ਦੋਹਾ ਕਤਰ ਤੋਂ ਆਏ ਵਿਅਕਤੀ ਦੀ ਸ਼ੱਕੀ ਹਾਲਾਤ ‘ਚ ਮੌਤ!

775

‘ਕੋਰੋਨਾ’ ਟੈਸਟ ਨਾ ਹੋਣ ਕਾਰਨ ਲੋਕਾਂ ‘ਚ ਫੈਲੀ ਦਹਿਸ਼ਤ
ਮਲਸੀਆਂ, 26 ਅਪ੍ਰੈਲ (ਪੰਜਾਬ ਮੇਲ)- ਸਥਾਨਕ ਡਬਰੀ ਰੋਡ ਵਿਖੇ ਨੀਵੀਆਂ ਕਾਲੋਨੀਆਂ ‘ਚ ਇਕ ਵਿਦੇਸ਼ ਤੋਂ ਆਏ ਵਿਅਕਤੀ ਦੀ ਮੌਤ ਹੋਣ ਕਾਰਨ ਕਸਬੇ ‘ਚ ਦਹਿਸ਼ਤ ਫੈਲ ਗਈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਚਰਨਜੀਤ ਸਿੰਘ (52) ਪੁੱਤਰ ਲਾਲ ਚੰਦ ਵਾਸੀ ਨੀਵੀਆਂ ਕਾਲੋਨੀਆਂ ਮਲਸੀਆਂ 13 ਮਾਰਚ ਨੂੰ ਦੋਹਾ ਕਤਰ ਤੋਂ ਆਇਆ ਸੀ। ਸਿਹਤ ਵਿਭਾਗ ਵੱਲੋਂ ਉਸ ਦੇ ਘਰ 29 ਮਾਰਚ ਤੱਕ ਲਈ ਇਕਾਂਤਵਾਸ ਦਾ ਸਟਿਕਰ ਵੀ ਲਾਇਆ ਸੀ ਪਰ ਸ਼ੁੱਕਰਵਾਰ ਸ਼ਾਮ ਨੂੰ ਜਦ ਚਰਨਜੀਤ ਸਿੰਘ ਆਪਣੇ ਪਾਲਤੂ ਕੁੱਤੇ ਨੂੰ ਬਾਹਰ ਸੜਕ ‘ਤੇ ਘੁੰਮਾ ਰਿਹਾ ਸੀ ਤਾਂ ਅਚਾਨਕ ਉਹ ਸੜਕ ਦੇ ਕਿਨਾਰੇ ਡਿੱਗ ਪਿਆ।
ਉਸ ਨੂੰ ਤੁਰੰਤ ਸ਼ਾਹਕੋਟ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਕਿ ਉਸ ਨੂੰ ਮ੍ਰਿਤਕ ਐਲਾਣ ਦਿੱਤਾ ਗਿਆ। ਸ਼ਨੀਵਾਰ 9 ਵਜੇ ਸਵੇਰੇ ਮ੍ਰਿਤਕ ਦਾ ਸਸਕਾਰ ਕਰ ਦਿੱਤਾ ਗਿਆ, ਜਿਸ ਦੌਰਾਨ ਕਰੀਬ 35 ਲੋਕ ਮ੍ਰਿਤਕ ਦੇ ਸਸਕਾਰ ‘ਚ ਸ਼ਾਮਲ ਹੋਏ। ਆਮ ਲੋਕਾਂ ਦਾ ਕਹਿਣਾ ਸੀ ਕਿ ਮ੍ਰਿਤਕ ਦਾ ਕੋਰੋਨਾ ਟੈਸਟ ਜ਼ਰੂਰ ਹੋਣਾ ਚਾਹੀਦਾ ਸੀ, ਕਿਉਂਕਿ ਉਹ ਵਿਦੇਸ਼ ‘ਚੋਂ ਆਇਆ ਸੀ। ਲੋਕਾਂ ਨੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਵੀ ਕੋਰੋਨਾ ਟੈਸਟ ਦੀ ਮੰਗ ਕੀਤੀ ਹੈ। ਇਥੇ ਇਹ ਵੀ ਵਰਣਨਯੋਗ ਹੈ ਕਿ ਇਥੋਂ ਦੇ ਨਜਦੀਕੀ ਪਿੰਡ ਕੋਟਲਾ ਹੇਰਾਂ ਵਿਖੇ ਇਕ ਔਰਤ ਕੁਲਜੀਤ ਕੌਰ ਦੀ ਮੌਤ ਉਪਰੰਤ ਕਰੋਨਾ ਟੈਸਟ ਪਾਜ਼ੀਟਿਵ ਆਇਆ ਸੀ ਅਤੇ ਉਸ ਤੋਂ ਬਾਅਦ ਉਸ ਦੇ ਪਤੀ ਮਲਕੀਤ ਸਿੰਘ ਦਾ ਟੈਸਟ ਵੀ ਪਾਜ਼ੀਟਿਵ ਆਇਆ ਸੀ, ਜਿਸ ਨੂੰ ਕਿ ਕੋਰੋਨਾ ਵਾਇਰਸ ਦਾ ਕੋਈ ਲੱਛਣ ਨਹੀਂ ਸੀ।
ਦੂਜੇ ਪਾਸੇ ਐੱਸ.ਐੱਮ.ਓ. ਸ਼ਾਹਕੋਟ ਡਾ. ਅਮਰਦੀਪ ਸਿੰਘ ਦੁੱਗਲ ਨੇ ਕਿਹਾ ਕਿ ਮ੍ਰਿਤਕ 13 ਮਾਰਚ ਨੂੰ ਦੋਹਾ ਕੱਤਰ ਤੋਂ ਆਇਆ ਸੀ ਅਤੇ ਉਹ ਬਿਲਕੁਲ ਨਾਰਮਲ ਸੀ। ਉਸ ‘ਚ ਕੋਰੋਨਾ ਵਾਇਰਸ ਦਾ ਕੋਈ ਵੀ ਲੱਛਣ ਨਹੀਂ ਸੀ। ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ। ਇਸ ਲਈ ਉਸ ਦਾ ਕੋਰੋਨਾ ਟੈਸਟ ਨਹੀਂ ਕਰਵਾਇਆ ਗਿਆ।