ਦੋ ਇਤਿਹਾਸਕ ਗੁਰਦੁਆਰਿਆਂ ਦੀਆਂ ਜ਼ਮੀਨਾਂ ‘ਚ ਜੰਗਲ ਲਾਉਣ ਦਾ ਉਦਘਾਟਨ

990
Share

ਰੱਤੋਕੇ, ਝਬਾਲ, 12 ਜੂਨ (ਪੰਜਾਬ ਮੇਲ)- ਜ਼ਿਲ੍ਹਾ ਤਰਨਤਾਰਨ ‘ਚ ਪੈਂਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਤ 2 ਇਤਿਹਾਸਕ ਗੁਰਦੁਆਰਿਆਂ, ਗੁਰਦੁਆਰਾ ਬਾਬਾ ਬੀਰ ਸਿੰਘ ਰੱਤੋਕੇ ਅਤੇ ਗੁਰਦੁਆਰਾ ਬੀੜ ਬਾਬਾ ਬੁੱਢਾ ਜੀ (ਨੇੜੇ ਝਬਾਲ) ਨਾਲ ਸੰਬੰਧਤ 2 ਏਕੜ ਜ਼ਮੀਨ ‘ਚ ਅੱਜ ਕਾਰ ਸੇਵਾ ਖਡੂਰ ਸਾਹਿਬ ਵਲੋਂ ਦਰੱਖਤ ਲਗਾਉਣ ਦਾ ਕਾਰਜ ਆਰੰਭ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸ ਸੰਸਥਾ ਨਾਲ ਸੰਬੰਧਤ 80 ਇਤਿਹਾਸਕ ਅਸਥਾਨਾਂ ਵਿਖੇ ਮੌਜੂਦ ਜ਼ਮੀਨਾਂ ‘ਚ 1-1 ਏਕੜ ਜੰਗਲ ਲਗਾਉਣ ਲਈ ਕਾਰ ਸੇਵਾ ਖਡੂਰ ਨਾਲ ਅਹਿਦ ਕੀਤਾ ਗਿਆ ਹੈ।
ਅੱਜ ਦੁਪਹਿਰ ਤੋਂ ਪਹਿਲਾਂ ਕਾਰ ਸੇਵਾ ਖਡੂਰ ਸਾਹਿਬ ਦੇ ਆਗੂਆਂ ਬਾਬਾ ਸੇਵਾ ਸਿੰਘ ਜੀ, ਬਾਬਾ ਗੁਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਮੁੱਖ ਸਕੱਤਰ ਡਾ. ਰੂਪ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਸ. ਰਾਜਿੰਦਰ ਸਿੰਘ ਮਹਿਤਾ ਦੀ ਅਗਵਾਈ ‘ਚ ਸੰਗਤ ਨੇ ਪਹਿਲਾਂ ਗੁਰਦੁਆਰਾ ਬਾਬਾ ਬੀਰ ਸਿੰਘ ਰੱਤੋਕੇ ਵਿਖੇ ਅਤੇ ਬਾਅਦ ‘ਚ ਗੁਰਦੁਆਰਾ ਬੀੜ ਬਾਬਾ ਬੁੱਢਾ ਜੀ ਨਾਲ ਸੰਬੰਧਤ ਇਕ-ਇਕ ਏਕੜ ‘ਚ ਜੰਗਲ ਲਗਾਉਣ ਦੇ ਕਾਰਜ ਦਾ ਸ਼ੁੱਭ ਆਰੰਭ ਕੀਤਾ। ਗੁਰਦੁਆਰਾ ਬਾਬਾ ਬੀਰ ਸਿੰਘ ਰੱਤੋਕੇ ਵਿਖੇ ਇਹ ਆਰੰਭਤਾ ਨਿੰਮ, ਬੋਹੜ ਅਤੇ ਪਿੱਪਲ ‘ਤੇ ਆਧਾਰਿਤ ਤ੍ਰਵੈਣੀ ਲਗਾ ਕੇ ਕੀਤੀ ਗਈ। ਜਦਕਿ ਗੁਰਦੁਆਰਾ ਬੀੜ ਬਾਬਾ ਬੁੱਢਾ ਜੀ ਵਿਖੇ ਇਹ ਸ਼ੁਰੂਆਤ ਹਰੜ, ਬਹੇੜਾ ਅਤੇ ਆਂਵਲਾ ‘ਤੇ ਆਧਾਰਿਤ ਤ੍ਰਿਫਲਾ ਲਗਾ ਕੇ ਕੀਤੀ ਗਈ।
ਇਥੇ ਇਹ ਜ਼ਿਕਰ ਕਰਨਾ ਵੀ ਯੋਗ ਹੋਵੇਗਾ ਕਿ ਕਾਰਸੇਵਾ ਖਡੂਰ ਸਾਹਿਬ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜਾਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 550 ਜੰਗਲ ਲਾਉਣ ਦਾ ਅਹਿਦ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸੰਸਥਾ ਵਲੋਂ ਵੱਖ-ਵੱਖ ਪਿੰਡਾਂ ਵਿਚ ਅਤੇ ਵੱਖ-ਵੱਖ ਰਕਬੇ ਦੇ 41 ਜੰਗਲ ਲਗਾਏ ਜਾ ਚੁੱਕੇ ਹਨ।


Share