ਦੱਖਣੀ ਗੋਆ ਦੇ ਸਾਓ ਜੈਸਿੰਟੋ ਟਾਪੂ ’ਚ ਤਿਰੰਗਾ ਲਹਿਰਾਉਣ ਗਈ ਭਾਰਤੀ ਜਲ ਸੈਨਾ ਨੂੰ ਕਰਨਾ ਪਿਆ ਲੋਕਾਂ ਦੇ ਵਿਰੋਧ ਦਾ ਸਾਹਮਣਾ

837
Share

ਪਣਜੀ, 14 ਅਗਸਤ (ਪੰਜਾਬ ਮੇਲ)- ਦੱਖਣੀ ਗੋਆ ਦੇ ਸਾਓ ਜੈਸਿੰਟੋ ਟਾਪੂ ’ਚ ਤਿਰੰਗਾ ਲਹਿਰਾਉਣ ਗਈ ਭਾਰਤੀ ਜਲ ਸੈਨਾ ਨੂੰ ਸਥਾਨਕ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਜਲ ਸੈਨਾ ਵੱਲੋਂ ਟਾਪੂ ਵਾਸੀਆਂ ਦੀਆਂ ‘ਗ਼ਲਤਫਹਿਮੀਆਂ’ ਦੂਰ ਕਰਨ ਮਗਰੋਂ ਅੱਜ ਝੰਡਾ ਲਹਿਰਾਇਆ ਗਿਆ। ਭਾਰਤੀ ਰੱਖਿਆ ਮੰਤਰਾਲੇ ਨੇ 75ਵੇਂ ਆਜ਼ਾਦੀ ਦਿਹਾੜੇ ਮੌਕੇ ਦੇਸ਼ ਦੇ ਵੱਖ-ਵੱਖ ਟਾਪੂਆਂ ’ਤੇ ‘ਆਜ਼ਾਦੀ ਕਾ ਅਮਿ੍ਰਤ ਮਾਹੋਤਸਵ’ ਤਹਿਤ 13 ਤੋਂ 15 ਅਗਸਤ ਤੱਕ ਕੌਮੀ ਝੰਡਾ ਲਹਿਰਾਉਣ ਦਾ ਪ੍ਰੋਗਰਾਮ ਉਲੀਕਿਆ ਸੀ। ਜਲ ਸੈਨਾ ਦੇ ਸੂਬੇ ’ਚ ਡਾਬੋਲਿਮ ਵਿਚ ਆਈ.ਐੱਨ.ਐੱਸ. ਹੰਸਾ ਬੇਸ ਦੇ ਤਰਜਮਾਨ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਗੋਆ ਜਲ ਖੇਤਰ ਦੀ ਇੱਕ ਟੀਮ ਟਾਪੂਆਂ ’ਤੇ ਝੰਡਾ ਚੜ੍ਹਾਉਣ ਗਈ ਸੀ। ਜਦੋਂ ਉਹ 13 ਅਗਸਤ ਨੂੰ ਸਾਓ ਜੈਸਿੰਟੋ ਟਾਪੂ ’ਤੇ ਪਹੁੰਚੇ, ਤਾਂ ਸਥਾਨਕ ਲੋਕਾਂ ਨੇ ਵਿਰੋਧ ਕੀਤਾ, ਜਿਸ ਕਾਰਨ ਝੰਡਾ ਲਹਿਰਾਉਣ ਦੀ ਰਸਮ ਰੱਦ ਕਰਨੀ ਪਈ। ਸਥਾਨਕ ਲੋਕਾਂ ਨੇ ਸਪੱਸ਼ਟ ਕੀਤਾ ਕਿ ਉਹ ਰਾਸ਼ਟਰੀ ਝੰਡਾ ਲਹਿਰਾਉਣ ਦੇ ਖ਼ਿਲਾਫ਼ ਨਹੀਂ ਹਨ। ਉਨ੍ਹਾਂ ਨੂੰ ਡਰ ਹੈ ਕਿ ਜਲ ਸੈਨਾ ਦਾ ਇਹ ਪ੍ਰੋਗਰਾਮ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਪ੍ਰਮੁੱਖ ਬੰਦਰਗਾਹ ਅਧਿਕਾਰ ਬਿੱਲ-2020 ਤਹਿਤ ਇਸ ਟਾਪੂ ’ਤੇ ਕਬਜ਼ਾ ਕਰਨ ਦੀ ਸ਼ੁਰੂਆਤ ਹੈ।

Share