੇਠਾਂ ਦੱਬਿਆ ਗਿਆ ਸੀ। ਦੋ ਹੋਰ ਮੌਤਾਂ ਤਬਾਸਕੋ ਸ਼ਹਿਰ ਵਿਚ ਹੋਈਆਂ। ਤਬਾਸਕੋ ਵਿੱਚੋਂ 3,400 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਰਾਜ ਦੇ ਸੈਰ ਸਪਾਟਾ ਵਿਭਾਗ ਦੀ ਸੂਚਨਾ ਅਨੁਸਾਰ ਤੂਫ਼ਾਨ ਆਉਣ ਸਮੇਂ 41 ਹਜ਼ਾਰ ਸੈਲਾਨੀ ਇਸ ਇਲਾਕੇ ਵਿਚ ਮੌਜੂਦ ਸਨ।