ਸੈਕਰਾਮੈਂਟੋ 26 ਮਾਰਚ ( ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਦੱਖਣੀ ਡਕੋਤਾ ਦੇ ਗਰੈਂਡ ਗੇਟਵੇਅ ਹੋਟਲ ਉਪਰ ਦੋਸ਼ ਲਾਇਆ ਗਿਆ ਹੈ ਕਿ ਉਸ ਨੇ ਦੋ ਔਰਤਾਂ ਨੂੰ ਨਸਲੀ ਆਧਾਰ ਉਪਰ ਕਿਰਾਏ ‘ਤੇ ਕਮਰਾ ਦੇਣ ਤੋਂ ਨਾਂਹ ਕਰ ਦਿੱਤੀ। ਹੋਟਲ ਦੇ ਮਾਲਕ ਨੇ ਸਾਰੇ ‘ਨੇਟਿਵ ਅਮਰੀਕਨਾਂ’ ਉਪਰ ਹੋਟਲ ਵਿਚ ਦਾਖਲ ਹੋਣ ‘ਤੇ ਰੋਕ ਲਾ ਦੇਣ ਦੀ ਧਮਕੀ ਵੀ ਦਿੱਤੀ। ਪਟੀਸ਼ਨ ਮੂਲ ਵਾਸੀਆਂ ਦੇ ਮਨੁੱਖੀ ਹੱਕਾਂ ਬਾਰੇ ਗਰੁੱਪ ਐਨ ਡੀ ਐਨ ਕੋਲੈਕਟਿਵ ਤੇ ਪੀੜਤ ਔਰਤ ਸਨੀ ਰੈਡ ਬੀਅਰ ਵੱਲੋਂ ਦਾਇਰ ਕੀਤੀ ਗਈ ਹੈ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ”ਹੋਟਲ ਨੇ ਨਸਲੀ ਆਧਾਰ ‘ਤੇ ਵਿਤਕਰਾ ਕੀਤਾ ਹੈ। ਇਹ ਵਿਤਕਰਾ ਹੋਟਲ ਦੀ ਨੀਤੀ ਦਾ ਹਿੱਸਾ ਹੈ। ਹੋਟਲ ਜਾਣਬੁੱਝ ਕੇ ‘ਨੇਟਿਵ ਅਮਰੀਕਨਾਂ’ ਵਿਰੁੱਧ ਨਸਲੀ ਆਧਾਰ ‘ਤੇ ਪੱਖਪਾਤ ਕਰਦਾ ਹੈ।” ਪਟੀਸ਼ਨ ਦੱਖਣੀ ਡਕੋਤਾ ਦੀ ਪੱਛਮੀ ਡਵੀਜਨ ਵਿਚ ਯੂ ਐਸ ਡਿਸਟ੍ਰਿਕਟ ਕੋਰਟ ਵਿਚ ਦਾਇਰ ਕੀਤੀ ਗਈ ਹੈ।