-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ : 916-320-9444
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਕਾਰਜਕਾਲ ਦੌਰਾਨ ਜਿੱਥੇ ਇੰਮੀਗ੍ਰੇਸ਼ਨ ਨੀਤੀਆਂ ’ਤੇ ਸਖਤੀ ਕੀਤੀ ਸੀ, ਉਥੇ ਅੰਤਰਰਾਸ਼ਟਰੀ ਮੇਲ-ਮਿਲਾਪ ਤੋਂ ਵੀ ਦੂਰੀ ਬਣਾਈ ਰੱਖੀ। ਟਰੰਪ ਦੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਇੰਮੀਗ੍ਰੇਸ਼ਨ ਨੀਤੀਆਂ ਨੂੰ ਪੂਰਾ ਦਬਾਅ ਕੇ ਰੱਖਿਆ ਸੀ। ਉਨ੍ਹਾਂ ਨੀਤੀਆਂ ਕਰਕੇ ਲੱਖਾਂ ਲੋਕ ਆਪਣੇ ਆਪ ਨੂੰ ਨਿਹੱਥਾ ਸਮਝਣ ਲੱਗ ਪਏ ਸਨ। ਪਰ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣਾ ਰਾਜਭਾਗ ਸੰਭਾਲਣ ਤੋਂ ਪਹਿਲਾਂ ਹੀ ਅਮਰੀਕੀ ਇੰਮੀਗ੍ਰੇਸ਼ਨ ਨੀਤੀਆਂ ਨੂੰ ਸੁਖਾਲਾ ਕਰਨ ਦਾ ਪ੍ਰਣ ਲਿਆ ਸੀ। ਆਪਦਾ ਅਹੁਦਾ ਸੰਭਾਲਦਿਆਂ ਹੀ ਉਨ੍ਹਾਂ ਨੇ ਪਹਿਲੇ ਦਿਨ ਹੀ ਟਰੰਪ ਪ੍ਰਸ਼ਾਸਨ ਸਮੇਂ ਲਾਗੂ ਕੀਤੀਆਂ ਬਹੁਤ ਸਾਰੀਆਂ ਇੰਮੀਗ੍ਰੇਸ਼ਨ ਨੀਤੀਆਂ ਨੂੰ ਰੱਦ ਕਰ ਦਿੱਤਾ ਸੀ। ਆਪਣੇ ਵਾਅਦੇ ਮੁਤਾਬਕ ਜੋਅ ਬਾਇਡਨ ਵੱਲੋਂ ਹੁਣ ਤੱਕ ਜਿਹੜੇ ਫੈਸਲੇ ਲਏ ਗਏ ਹਨ, ਉਨ੍ਹਾਂ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਬਾਇਡਨ ਨੇ ਆਉਦੇ ਸਾਰ ਮੈਕਸੀਕੋ ਦੇ ਬਾਰਡਰ ’ਤੇ ਫਸੇ 27 ਹਜ਼ਾਰ ਦੇ ਕਰੀਬ ਲੋਕਾਂ ਨੂੰ ਅਮਰੀਕਾ ਆਉਣ ਦੀ ਖੁੱਲ੍ਹ ਦੇ ਦਿੱਤੀ। ਇੰਮੀਗ੍ਰੇਸ਼ਨ ਸੰਬੰਧੀ ਸਿਟੀਜ਼ਨ-2021 ਬਿੱਲ ਪ੍ਰਤੀਨਿੱਧ ਸਭਾ ਵਿਚ ਪੇਸ਼ ਕੀਤਾ ਜਾ ਚੁੱਕਾ ਹੈ। ਇਸ ਨਾਲ ਅਮਰੀਕਾ ਦੀ ਇੰਮੀਗ੍ਰੇਸ਼ਨ ਨੀਤੀਆਂ ਨੂੰ ਵੱਡਾ ਹੁਲਾਰਾ ਮਿਲੇਗਾ। ਇਸ ਬਿੱਲ ਦੇ ਪੇਸ਼ ਹੋਣ ਕਰਕੇ ਲੱਖਾਂ ਪਰਿਵਾਰਾਂ ਨੂੰ ਫਾਇਦਾ ਹੋਣ ਵਾਲਾ ਹੈ। ਇਸ ਦੇ ਨਾਲ-ਨਾਲ ਇਥੇ ਗੈਰ ਕਾਨੂੰਨੀ ਰਹਿ ਰਹੇ ਲੋਕ ਵੀ ਹੁਣ ਉਤਸ਼ਾਹ ਵਿਚ ਨਜ਼ਰ ਆ ਰਹੇ ਹਨ। ਜੋਅ ਬਾਇਡਨ ਨੇ ਜ਼ਮੀਨੀ ਹਕੀਕਤ ਨੂੰ ਸਮਝਦਿਆਂ ਹੋਇਆਂ ਆਮ ਲੋਕਾਂ ਨੂੰ ਰਾਹਤ ਦਿੱਤੀ ਹੈ।
ਮੈਕਸੀਕੋ ਦੇ ਨਾਲ ਲੱਗਦੀ ਸਰਹੱਦ ਗੈਰ ਕਾਨੂੰਨੀ ਢੰਗ ਨਾਲ ਟੱਪ ਕੇ ਇਕੱਲੇ ਅਮਰੀਕਾ ਵਿਚ ਦਾਖਲ ਹੋਣ ਵਾਲੇ ਵੱਡੀ ਗਿਣਤੀ ਪ੍ਰਵਾਸੀ ਬੱਚਿਆਂ ਦੇ ਪ੍ਰਬੰਧਨ ਅਤੇ ਉਨ੍ਹਾਂ ਦੀ ਦੇਖਰੇਖ ਕਰਨ ਲਈ ਬਾਇਡਨ ਪ੍ਰਸ਼ਾਸਨ ਹੁਣ ਸੰਘੀ ਐਮਰਜੈਂਸੀ ਏਜੰਸੀ ਦੀ ਮਦਦ ਲਏਗਾ। ਸਰਕਾਰੀ ਅੰਕੜਿਆਂ ਅਨੁਸਾਰ ਇਹ ਸੰਕਟ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਕਿਉਕਿ ਹਰ ਰੋਜ਼ ਮੈਕਸੀਕੋ ਵੱਲੋਂ ਸੈਂਕੜੇ ਬੱਚੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੁੰਦੇ ਹਨ ਅਤੇ ਹਿਰਾਸਤ ਵਿਚ ਲਏ ਜਾਂਦੇ ਹਨ। ਜੋਅ ਬਾਇਡਨ ਦੇ ਨਿਰਦੇਸ਼ ਅਨੁਸਾਰ ਅਮਰੀਕਾ ਦੇ ਅੰਦਰੂਨੀ ਸੁਰੱਖਿਆ ਵਿਭਾਗ ਵੱਲੋਂ ਅਜਿਹੇ ਇਕੱਲੇ ਨਾਬਾਲਿਗ ਬੱਚਿਆਂ ਨੂੰ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਨੂੰ ਭੇਜਣ ਦੀ ਪ੍ਰਕਿਰਿਆ ਆਰੰਭ ਦਿੱਤੀ ਹੈ, ਤਾਂ ਜੋ ਉਨ੍ਹਾਂ ਨੂੰ ਪਹਿਲਾਂ ਤੋਂ ਅਮਰੀਕਾ ਵਿਚ ਰਹਿ ਰਹੇ ਉਨ੍ਹਾਂ ਦੇ ਮਾਪਿਆਂ ਨਾਲ ਰੱਖਿਆ ਜਾ ਸਕੇ। ਇਸ ਦੇ ਨਾਲ ਹੀ ਜੋਅ ਬਾਇਡਨ ਨੇ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਉਹ ਪਿਛਲੇ ਟਰੰਪ ਪ੍ਰਸ਼ਾਸਨ ਦੁਆਰਾ ਜਾਰੀ ਕੀਤੇ ਗਏ 3 ਨੀਤੀਗਤ ਸਰਕੂਲਰਾਂ ’ਤੇ ਮੁੜ ਵਿਚਾਰ ਕਰੇ, ਜੋ ਕਿ ਐੱਚ-1ਬੀ ਵਰਗੇ ਵਿਦੇਸ਼ੀ ਕਾਮਿਆਂ ਦੇ ਵੀਜ਼ਿਆਂ ’ਤੇ ਇਤਰਾਜ਼ਾਂ ਬਾਰੇ ਹੈ। ਤਿੰਨੇ ਨੀਤੀਗਤ ਸਰਕੂਲਰ ਵਾਪਸ ਲੈ ਲਏ ਗਏ ਹਨ। ਇਸ ਨਾਲ ਵੱਡੀ ਗਿਣਤੀ ਭਾਰਤੀ ਆਈ.ਟੀ. ਪੇਸ਼ੇਵਰਾਂ ਨੂੰ ਰਾਹਤ ਮਿਲੇਗੀ।
ਜੋਅ ਬਾਇਡਨ ਨੇ ਏਸ਼ੀਆਈ ਮੂਲ ਦੇ ਅਮਰੀਕੀਆਂ ਖਿਲਾਫ ਵਧਦੀ ਹਿੰਸਾ ਤੇ ਨਫਰਤੀ ਹਮਲਿਆਂ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਮਹਾਂਮਾਰੀ ਦਰਮਿਆਨ ਹੋਏ ਹਮਲੇ ਅਮਰੀਕੀ ਸਿਧਾਂਤਾਂ ਦੇ ਖਿਲਾਫ ਹਨ। ਇਹ ਸਾਬਤ ਕਰਦਾ ਹੈ ਕਿ ਜੋਅ ਬਾਇਡਨ ਸਮੁੱਚੇ ਅਮਰੀਕੀ ਸਮਾਜ ਨੂੰ ਇਕ ਨਜ਼ਰ ਨਾਲ ਦੇਖਦਾ ਹੈ। ਉਸ ਦਾ ਮੰਨਣਾ ਹੈ ਕਿ ਸਮੂਹ ਨਾਗਰਿਕਾਂ ਨੂੰ ਇਕੋ ਜਿਹੇ ਅਧਿਕਾਰ ਮਿਲਣੇ ਚਾਹੀਦੇ ਹਨ।¿;
ਜੋਅ ਬਾਇਡਨ ਵੱਲੋਂ ਪਿਛਲੀ ਟਰੰਪ ਸਰਕਾਰ ਵੱਲੋਂ ਬਣਾਏ ਅਵਾਸ ਨਿਯਮਾਂ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਨਾ ਦੇਣ ਦੀ ਯੋਜਨਾ ਹੈ। ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਬਣਾਏ ਅਵਾਸ ਨਿਯਮ ਵਿਚ ਅਜਿਹੇ ਪ੍ਰਵਾਸੀ, ਜੋ ਫੂਡ ਸਟੈਂਪਸ ਜਿਹੇ ਲਾਭ ਲੈਂਦੇ ਸਨ, ਨੂੰ ਗਰੀਨ ਕਾਰਡ ਅਤੇ ਸਿਟੀਜ਼ਨਸ਼ਿਪ ਨਾ ਦੇਣ ’ਤੇ ਸਖ਼ਤੀ ਨਾਲ ਸਿੱਜਣ ਦੀ ਗੱਲ ਆਖੀ ਸੀ। ਇਸੇ ਤਰ੍ਹਾਂ ਜਿਹੜੇ ਲੋਕ ਕੋਈ ਵੀ ਸਰਕਾਰੀ ਸਹੂਲਤਾਂ ਲੈਂਦੇ ਸਨ, ਉਨ੍ਹਾਂ ਨੂੰ ਇੰਮੀਗ੍ਰੇਸ਼ਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਜੋਅ ਬਾਇਡਨ ਨਰਮ ਰੁਖ਼ ਅਖਤਿਆਰ ਕਰਦਿਆਂ ਪੁਰਾਣੇ ਸਾਰੇ ਨਿਯਮ ਖਾਰਜ ਕਰ ਦਿੱਤੇ ਹਨ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਇੰਮੀਗ੍ਰੇਸ਼ਨ ਨੀਤੀਆਂ ਨੂੰ ਬਹੁਤ ਹੀ ਆਸਾਨ ਕਰ ਦਿੱਤਾ ਹੈ, ਜਿਸ ਕਰਕੇ ਆਮ ਲੋਕਾਂ ਵਿਚ ਰਾਹਤ ਪਾਈ ਜਾ ਰਹੀ ਹੈ।
ਜੇ ਗੱਲ ਕਰੀਏ ਵਿਦੇਸ਼ ਨੀਤੀ ਬਾਰੇ, ਤਾਂ ਜੋ ਬਾਇਡਨ ਨੇ ਥੋੜ੍ਹੇ ਸਮੇਂ ਵਿਚ ਹੀ ਅਮਰੀਕਾ ਦੀ ਸ਼ਾਖ ਨੂੰ ਪਹਿਲੇ ਪੱਧਰ ’ਤੇ ਲਿਆਉਣ ਵਿਚ ਫਿਰ ਤੋਂ ਮੁਹਾਰਤ ਹਾਸਲ ਕਰ ਲਈ ਹੈ। ਪਿਛਲੇ ਦਿਨੀਂ ਕਵਾਡ ਦੇਸ਼ਾਂ ਦੇ ਮੁਖੀਆਂ ਦੀ ਪਹਿਲੀ ਵਰਚੂਅਲ ਬੈਠਕ ਵਿਚ ਜੋਅ ਬਾਇਡਨ ਨੇ ਆਸਟ੍ਰੇਲੀਆ, ਭਾਰਤ ਅਤੇ ਜਾਪਾਨ ਦੇਸ਼ਾਂ ਦੇ ਮੁਖੀਆਂ ਨਾਲ ਬੜੇ ਅਹਿਮ ਫੈਸਲੇ ਲਏ ਹਨ। ਇਹ ਮੁਲਾਕਾਤਾਂ ਬੜੇ ਸਾਕਾਰਾਤਮਕ ਮਾਹੌਲ ਵਿਚ ਹੋਈਆਂ ਅਤੇ ਇਸ ਵਿਚ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਬੈਠਕ ਵਿਚ ਦੱਖਣੀ ਅਤੇ ਪੂਰਬੀ ਚੀਨ ਸਾਗਰ ਵਿਚ ਜਹਾਜ਼ਾਂ ਦੀ ਆਵਾਜਾਈ ਦੀ ਆਜ਼ਾਦੀ, ਉੱਤਰੀ ਕੋਰੀਆ ਨਾਲ ਜੁੜੇ ਪ੍ਰਮਾਣੂ ਮੁੱਦੇ, ਮਿਆਂਮਾਰ ’ਚ ਤਖਤ ਪਲਟ ਅਤੇ ਪ੍ਰਦਰਸ਼ਨਕਾਰੀਆਂ ਖਿਲਾਫ ਕਾਰਵਾਈ ਸਮੇਤ ਮਹੱਤਵਪੂਰਨ ਮੁੱਦਿਆਂ ’ਤੇ ਚਰਚਾ ਹੋਈ।
ਦੁਨੀਆਂ ਭਰ ਵਿਚ ਚੱਲ ਰਹੇ ਕਰੋਨਾ ਮਹਾਂਮਾਰੀ ਨੂੰ ਰਾਸ਼ਟਰਪਤੀ ਜੋਅ ਬਾਇਡਨ ਨੇ ਬੜੇ ਸਲੀਕੇ ਨਾਲ ਕਾਬੂ ’ਚ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਨੇ ਆਪਣੇ ਕਾਰਜਕਾਲ ਦੌਰਾਨ ਪਹਿਲੇ 100 ਦਿਨਾਂ ’ਚ 10 ਕਰੋੜ ਲੋਕਾਂ ਦੇ ਟੀਕਾਕਰਣ ਦਾ ਟੀਚਾ ਰੱਖਿਆ ਸੀ। ਪਰ ਇਹ ਟੀਚਾ 60 ਦਿਨਾਂ ’ਚ ਹੀ ਪੂਰਾ ਕਰ ਲਿਆ ਗਿਆ ਹੈ, ਜੋ ਕਿ ਇਕ ਬਹੁਤ ਵੱਡੀ ਪ੍ਰਾਪਤੀ ਹੈ। ਹੁਣ ਜੋਅ ਬਾਇਡਨ ਨੇ ਐਲਾਨ ਕੀਤਾ ਹੈ ਕਿ ਮਈ ਤੱਕ ਸਾਰੇ ਨੌਜਵਾਨਾਂ ਨੂੰ ਵੀ ਟੀਕਾ ਲਗਾਉਣ ਦੀ ਇਜਾਜ਼ਤ ਮਿਲ ਜਾਵੇਗੀ ਤੇ ਉਮੀਦ ਕੀਤੀ ਜਾਂਦੀ ਹੈ ਕਿ ਅਮਰੀਕਾ ਦੀ ਆਜ਼ਾਦੀ ਦਾ ਦਿਹਾੜਾ 4 ਜੁਲਾਈ ਨੂੰ ਪਹਿਲਾਂ ਵਾਂਗ ਹੀ ਮਨਾਇਆ ਜਾ ਸਕੇਗਾ। ਉਨ੍ਹਾਂ ਉਮੀਦ ਜਤਾਈ ਹੈ ਕਿ ਉਸ ਸਮੇਂ ਤੱਕ ਅਮਰੀਕਾ ਵਿਚ ਹਾਲਤ ਆਮ ਵਰਗੇ ਹੋ ਸਕਦੇ ਹਨ।
ਰਾਸ਼ਟਰਪਤੀ ਜੋਅ ਬਾਇਡਨ ਦੇ ਕਾਰਜਕਾਲ ਦਾ ਸਮਾਂ ਹਾਲੇ 2 ਮਹੀਨੇ ਦਾ ਹੀ ਹੋਇਆ ਹੈ ਅਤੇ ਉਨ੍ਹਾਂ ਦੇ ਕਾਰਜਕਾਲ ਦਾ ਲੰਬਾ ਸਮਾਂ ਬਾਕੀ ਹੈ। ਉਮੀਦ ਕੀਤੀ ਜਾਂਦੀ ਹੈ ਕਿ ਅਮਰੀਕੀ ਫਿਰ ਤੋਂ ਆਪਣੇ ਪੈਰਾਂ ’ਤੇ ਖੜ੍ਹਾ ਹੋ ਜਾਵੇਗਾ।